ਮੇਰੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਦੁੱਗਣੀ ਹੋਈ : ਭਗਵੰਤ ਮਾਨ

Bhagwant Mann

ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਭਗਵੰਤ ਮਾਨ ਨਾਲ ਸੱਚ ਕਹੂੰ ਦੀ ਵਿਸ਼ੇਸ਼ ਗੱਲਬਾਤ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ , ਸੰਗਰੂਰ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਜਿੱਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿੱਤਣ ਉਪਰੰਤ ਕਾਫ਼ੀ ਸਮੇਂ ਬਾਅਦ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਹਨ ਅਤੇ ਸੰਸਦ ਵਿੱਚ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਵੀ ਪਾਰਟੀ ਦੇ ਇੱਕੋ-ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਨ੍ਹਾਂ ਨੂੰ ਸੰਸਦ ਵਿੱਚ ਕਿੰਨਾ ਸਮਾਂ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਲਈ ਮਿਲੇਗਾ ਅਤੇ ਉਹ ਸੰਗਰੂਰ ਲੋਕ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਿਹੜਾ ਹੰਭਲਾ ਮਾਰਨਗੇ, ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਕਾਰਗੁਜ਼ਾਰੀ ਰਹੇਗੀ, ਉਹ ਆਪ ਆਦਮੀ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣਗੇ ਆਦਿ ਕਈ ਸਵਾਲਾਂ ਬਾਰੇ ਸੱਚ ਕਹੂੰ ਨੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ

ਸਵਾਲ : ਮਾਨ ਸਾਹਿਬ, ਲੋਕ ਸਭਾ ਸੰਗਰੂਰ ਦੇ ਵੋਟਰਾਂ ਨੇ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ, ਕਿਹੋ ਜਿਹਾ ਲੱਗ ਰਿਹਾ?
ਜਵਾਬ:  ਮੈਂ ਲੋਕ ਸਭਾ ਸੰਗਰੂਰ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ  ਮੈਂ ਆਪਣੇ ਵੱਲੋਂ ਪਹਿਲਾਂ ਨਾਲੋਂ ਵੀ ਵਧ ਕੇ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਏ ਜਾਣ ਕਿਉਂਕਿ ਸੰਗਰੂਰ ਦੇ ਲੋਕ ਕੰਮ ਵੇਖ ਕੇ ਹੀ ਵੋਟਾਂ ਪਾਉਂਦੇ ਹਨ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੀ ਵਧ ਗਈ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਹਲਕੇ ਦੇ ਵਿਕਾਸ ਵਿੱਚ ਆਪਣਾ ਸੌ ਫੀਸਦੀ ਯਤਨ ਕਰਾਂ

ਸਵਾਲ : ਕੀ ਕੁਝ ਸੋਚਿਆ ਸੰਗਰੂਰ ਦੀਆਂ ਸਮੱਸਿਆਵਾਂ ਬਾਰੇ, ਉਨ੍ਹਾਂ ਦੇ ਹੱਲ ਲਈ ਕੀ ਯਤਨ ਕਰੋਗੇ?
ਜਵਾਬ : ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਲਗਭਗ ਉਹੀ ਸਮੱਸਿਆਵਾਂ ਨੇ ਜਿਹੜੀਆਂ ਬਾਕੀ ਪੰਜਾਬ ਵਿੱਚ ਹਨ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਦੀ ਸਾਹਮਣੇ ਆ ਰਹੀ ਹੈ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਹ ਮਜ਼ਬੂਰਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਆਇਲਟਸ ਕਰਕੇ ਸੈਂਕੜੇ ਨੌਜਵਾਨ ਦੇਸ਼ ਛੱਡ ਰਹੇ ਹਨ ਇਸ ਮਸਲੇ ‘ਤੇ ਸਭ ਤੋਂ ਪਹਿਲਾਂ ਵਿਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰੀ ਦੇ ਖਾਤਮੇ ਲਈ ਜਿਹੜਾ ਪ੍ਰਾਜੈਕਟ ਬਣਾਇਆ ਜਾਵੇਗਾ, ਉਸ ਨੂੰ ਹਲਕੇ ਵਿੱਚ ਲਿਆਉਣ ਲਈ ਜੀ-ਤੋੜ ਕੋਸ਼ਿਸ਼ ਕਰਾਂਗਾ ਨਵੇਂ ਪ੍ਰਾਜੈਕਟਾਂ ਵਿੱਚੋਂ ਹਿੱਸਾ ਲੈ ਕੇ ਆਵਾਂਗੇ ਹਲਕੇ ਵਿੱਚ ਤਰੱਕੀ ਹੋਵੇ ਮੇਰੇ ਵੱਲੋਂ ਇਸ ਸਬੰਧੀ ‘ਬੈੱਸਟ ਐਫ਼ਰਟ’ ਕੀਤੇ ਜਾਣਗੇ

ਸਵਾਲ : ਕਿਹੜੇ ਮੁੱਦੇ ਤੁਹਾਨੂੰ ਅਹਿਮ ਲੱਗਦੇ ਹਨ ਜਿਹੜੇ ਤੁਸੀਂ ਸੰਸਦ ਵਿੱਚ ਚੁੱਕੋਗੇ?
ਜਵਾਬ : ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਤੇ ਕੰਮ ਕਰਨ ਦੀ ਬਹੁਤ ਵੱਡੀ ਲੋੜ ਹੈ ਸਭ ਤੋਂ ਵੱਡਾ ਮੁੱਦਾ ਗਰੀਬੀ ਤੇ ਬੇਰੁਜ਼ਗਾਰੀ ਦਾ ਹੈ ਪਿੰਡਾਂ ਵਿੱਚ ਲੋਕਾਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ ਮਗਨਰੇਗਾ ਸਕੀਮ ਨੂੰ ਪਾਰਦਰਸ਼ੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਲੋੜਵੰਦਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਆਈਲਟਸ ਕਰਕੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ ਉਨ੍ਹਾਂ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਹੋਰ ਵੀ ਬਹੁਤ ਜ਼ਿਆਦਾ ਮੁੱਦੇ ਹਨ ਜਿਨ੍ਹਾਂ ‘ਤੇ ਇਸ ਵਾਰ ਵੀ ਉਨ੍ਹਾਂ ਦਾ ਧਿਆਨ ਕੇਂਦਰਿਤ ਹੋਵੇਗਾ

ਸਵਾਲ : ਮਾਨ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਹੋ ਸੰਸਦ ਵਿੱਚ ਤੁਹਾਨੂੰ ਸਮਾਂ ਵੀ ਘੱਟ ਮਿਲੇਗਾ, ਤੁਸੀਂ ਇੰਨੇ ਘੱਟ ਸਮੇਂ ਵਿੱਚ ਲੋਕਾਂ ਦੇ ਮੁੱਦੇ ਕਿਸ ਤਰ੍ਹਾਂ ਦੱਸੋਗੇ ?
ਜਵਾਬ : ਬਿਲਕੁਲ ਗਲਤ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਬਲਕਿ ਹੁਣ ਮੈਂ ਸੀਨੀਅਰ ਹੋ ਗਿਆ ਹਾਂ ਮੈਨੂੰ ਸਮਾਂ ਲੈਣਾ ਵੀ ਆਉਂਦਾ ਹੈ ਸਮਾਂ ਘੱਟ ਰਹਿਣ ਦੀ ਕੋਈ ਸਮੱਸਿਆ ਨਹੀਂ ਮੈਂ ਲੋਕਾਂ ਦਾ ਦੁਬਾਰਾ ਚੁਣਿਆ ਮੈਂਬਰ ਪਾਰਲੀਮੈਂਟ ਹਾਂ ਅਤੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਂਦਾ ਰਹਾਂਗਾ

ਸਵਾਲ : ਧਰਮ ਨਿਰਪੱਖ ਸੰਸਦ ਵਿੱਚ ਪਹਿਲੇ ਦਿਨ ਹੀ ਧਾਰਮਿਕ ਨਾਅਰੇ ਲੱਗੇ, ਤੁਸੀਂ ਵੀ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਏ?
ਜਵਾਬ : ਮੈਂ ਕੋਈ ਧਾਰਮਿਕ ਨਾਅਰਾ ਨਹੀਂ ਲਾਇਆ, ਇਹ ਸਭ ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰ ਸਨ ਮੈਂ ਪਿਛਲੀ ਵਾਰ ਵੀ ਸੰਸਦ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ ਸੀ ਅਤੇ ਇਸ ਵਾਰ ਵੀ ਲਾਇਆ ਹੈ ਇਨਕਲਾਬ ਜਿੰਦਾਬਾਦ ਦਾ ਅਰਥ ਹੈ ਉਹ ਆਜ਼ਾਦੀ ਹਾਲੇ ਸਾਡੇ ਘਰਾਂ ਤੱਕ ਨਹੀਂ ਪੁੱਜੀ ਜਿਸਦੀ ਆਸ ਨੂੰ ਲੈ ਕੇ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਵਹਾਇਆ ਸੀ ਅੱਜ ਦੀ ਆਜ਼ਾਦੀ ਤਾਂ ਸਿਰਫ਼ ਲਾਲ ਬੱਤੀ ਵਾਲੀਆਂ ਕਾਰਾਂ, ਮਹਿਲਾਂ ਤੇ ਬੰਗਲਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਆਮ ਲੋਕਾਂ ਨੂੰ ਨਹੀਂ ਪਤਾ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਹਨ ਜਦੋਂ ਤੱਕ ਆਜ਼ਾਦੀ ਆਮ ਘਰਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੀ, ਉਦੋਂ ਤੱਕ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗਦੇ ਰਹਿਣਗੇ

ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਓਵਰਆਲ ਪ੍ਰਫਾਰਮੈਂਸ ਬਾਰੇ ਵੇਖਿਆ ਜਾਵੇ ਤਾਂ ਕਾਫ਼ੀ ਮਾੜੀ ਰਹੀ ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਮੈਂ ਬਤੌਰ ਪਾਰਟੀ ਪ੍ਰਧਾਨ ਸੋਚਦਾ ਹਾਂ ਕਿ ਜਿਸ ਹਿਸਾਬ ਨਾਲ ਪਾਰਟੀ ਦੀ ਪ੍ਰਫਾਰਮੈਂਸ ਰਹੀ ਹੈ, ਉਸ ਨਾਲੋਂ ਕਿਤੇ ਵਧੀਆ ਹੋ ਸਕਦੀ ਸੀ ਪਰ ਅਸੀਂ ਮੰੰਨਦੇ ਹਾਂ ਜ਼ਰੂਰ ਸਾਡੇ ਵਿੱਚ ਕੋਈ ਕਮੀ ਰਹੀ ਹੋਵੇਗੀ ਜਾਂ ਸਾਡੇ ਕੋਲ ਉਹ ਸਾਧਨ ਨਹੀਂ ਜੁਟੇ ਹੋਣਗੇ ਜਿਹੜੇ ਜਿੱਤ ਲਈ ਜ਼ਰੂਰੀ ਸਨ ਸਾਥੋਂ ਪੰਜਾਬ ਵਿੱਚ ਓਨਾ ਸਮਾਂ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ ਪਰ ਹੁਣ ਜ਼ਿੰਮੇਵਾਰੀ ਹੋਰ ਵਧ ਗਈ ਹੈ ਜਿਸ ਕਾਰਨ ਹੁਣ ਪਹਿਲਾਂ ਨਾਲੋਂ ਵੀ ਦੁੱਗਣੀ ਮਿਹਨਤੀ ਨਾਲ ਕੰਮ ਕਰਨਾ ਪਵੇਗਾ ਬਾਕੀ ਪਾਰਟੀਆਂ ‘ਤੇ ਮਾੜਾ-ਚੰਗਾ ਸਮਾਂ ਤਾਂ ਚੱਲਦਾ ਹੀ ਰਹਿੰਦਾ ਹੈ

ਸਵਾਲ : ਮਾਨ ਸਾਹਿਬ, ਜੇਕਰ ਪੰਜਾਬ ਦੀ ਮੌਜ਼ੂਦਾ ਗੱਲਬਾਤ ਕੀਤੀ ਜਾਵੇ ਤਾਂ ਮੁੱਖ ਮੰਤਰੀ ਵੱਲੋਂ ਦਿਨੋਂ ਦਿਨ ਘਟ ਰਹੇ ਜ਼ਮੀਨਦੋਜ਼ ਪਾਣੀ ਸਬੰਧੀ ਸਰਬ ਪਾਰਟੀ ਮੀਟਿੰਗ ਸੱਦੀ ਹੈ, ਤੁਹਾਡਾ ਇਸ ਮਾਮਲੇ ‘ਤੇ ਕੀ ਕਹਿਣਾ ਹੈ?
ਜਵਾਬ : ਮੁੱਖ ਮੰਤਰੀ ਵੱਲੋਂ ਘਟ ਰਹੇ ਜ਼ਮੀਨਦੋਜ਼ ਪਾਣੀ ਦੇ ਮਾਮਲੇ ‘ਤੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ, ਸਾਡੀ ਪਾਰਟੀ ਦਾ ਪ੍ਰਤੀਨਿਧ ਵੀ ਉਸ ਵਿੱਚ ਸ਼ਾਮਿਲ ਹੋਵੇਗਾ ਵਾਤਾਵਰਣ ਹਿਤੈਸ਼ੀ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਪੰਜਾਬ ਵਿੱਚ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਹਰਿਆ ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ ਅਤੇ ਇਸ ਸਬੰਧੀ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਕੱਲੀਆਂ ਮੀਟਿੰਗਾਂ ਨਾਲ ਇਸ ਮੁੱਦੇ ਦਾ ਹੱਲ ਨਹੀਂ ਹੋਵੇਗਾ, ਸਰਕਾਰ ਨੂੰ ਠੋਸ ਫੈਸਲੇ ਲੈਣੇ ਪੈਣਗੇ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਰਹਿੰਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਅਸੀਂ ਸਿਰਫ਼ ਨਿੰਦਿਆ ਕਰਨ ਲਈ ਹੈ, ਚੰਗੀ ਗੱਲ ਲਈ ਅਸੀਂ ਸਰਕਾਰ ਦਾ ਸਾਥ ਵੀ ਦੇਵਾਂਗੇ ਇਹ ਵੀ ਕਹਿਣਾ ਹੈ ਕਿ ਪਹਿਲਾਂ ਜਦੋਂ ਐਨ.ਜੀ.ਟੀ ਵੱਲੋਂ 50 ਕਰੋੜ ਰੁਪਏ ਦਾ ਜ਼ੁਰਮਾਨਾ ਸਰਕਾਰ ਨੂੰ ਲਾਇਆ ਗਿਆ ਸੀ, ਉਦੋਂ ਸਰਬਦਲੀ ਮੀਟਿੰਗ ਨਹੀਂ ਸੱਦੀ ਗਈ ਹੁਣ ਜਦੋਂ ਗੰਭੀਰ ਸਥਿਤੀ ਬਣਦੀ ਜਾ ਰਹੀ ਹੈ, ਸਰਕਾਰ ਨੂੰ ਸਰਬ ਦਲੀ ਮੀਟਿੰਗ ਬੁਲਾਉਣ ਦੀ ਯਾਦ ਆ ਗਈ

ਸਵਾਲ : ਪੰਜਾਬ ਵਿੱਚ ਨਸ਼ਿਆਂ ‘ਤੇ ਲਗਾਮ ਨਹੀਂ ਲੱਗ ਰਹੀ ਪੁਲਿਸ ਮੁਖੀਆਂ ਨੇ ਵੀ ਇਸ ਸਬੰਧੀ ਮੀਟਿੰਗ ਸੱਦੀ ਹੈ, ਲਗਦਾ ਕੋਈ ਫਰਕ ਪਵੇਗਾ ?
ਜਵਾਬ : ਉੱਕਾ ਹੀ ਨਹੀਂ ਕਿਉਂਕਿ ਸਰਕਾਰ ਇਸ ਕੰਮ ਲਈ ਗੰਭੀਰ ਨਹੀਂ ਨਸ਼ਿਆਂ ਦੇ ਮੁੱਦੇ ‘ਤੇ ਪਹਿਲਾਂ ਵੀ ਪੁਲਿਸ ਮੁਖੀ ਸੁਮੇਧ ਸੈਣੀ ਨੇ ਅਜਿਹੀਆਂ ਮੀਟਿੰਗਾਂ ਕੀਤੀਆਂ ਸਨ, ਉਸ ਦਾ ਸਿੱਟਾ ਨਿੱਕਲਿਆ, ਤੁਹਾਡੇ ਸਭ ਦੇ ਸਾਹਮਣੇ ਹੀ ਹੈ ਇਨ੍ਹਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ, ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀ ਚਾਹ ਪਾਣੀ ਪੀ ਕੇ ਉੱਠ ਕੇ ਚਲੇ ਜਾਣਗੇ ਅਤੇ ਸਮੱਸਿਆ ਉੱਥੇ ਹੀ ਖੜ੍ਹੀ ਰਹੇਗੀ ਇਨ੍ਹਾਂ ਮੀਟਿੰਗਾਂ ਦਾ ਰੱਤੀ ਭਰ ਵੀ ਪੰਜਾਬ ਨੂੰ ਫਾਇਦਾ ਹੋਣ ਵਾਲਾ ਨਹੀਂ ਸਿਰਫ਼ ਅਮਲੀ ਰੂਪ ਦੇਣ ਦੀ ਲੋੜ ਹੈ

ਸਵਾਲ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਸ਼ਰੇਆਮ ਪੁਲਿਸ ਵਿਭਾਗ ‘ਤੇ ਹੀ ਨਸ਼ੇ ‘ਚ ਲਿਪਤ ਹੋਣ ਦੇ ਦੋਸ਼ ਲਾਏ ਹਨ?
ਜਵਾਬ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਜਿਹੜੇ ਦੋਸ਼ ਲਾਏ ਗਏ ਹਨ ਉਹ ਬਿਲਕੁਲ ਸਹੀ ਹਨ ਕਿਉਂਕਿ ਪੰਜਾਬ ਵਿੱਚ ਇੱਕ ਮਾਫ਼ੀਆ ਹੈ ਜਿਹੜਾ ਨਸ਼ੇ ਦੇ ਕਾਲੇ ਧੰਦੇ ਨੂੰ ਚਲਾ ਰਿਹਾ ਹੈ ਪੰਜਾਬ ਵਿੱਚ ਨਸ਼ੇ ਤੇ ਲਗਾਮ ਲਾਉਣੀ ਸੌਖੀ ਨਹੀਂ ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਪੁਲਿਸ ਕੋਲ ਫੜਾਇਆ ਪਰ ਹੁੰਦਾ ਇਹ ਹੈ ਕਿ ਉਹ ਸਮਾਜ ਸੇਵੀ ਹਾਲੇ ਆਪਣੇ ਘਰ ਪਹੁੰਚਦੇ ਵੀ ਨਹੀਂ, ਨਸ਼ਿਆਂ ਦੇ ਸਮੱਗਲਰ ਉਨ੍ਹਾਂ ਤੋਂ ਪਹਿਲਾਂ ਛੁੱਟ ਕੇ ਆਪਣੇ ਘਰੇ ਆ ਜਾਂਦੇ ਹਨ ਇਸ ਮਾਮਲੇ ‘ਤੇ ਵਿਚਾਰ ਕਰਨ ਦੀ ਲੋੜ ਹੈ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ

ਸਵਾਲ : ਪੰਜਾਬ ਦੀਆਂ ਭਖ਼ਦੀਆਂ ਮੰਗਾਂ ਜਿਵੇਂ ਬਿਜਲੀ ਤੇ ਹੋਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਤੁਸੀਂ ਇਸ ਬਾਰੇ ਕੁਝ ਕਰ ਰਹੇ ਹੋ?
ਜਵਾਬ : ਮੈਂ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਤੋਂ ਟਾਈਮ ਮੰਗਿਆ ਸੀ ਕਿ ਮੈਨੂੰ ਟਾਈਮ ਦਿਓ, ਬਿਜਲੀ ਦੀਆਂ ਦਰਾਂ ਬਾਰੇ ਵਿਸ਼ੇਸ਼ ਗੱਲਬਾਤ ਕਰਨੀ ਸੀ ਅਤੇ ਦੱਸਣਾ ਸੀ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ ਜਦੋਂ ਕਿ ਲੋਕਾਂ ਨੂੰ ਮਹਿੰਗੀ ਦਿੱਤੀ ਜਾ ਰਹੀ ਹੈ, ਇਸ ਤੋਂ ਉਲਟ ਦਿੱਲੀ ਵਰਗਾ ਕੇਂਦਰੀ ਸਾਸ਼ਤ ਪ੍ਰਦੇਸ਼ ਬਿਜਲੀ ਖਰੀਦ ਕੇ ਵੀ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਇਸ ਤੋਂ ਅੰਦਾਜਾ ਲੱਗਦਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਹੈ ਜਾਂ ਫਿਰ ਪੂਰੀ ਦਾਲ ਕਾਲੀ ਹੈ ਸਰਕਾਰੀ ਥਰਮਲ ਪਲਾਂਟ ਬੰਦ ਹੋ ਰਹੇ ਹਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਅਜਿਹੇ ਐਗਰੀਮੈਂਟ ਕੀਤੇ ਜਾ ਰਹੇ ਹਨ ਕਿ ਬਿਜਲੀ ਲਓ ਜਾਂ ਨਾ ਲਓ ਉਨ੍ਹਾਂ ਨੂੰ ਪੈਸੇ ਦੇਣੇ ਪੈ ਰਹੇ ਹਨ

ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਤੁਹਾਡੀ ਕੀ ਤਿਆਰੀ ਹੈ ?
ਜਵਾਬ : ਆਮ ਆਦਮੀ ਪਾਰਟੀ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਹੈ, ਹਾਲੇ ਜਿਹੜੀਆਂ ਕਮੀਆਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਸੰਗਠਿਤ ਢਾਂਚਾ ਬਣਾ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਵਾਰੋ ਵਾਰੀ ਸੱਤਾ ਹਾਸਲ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਬਾਰੇ ਵੀ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ ਅਸੀਂ ਮਿਹਨਤ ਕਰਾਂਗੇ ਅਤੇ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ

ਸਵਾਲ : ਖਹਿਰਾ, ਸੰਧੂ ਵਰਗੇ ਲੀਡਰਾਂ ਨੂੰ ਪਾਰਟੀ ਵਿੱਚ ਵਾਪਸੀ ਕਰਾਉਣ ਲਈ ਕੋਈ ਯਤਨ ਕਰੋਗੇ ?
ਜਵਾਬ : ਇਸ ਸਬੰਧੀ ਹਾਲੇ ਪਾਰਟੀ ਵੱਲੋਂ ਕੁਝ ਨਹੀਂ ਸੋਚਿਆ ਗਿਆ ਹਾਲੇ ਤਾਂ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਵਿੱਚ ਪਾਰਟੀ ਹਾਰ ਦੇ ਕਾਰਨਾਂ ਦੀ ਜਾਂਚ ਬਾਰੇ ਮੀਟਿੰਗ ਬੁਲਾਈ ਸੀ ਜਿਸ ਵਿੱਚ ਇਸ ਮਾਮਲੇ ਦੀ ਪੜਚੋਲ ਹੋ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।