ਰੋਹਤਕ: ਦਿਨ ਦਿਹਾੜੇ ਕੈਸ਼ ਵੈਨ ਦੇ ਸੁਰੱਖਿਆ ਕਰਮੀ ਨੂੰ ਗੋਲੀ ਮਾਰ ਕੇ ਲੁੱਟੇ 2.62 ਕਰੋੜ ਰੁਪਏ

Loot Case Sachkahoon

ਬਾਈਕ ਸਵਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪੁਲਿਸ ਦੇ ਇੰਸਪੈਕਟਰ ਜਨਰਲ ਅਤੇ ਐਸਪੀ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ
ਪੁਲਿਸ ਨੇ ਜ਼ਿਲ੍ਹੇ ਵਿੱਚ ਕੀਤੀ ਨਾਕਾਬੰਦੀ, ਨਹੀਂ ਮਿਲਿਆ ਬਦਮਾਸ਼ਾਂ ਦਾ ਕੋਈ ਸੁਰਾਗ

ਸੱਚ ਕਹੂੰ/ ਨਵੀਨ ਮਲਿਕ ਰੋਹਤਕ। ਸ਼ਹਿਰ ਦੇ ਸੈਕਟਰ 1 ਸਥਿਤ ਏਟੀਐਮ ਮਸ਼ੀਨ ਵਿੱਚ ਪੈਸੇ ਪਾਉਣ ਆਈ ਕੈਸ਼ ਵੈਨ ਵਿੱਚੋਂ ਬਾਈਕ ਸਵਾਰਾਂ ਨੇ ਦਿਨ ਦਿਹਾੜੇ 2 ਕਰੋੜ 62 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਇਸ ਦੌਰਾਨ ਬਦਮਾਸ਼ਾਂ ਨੇ ਕੈਸ਼ ਵੈਨ ਦੇ ਸੁਰੱਖਿਆ ਕਰਮੀ ਨੂੰ ਵੀ ਗੋਲੀ ਮਾਰ ਦਿੱਤੀ ਅਤੇ ਉਸਦਾ ਹਥਿਆਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ। ਪੁਲੀਸ ਨੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ।

Loot Caseਪੁਲੀਸ ਅਨੁਸਾਰ ਸੀ.ਐਮ.ਐਸ ਕੰਪਨੀ ਦੀ ਏ.ਟੀ.ਐਮ ਕੈਸ਼ ਵੈਨ ਸੈਕਟਰ 1 ਸਥਿਤ ਏ.ਟੀ.ਐਮ ਵਿੱਚ ਪੈਸੇ ਪਾਉਣ ਲਈ ਦੋ ਵਜੇ ਬਜ਼ਾਰ ਪਹੁੰਚੀ ਅਤੇ ਜਦੋਂ ਕਰਮਚਾਰੀ ਕੈਸ਼ ਵੈਨ ਦਾ ਦਰਵਾਜ਼ਾ ਖੋਲ੍ਹ ਕੇ ਏ.ਟੀ.ਐਮ ਵੱਲ ਜਾਣ ਦੀ ਤਿਆਰੀ ਕਰ ਰਹੇ ਸਨ। ਉੱਥੇ ਪਹਿਲਾਂ ਤੋਂ ਹੀ ਖੜ੍ਹੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਨਾਲ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਦਮਾਸ਼ਾਂ ਨੇ ਵੈਨ ਦੇ ਸੁਰੱਖਿਆ ਗਾਰਡ ਰਮੇਸ਼ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਕੈਸ਼ ਵੈਨ ‘ਚ ਰੱਖੇ ਬਕਸੇ ‘ਚੋਂ ਪੈਸੇ ਕੱਢ ਲਏ ਅਤੇ ਬੋਰੀ ‘ਚ ਪਾ ਕੇ ਫਰਾਰ ਹੋ ਗਏ। ਸੁਰੱਖਿਆ ਕਰਮੀ ਰਮੇਸ਼ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ‘ਚ ਸੂਚਨਾ ਮਿਲਣ ‘ਤੇ ਪੁਲਿਸ ਇੰਸਪੈਕਟਰ ਜਨਰਲ ਮਮਤਾ ਸਿੰਘ ਅਤੇ ਪੁਲਿਸ ਸੁਪਰਡੈਂਟ ਉਦੈ ਸਿੰਘ ਮੀਨਾ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਲਈ।

ਪੁਲਿਸ ਸੁਪਰਡੈਂਟ ਦਾ ਕਹਿਣਾ ਹੈ ਕਿ ਵੱਖ-ਵੱਖ ਟੀਮਾਂ ਬਦਮਾਸ਼ਾਂ ਦੀ ਭਾਲ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਮੌਕੇ ‘ਤੇ ਪਹੁੰਚੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਸੀ.ਐੱਮ.ਐੱਸ ਕੰਪਨੀ ਦੀ ਵੈਨ ਸ਼ਹਿਰ ਦੇ ਤਿੰਨ ਬੈਂਕਾਂ ਦੇ ਏ.ਟੀ.ਐੱਮ ‘ਚ ਪੈਸੇ ਪਾਉਂਦੀ ਹੈ ਅਤੇ ਘਟਨਾ ਸਮੇਂ ਵੈਨ ‘ਚ 2 ਕਰੋੜ 92 ਲੱਖ ਰੁਪਏ ਸਨ, ਜਿਸ ‘ਚ ਤੀਹ ਲੱਖ ਰੁਪਏ ਗੱਡੀ ਵਿੱਚ ਬਚ ਗਏ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਨੌਜਵਾਨ ਪਹਿਲਾਂ ਤੋਂ ਹੀ ਮੌਕੇ ‘ਤੇ ਮੌਜੂਦ ਸਨ ਅਤੇ ਘਟਨਾ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤਾ ਗਿਆ ਹੈ ੍ਟ ਪੁਲਿਸ ਨੇ ਮੌਕੇ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ, ਮੋਟਰਸਾਈਕਲ ਦਾ ਨੰਬਰ ਵੀ ਪਤਾ ਲੱਗ ਗਿਆ ਹੈ। ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਦੀਆਂ ਵੱਖ-ਵੱਖ ਟੀਮਾਂ ਬਦਮਾਸ਼ਾਂ ਦਾ ਪਤਾ ਲਗਾਉਣ ‘ਚ ਜੁਟੀਆਂ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ