ਨਸ਼ੇ ਦੇ ਦੈਤ ਨੂੰ ਸਾਰੇ ਰਲ ਕੇ ਭਜਾ ਦਿਓ : ਪੂਜਨੀਕ ਗੁਰੂ ਜੀ

ਰੂਹਾਨੀ ਸਤਿਸੰਗ ਦੌਰਾਨ ਪਟਿਆਲਾ ’ਚ ਪੰਜਾਬ ਸੱਭਿਆਚਾਰ ਦੀ ਦਿਸੀ ਝਲਕ

ਪਟਿਆਲਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਯੂਟਿਊਬ ਰਾਹੀਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੱਜ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੋਈ ਸੀ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਸੀ। ਸਾਧ-ਸੰਗਤ ਲਈ ਬਣਾਏ ਗਏ ਪੰਡਾਲ ਵਿੱਚ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ।

ਰੂਹਾਨੀ ਸਤਿਸੰਗ ਦੌਰਾਨ ਪਹੁੰਚੇ ਪਟਿਆਲਾ ਤੋਂ ਮੇਅਰ ਸੰਜੀਵ ਕੁਮਾਰ ਬਿੱਟੂ, ਸ਼ਹਿਰਾਂ ਦੇ ਐੱਮਸੀ, ਪਿੰਡਾਂ ਦੀਆਂ ਪੰਚਾਇਤਾਂ ਤੇ ਪੱਤਰਕਾਰ ਸਮਾਜ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਫਰਮਾਇਆ ਕਿ ਸਾਰੇ ਰਲ ਕੇ ਸਮਾਜ ਵਿੱਚੋਂ ਨਸ਼ੇ ਦੇ ਦੈਂਤ ਨੂੰ ਭਜਾ ਦਿਓ। ਸਾਰੇ ਰਲ ਕੇ ਹੰਭਲਾ ਮਾਰੋ ਤਾਂ ਕਿ ਸਮਾਜ ਵਿੱਚੋਂ ਬੁਰਾਈਆਂ ਤੇ ਨਸ਼ੇ ਖ਼ਤਮ ਹੋ ਸਕਣ।

ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਪ੍ਰਮਾਤਮਾ ਦਾ ਨਾਮ ਇਸ ਲਈ ਜ਼ਰੂਰੀ ਹੈ ਕਿਉਂਕਿ ਅੰਤ ਵੇਲੇ ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ। ਜਦੋਂ ਆਤਮਾ ਸਰੀਰ ਨੂੰ ਛੱਡ ਕੇ ਜਾਂਦੀ ਹੈ ਤਾਂ ਮਾਂ-ਬਾਪ, ਭੈਣ-ਭਾਈ ਕੋਈ ਕੰਮ ਨਹੀਂ ਆਉਂਦਾ, ਉਸ ਵੇਲੇ ਪ੍ਰਮਾਤਮਾ ਹੀ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ। ਆਪ ਜੀ ਨੇ ਫਰਮਾਇਆ ਕਿ ਰਾਮ ਦਾ ਨਾਮ ਜਪਣ ਨਾਲ ਪਹਾੜ ਵਰਗੇ ਕਰਮ ਵੀ ਕੰਕਰ ਵਿੱਚ ਬਦਲ ਜਾਂਦੇ ਹਨ। ਪਰਮਾਤਮਾ ਦਾ ਨਾਮ ਜਪਣ ਨਾਲ ਆਤਮਬਲ ਵਧਦਾ ਹੈ ਜਿਸ ਨਾਲ ਦਿਮਾਗ ਦੀ ਸੋਚਣ ਦੀ ਸ਼ਕਤੀ ਵਧ ਸਕਦੀ ਹੈ। ਨਾਮ ਜਪਣ ਨਾਲ ਆਦਮੀ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਦਾ ਉਸ ਨੂੰ ਲੱਗਦਾ ਰਹਿੰਦਾ ਹੈ ਕਿ ਵਾਹਿਗੁਰੂ, ਰਾਮ, ਅੱਲ੍ਹਾ ਹਮੇਸ਼ਾ ਉਸ ਦੇ ਨਾਲ ਹੈ।

ਆਪਣੇ-ਆਪਣੇ ਧਰਮਾਂ ਨੂੰ ਇਸ ਪਲ ਮੰਨ ਕੇ ਦੇਖ ਲਓ ਅਗਲੇ ਪਲ ਧਰਤੀ ’ਤੇ ਸਵਰਗ ਬਣ ਜਾਵੇਗੀ

ਆਪ ਜੀ ਨੇ ਫਰਮਾਇਆ ਕਿ ਕੋਈ ਵੀ ਧਰਮ ਨਸ਼ਾ ਕਰਨ ਦੀ ਆਗਿਆ ਨਹੀਂ ਦਿੰਦਾ। ਆਪਣੇ-ਆਪਣੇ ਧਰਮਾਂ ਨੂੰ ਇਸ ਪਲ ਮੰਨ ਕੇ ਦੇਖ ਲਓ ਅਗਲੇ ਪਲ ਧਰਤੀ ’ਤੇ ਸਵਰਗ ਬਣ ਜਾਵੇਗੀ। ਆਪ ਜੀ ਨੇ ਫਰਮਾਇਆ ਕਿ ਸਾਰੇ ਧਰਮਾਂ ਵਿੱਚ ਲਿਖਿਆ ਹੈ ਕਿ ਪਰਮਾਤਮਾ ਦਇਆ ਦਾ ਸਾਗਰ ਹੈ ਕਿਸੇ ਨੂੰ ਮਾਰਨ ਦਾ ਅਧਿਕਾਰ ਕਿਤੇ ਵੀ ਨਹੀਂ ਦਿੱਤਾ ਗਿਆ। ਅਸੀਂ ਸਾਰੇ ਇੱਕ ਹਾਂ ਅਤੇ ਸਾਰੇ ਧਰਮ ਇੱਕ ਹਨ।

ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਪ੍ਰੋਗਰਾਮ ਪੇਸ਼ ਕੀਤੇ

ਪਵਿੱਤਰ ਭੰਡਾਰੇ ਨੂੰ ਮੁੱਖ ਰੱਖਦਿਆਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਝਲਕੀਆਂ ਵਿੱਚ ਨਵੇਂ ਤੇ ਪੁਰਾਣੇ ਪੰਜਾਬ ਨੂੰ ਪੇਸ਼ ਕਰਦੇ ਪ੍ਰੋਗਰਾਮ ਦੀ ਪੂਜਨੀਕ ਗੁਰੂ ਜੀ ਨੇ ਪ੍ਰਸ਼ਸੰਾ ਕੀਤੀ। ਮੁੱਖ ਪੰਡਾਲ ਨੂੰ ਸੁੰਦਰ ਰੰਗੋਲੀ, ਰੰਗ ਬਰੰਗੀਆਂ ਝੰਡੀਆਂ ਆਦਿ ਨਾਲ ਸਜ਼ਾਇਆ ਗਿਆ। ਸਾਧ-ਸੰਗਤ ਦੀ ਸਹੂਲਤ ਲਈ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਮੁਕੰਮਲ ਇੰਤਜਾਮ ਕੀਤੇ ਗਏ। ਦਿਵਿਆਂਗ ਸ਼ਰਧਾਲੂ ਜੋ ਟ੍ਰੈਫਿਕ ਪੰਡਾਲ ਤੋਂ ਲੈ ਕੇ ਮੁੱਖ ਪੰਡਾਲ ਤੱਕ ਪੈਦਲ ਨਹੀਂ ਜਾ ਸਕਦੇ, ਉਨ੍ਹਾਂ ਲਈ ਵੀਲ੍ਹ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ। ਸਤਿਸੰਗ ਦੀ ਸਮਾਪਤੀ ਉਪਰੰਤ ਸਾਧ-ਸੰਗਤ ਨੂੰ ਕੁਝ ਹੀ ਸਮੇਂ ਵਿੱਚ ਲੰਗਰ ਭੋਜਨ ਛਕਾ ਦਿੱਤਾ ਗਿਆ।

ਸਾਧ-ਸੰਗਤ ਨੇ ਕੋਰੋਨਾ ਕਾਲ ਦੌਰਾਨ ਕੀਤੀ ਸ਼ਲਾਘਾਯੋਗ ਸੇਵਾ : ਮੇਅਰ

ਸਤਿਸੰਗ ਦੌਰਾਨ ਪਹੁੰਚੇ ਸੰਜੀਵ ਕੁਮਾਰ ਬਿੱਟੂ ਮੇਅਰ ਪਟਿਆਲਾ ਨੇ ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਸੇਵਾਦਾਰਾਂ ਨੇ ਕੋਰੋਨਾ ਕਾਲ ਦੌਰਾਨ ਬਹੁਤ ਸੇਵਾ ਕੀਤੀ। ਡੇਰਾ ਸ਼ਰਧਾਲੂਆਂ ਵੱਲੋਂ ਕੀਤੀ ਗਈ ਸੇਵਾ ਲਈ ਉਨ੍ਹਾਂ ਪੂਰੇ ਨਗਰ ਨਿਗਮ ਵੱਲੋਂ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਨਾਲ ਹੀ ਬਿੱਟੂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਾਧ-ਸੰਗਤ ਦੇ ਨਾਲ ਮਿਲ ਕੇ ਨਸ਼ੇ ਦੇ ਖਾਤਮੇ, ਵਾਤਾਵਰਣ ਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ