18 ਅਕਤੂਬਰ ਰਾਤ 4 ਵਜੇ ਦੀ ਹੈ ਇਹ ਵੀਡਿਓ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਹਿਲੀ ਵਾਰ ਆਫਤਾਬ ਦੀ ਇੱਕ ਰਾਤ ਦੀ ਵੀਡੀਓ ਸਾਹਮਣੇ ਆਈ ਹੈ। ਇਹ ਸੀਸੀਟੀਵੀ ਫੁਟੇਜ 18 ਅਕਤੂਬਰ ਰਾਤ 4 ਵਜੇ ਦੀ ਹੈ। ਕਰੀਬ 21 ਸੈਕਿੰਡ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਫਤਾਬ ਆਪਣੀ ਪਿੱਠ ‘ਤੇ ਬੈਗ ਲੈ ਕੇ ਜਾ ਰਿਹਾ ਹੈ। ਅਤੇ ਉਸਦੇ ਹੱਥ ਵਿੱਚ ਇੱਕ ਡੱਬਾ ਹੈ। ਡੱਬੇ ਵਿੱਚ ਕੀ ਹੈ, ਇਹ ਕਿਹਾ ਨਹੀਂ ਜਾ ਸਕਦਾ। ਪਰ ਡੱਬਾ ਪੈਕਿੰਗ ਵਾਲਾ ਦਿਖਾਈ ਦੇ ਰਹੀ ਹੈ। ਵੀਡਿਓ ਕਲਿੱਪ ‘ਚ ਦੇਖਿਆ ਜਾ ਰਿਹਾ ਹੈ ਕਿ ਉਸ ਰਾਤ ਆਫਤਾਬ ਨੇ ਤਿੰਨ ਚੱਕਰ ਲਗਾਏ ਸਨ।
ਇਹ ਵੀਡਿਓ ਸਾਹਮਣੇ ਆਉਣ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਸ਼ਰਧਾ ਦੀ ਲਾਸ਼ ਦੇ ਟੁਕੜੇ ਲੁਕਾਉਣ ਜਾ ਰਿਹਾ ਹੈ । ਹਾਲਾਂਕਿ ਇਹ ਸੁਪੱਸ਼ਟ ਨਹੀਂ ਹੈ। ਅਫਤਾਬ ਨੇ 18 ਮਈ ਨੂੰ ਹੋਏ ਕਤਲ ਤੋਂ ਬਾਅਦ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਕੱਟੀ ਹੋਈ ਲਾਸ਼ ਨੂੰ 5 ਜੂਨ ਤੱਕ ਆਪਣੇ ਕੋਲ ਰੱਖਿਆ ਸੀ। ਇਸ ਸੀ.ਸੀ.ਟੀ.ਵੀ. ਫੁਟੇਜ ‘ਚ ਨਜ਼ਰ ਆ ਰਹੀ ਆਫਤਾਬ ਦੀ ਤਸਵੀਰ ਸਵੇਰੇ ਕਰੀਬ 4 ਵਜੇ ਦੀ ਹੈ ਅਤੇ ਆਮ ਤੌਰ ‘ਤੇ ਅਜਿਹੇ ਸਮੇਂ ‘ਚ ਘਰੋਂ ਬਾਹਰ ਨਿਕਲਣ ਦਾ ਕੋਈ ਕਾਰਨ ਨਹੀਂ ਹੁੰਦਾ। ਉਹ ਵੀ ਉਦੋਂ ਜਦੋਂ ਉਹ ਕਾਲ ਸੈਂਟਰ ਦੀ ਨੌਕਰੀ ਦਾ ਕੰਮ ਘਰੋਂ ਕਰ ਰਿਹਾ ਹੋਵੇ।
ਦੂਜੇ ਪਾਸੇ ਦਿੱਲੀ ਪੁਲਿਸ ਨੇ ਮਹਿਰੌਲੀ ਦੇ ਫਲੈਟ ਤੋਂ ਸਾਰੇ ਕੱਪੜੇ ਜ਼ਬਤ ਕਰ ਲਏ ਹਨ। ਇਨ੍ਹਾਂ ‘ਚ ਸ਼ਰਧਾ ਦੇ ਕੱਪੜੇ ਵੀ ਸ਼ਾਮਲ ਹਨ। ਇਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਦੋਵਾਂ ਦੇ ਪਹਿਨੇ ਹੋਏ ਕੱਪੜੇ ਅਜੇ ਤੱਕ ਨਹੀਂ ਮਿਲੇ ਹਨ। ਦਿੱਲੀ ਦੇ ਸ਼ਰਧਾ ਵਾਕਰ ਕਤਲ ਕਾਂਡ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਕਤਲ ਦੇ ਦੋਸ਼ੀ ਆਫਤਾਬ ਦੀ ਬੇਰਹਿਮੀ ਅਤੇ ਡਰਾਉਣੇ ਚਿਹਰੇ ਦੀ ਕਹਾਣੀ ਵੀ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਆਫਤਾਬ ਲਗਾਤਾਰ 18 ਦਿਨ ਉਸੇ ਕਮਰੇ ‘ਚ ਸੌਂਦਾ ਰਿਹਾ, ਜਿੱਥੇ ਸ਼ਰਧਾ ਦੀ ਲਾਸ਼ ਦੇ ਟੁੱਕੜੇ ਫਰਿੱਜ ‘ਚ ਰੱਖੇ ਗਏ ਸਨ।
ਕੇਸ ਨਾਲ ਸਬੰਧਿਤ 11 ਅਹਿਮ ਸਬੂਤ ਤੇ ਗਵਾਹ ਮਿਲੇ
ਆਫਤਾਬ ਅਜੇ ਵੀ ਹਿਰਾਸਤ ‘ਚ ਹੈ ਪਰ ਸਵਾਲ ਖੜ੍ਹੇ ਹੋ ਰਹੇ ਹਨ ਕਿ ਹੁਣ ਤੱਕ ਪੁਲਿਸ ਨੂੰ ਨਾ ਤਾਂ ਕਤਲ ਵਾਲਾ ਹਥਿਆਰ ਮਿਲਿਆ ਹੈ ਅਤੇ ਨਾ ਹੀ ਸ਼ਰਧਾ ਦੀ ਲਾਸ਼ ਦਾ ਸਿਰ। ਜੇਕਰ ਆਫਤਾਬ ਆਪਣੇ ਕਬੂਲਨਾਮੇ ਤੋਂ ਪਲਟ ਗਿਆ ਤਾਂ ਕੀ ਹੋਵੇਗਾ? ਪੁਲਿਸ ਸੂਤਰਾਂ ਅਨੁਸਾਰ ਹੁਣ ਤੱਕ ਇਸ ਕੇਸ ਨਾਲ ਸਬੰਧਿਤ 11 ਅਹਿਮ ਸਬੂਤ ਤੇ ਗਵਾਹ ਮਿਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ