ਰਿਆਸਤੀ ਪਰਜਾਮੰਡਲ ਦੇ ਬਾਨੀ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ

Seva Singh Thikriwala

ਰਿਆਸਤੀ ਪਰਜਾਮੰਡਲ ਦੇ ਬਾਨੀ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ

ਅੱਜ ਤੋਂ 85 ਸਾਲ ਪਹਿਲਾਂ ਰਿਆਸਤੀ ਪਰਜਾਮੰਡਲ ਦੇ ਬਾਨੀ ਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਅਤੇ ਕੌਮ ਦੇ ਮਹਾਨ ਨੇਤਾ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਨੌਂ ਮਹੀਨੇ ਦੀ ਲੰਮੀ ਭੁੱਖ ਹੜਤਾਲ ਅਤੇ ਭਿਆਨਕ ਤਸੀਹਿਆਂ ਦਾ ਸ਼ਿਕਾਰ ਹੋ ਕੇ ਪਟਿਆਲਾ ਜੇਲ੍ਹ ਅੰਦਰ ਰਜਵਾੜਾਸ਼ਾਹੀ ਦੇ ਖ਼ਿਲਾਫ਼ ਜੱਦੋ-ਜਹਿਦ ਕਰਦੇ ਹੋਏ ਸ਼ਹੀਦੀ ਪਾ ਕੇ ਅਮਰ ਹੋ ਗਏ ਸਨ। ਉਨ੍ਹਾਂ ਦਾ ਜਨਮ 24 ਅਗਸਤ, 1882 ਨੂੰ ਸ੍ਰ. ਦੇਵਾ ਸਿੰਘ ਅਤੇ ਮਾਤਾ ਹਰਿ ਕੌਰ ਦੇ ਘਰ ਪਟਿਆਲਾ ਰਿਆਸਤ ਵਿੱਚ ਪੈਂਦੇ ਪਿੰਡ ਠੀਕਰੀਵਾਲਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸ੍ਰ. ਦੇਵਾ ਸਿੰਘ ਮਹਾਰਾਜਾ ਰਜਿੰਦਰ ਸਿੰਘ ਦੀ ਪਟਿਆਲਾ ਰਿਆਸਤ ਵਿੱਚ ਇੱਕ ਉੱਚ ਅਧਿਕਾਰੀ ਸਨ।

ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀਆਂ ਦੋ ਸ਼ਾਦੀਆਂ ਸਨ। ਉਨ੍ਹਾਂ ਦੀਆਂ ਸੁਪਤਨੀਆਂ ਮਾਤਾ ਕਰਤਾਰ ਕੌਰ ਅਤੇ ਮਾਤਾ ਭਗਵਾਨ ਕੌਰ ਸਨ। ਇਨ੍ਹਾਂ ਦੀ ਇਕਲੌਤੀ ਬੇਟੀ ਬੀਬੀ ਗੁਰਚਰਨ ਕੌਰ ਸੀ ਜੋ ਪਟਿਆਲਾ ਵਿਖੇ ਜੇਜੀ ਪਰਿਵਾਰ ਵਿੱਚ ਵਿਆਹੇ ਹੋਏ ਸਨ। ਸ੍ਰ. ਸੇਵਾ ਸਿੰਘ ਦਾ ਬਚਪਨ ਪਟਿਆਲਾ ਵਿਖੇ ਹੀ ਬਤੀਤ ਹੋਇਆ ਤੇ ਪਟਿਆਲਾ ਦੇ ਹੀ ਇੱਕ ਸਰਕਾਰੀ ਮਿਡਲ ਸਕੂਲ ਤੋਂ ਉਨ੍ਹਾਂ ਅੱਠਵੀਂ ਪਾਸ ਕੀਤੀ।

ਇਸ ਉਪਰੰਤ ਉਨ੍ਹਾਂ ਨੂੰ ਇਸੇ ਰਿਆਸਤ ਦੇ ਸਿਹਤ ਵਿਭਾਗ ਵਿੱਚ ਸਰਕਾਰੀ ਕਰਮਚਾਰੀ ਭਰਤੀ ਕਰ ਲਿਆ ਗਿਆ। ਉਨ੍ਹਾਂ ਨੂੰ ਨੌਕਰੀ ਕਰਦਿਆਂ ਸਰਕਾਰੀ ਸੇਵਾ ਅਧੀਨ ਰਹਿਣਾ ਰਾਸ ਨਾ ਆਇਆ ਤੇ ਉਨ੍ਹਾਂ ਦੇ ਮਾਪੇ ਵੀ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਉਹ ਪਟਿਆਲਾ ਨੂੰ ਛੱਡ ਕੇ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। 1920 ਈ. ਵਿੱਚ ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਉਸ ਸਮੇਂ ਸੇਵਾ ਸਿੰਘ ਠੀਕਰੀਵਾਲਾ ਨੂੰ ਸਿੱਖਾਂ ਦੇ ਮੋਹਰੀ ਆਗੂਆਂ ਵਿੱਚੋਂ ਜਾਣਿਆ ਜਾਂਦਾ ਸੀ।

ਨਨਕਾਣਾ ਸਾਹਿਬ ਦੇ ਸਾਕੇ, ਮਹਾਰਾਜਾ ਰਿਪੁਦਮਨ ਸਿੰਘ ਨਾਭੇ ਨੂੰ ਗੱਦੀ ਤੋਂ ਲਾਹੁਣ ਕਾਰਨ ਆਰੰਭੇ ਗਏ ਨਾਭੇ ਦੇ ਮੋਰਚੇ ਨੇ ਉਨ੍ਹਾਂ ਦੇ ਦਿਲ ‘ਤੇ ਡੂੰਘਾ ਅਸਰ ਪਾਇਆ।

ਉਨ੍ਹਾਂ ਦੀ ਸਿਆਣਪ, ਲਗਨ ਤੇ ਤਿਆਗ ਦੀ ਭਾਵਨਾ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਿੰਗ ਕਮੇਟੀ ਮੈਂਬਰ ਬਣਾ ਲਿਆ।

1922 ਈ. ਵਿੱਚ ਗੁਰੂ ਕਾ ਬਾਗ ਮੋਰਚੇ ਵਿੱਚ ਵੀ ਉਹ ਜਥਾ ਲੈ ਕੇ ਗਏ, ਜਿੱਥੇ ਮਲਵਈ ਬੁੰਗੇ ਵਿੱਚ ਕਰੀਬ ਤਿੰਨ ਮਹੀਨੇ ਰਹੇ। ਇਸ ਦੌਰਾਨ ਹੀ ਉਨ੍ਹਾਂ ਦੀ ਪਹਿਲੀ ਮੁਲਾਕਾਤ ਤੇਜਾ ਸਿੰਘ ਸਮੁੰਦਰੀ ਨਾਲ ਹੋਈ। ਜਦੋਂ ਨਾਭੇ ਦੇ ਮਹਾਰਾਜੇ ਨੂੰ ਗੱਦੀ ਤੋਂ ਹਟਾਉਣ ਦਾ ਮਾਮਲਾ ਭਖਿਆ ਤਾਂ ਉਨ੍ਹਾਂ ਨੇ 9 ਜੁਲਾਈ, 1923 ਈ. ਨੂੰ ਠੀਕਰੀਵਾਲਾ ਵਿੱਚ ਦੀਵਾਨ ਰੱਖਿਆ। ਪਟਿਆਲਾ ਸਰਕਾਰ ਨੇ ਦਫਾ 144 ਲਾ ਦਿੱਤੀ। ਉਸ ਦਾ ਵਿਰੋਧ ਕਰਨ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।

ਅਕਤੂਬਰ 1923 ਈ. ਵਿੱਚ ਬ੍ਰਿਟਿਸ਼ ਰਾਜ ਵਿਰੁੱਧ ਤਕਰੀਰਾਂ ਦੇ ਜ਼ੁਰਮ ਹੇਠ ਅਕਾਲੀ ਆਗੂਆਂ ਦੇ ਪਹਿਲੇ ਜਥੇ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੰਮ੍ਰਿਤਸਰ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਸ਼ਾਹੀ ਕਿਲਾ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅੰਤ ਸਰਕਾਰ ਨੂੰ ਬਗ਼ੈਰ ਕਿਸੇ ਸ਼ਰਤ ਦੇ ਸਾਰੇ ਆਗੂਆਂ ਨੂੰ ਰਿਹਾਅ ਕਰਨਾ ਪਿਆ। ਜਦੋਂ ਸੇਵਾ ਸਿੰਘ ਲਾਹੌਰ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਬਾਹਰ ਨਿੱਕਲੇ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ। ਸਤੰਬਰ 1926 ਈ. ਵਿੱਚ ਉਨ੍ਹਾਂ ‘ਤੇ ਇੱਕ ਗੜਵੀ ਚੋਰੀ ਕਰਨ ਦਾ ਝੂਠਾ ਮੁਕੱਦਮਾ ਬਣਾਇਆ ਗਿਆ।

ਜੋ ਅਦਾਲਤ ਵਿੱਚ ਸਾਬਿਤ ਨਾ ਹੋਇਆ। ਬਾਅਦ ਵਿੱਚ ਬਗ਼ੈਰ ਕੋਈ ਮੁਕੱਦਮਾ ਚਲਾਏ ਤਿੰਨ (1926-1929 ਤੱਕ) ਸਾਲ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ।

ਇਸੇ ਦੌਰਾਨ ਉਨ੍ਹਾਂ ਨੂੰ 17 ਜੁਲਾਈ, 1928 ਈ. ਨੂੰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਮਾਨਸਾ ਵਿਖੇ ਹੋਈ ਪੰਜਾਬ ਰਿਆਸਤੀ ਪਰਜਾਮੰਡਲ ਦੀ ਪਹਿਲੀ ਚੋਣ ਵਿੱਚ ਸਰਬਸੰਮਤੀ ਨਾਲ ਪੰਜਾਬ ਰਿਆਸਤੀ ਪਰਜਾਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ। 1929 ਈ. ਵਿੱਚ ਜਦੋਂ ਉਹ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਤਾਂ ਉਨ੍ਹਾਂ ਨੇ ਰਿਆਸਤੀ ਪਰਜਾਮੰਡਲ ਲਹਿਰ ਦੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਈਆਂ।

ਇਸ ਤੋਂ ਬਾਅਦ 24 ਅਗਸਤ, 1933 ਈ. ਨੂੰ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਨੇਕਾਂ ਜ਼ੁਰਮ ਲਾਉਣ ‘ਤੇ ਉਨ੍ਹਾਂ ਨੇ ਕੋਈ ਸਫ਼ਾਈ ਪੇਸ਼ ਕਰਨੀ ਯੋਗ ਨਾ ਸਮਝੀ। ਇਸ ਮੌਕੇ ਜੇਲ੍ਹ ਅਧਿਕਾਰੀਆਂ ਦੇ ਮਾੜੇ ਰਵੱਈਏ ਦੇ ਰੋਸ ਵਜੋਂ ਉਨ੍ਹਾਂ ਨੇ ਭੁੱਖ ਹੜਤਾਲ ਰੱਖੀ ਜੋ 9 ਮਹੀਨੇ ਚੱਲਦੀ ਰਹੀ।

ਅੰਤ 20 ਜਨਵਰੀ, 1935 ਈ. ਨੂੰ ਭਿਆਨਕ ਤਸੀਹਿਆਂ ਦਾ ਸ਼ਿਕਾਰ ਹੋ ਕੇ ਪਟਿਆਲਾ ਜੇਲ੍ਹ ਦੇ ਘਮਿਆਰ ਹਾਤੇ ਦੀ ਕਾਲ ਕੋਠੜੀ ਅੰਦਰ ਸ਼ਹੀਦੀ ਪਾ ਗਏ। ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਲੜਕੇ-ਲੜਕੀਆਂ ਦੇ ਦੋ ਹਾਇਰ ਸੈਕੰਡਰੀ ਸਕੂਲ ਅਤੇ ਹਸਪਤਾਲ ਚੱਲਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18, 19 ਤੇ 20 ਜਨਵਰੀ, 2020 (5, 6 ਤੇ 7 ਮਾਘ) ਨੂੰ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਉਨ੍ਹਾਂ ਦੀ ਯਾਦ ਵਿੱਚ 86ਵਾਂ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਵਿਦਵਾਨ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਮਾਲਵਿੰਦਰ ਸਿੰਘ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।