ਪੰਜਾਬ ਰਾਜ ਦੇ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ

Maharaja Ranjit Singh

ਜ਼ਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ

ਜ਼ਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ, ਖਾਲਸਾ ਰਾਜ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ‘ਮਹਾਰਾਜਾ (Maharaja Ranjit Singh) ਰਣਜੀਤ ਸਿੰਘ’ ਦਾ ਜਨਮ 13 ਨਵੰਬਰ 1780 ਨੂੰ ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੱੁਖੋਂ, ਆਪਣੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹੋਇਆ, ਜਦਕਿ ਉਨ੍ਹਾਂ ਦਾ ਜੱਦੀ ਪਿੰਡ ਗੁੱਜਰਾਂਵਾਲਾ (ਪਾਕਿਸਤਾਨ) ਸੀ। ਪਿਤਾ ਮਹਾਂ ਸਿੰਘ, ਸ਼ੁਕਰਚੱਕੀਆ ਮਿਸਲ ਦੇ ਜੱਥੇਦਾਰ ਸਨ। ਚੇਚਕ ਦੀ ਬਿਮਾਰੀ ਨੇ ਭਾਵੇਂ ਬਚਪਨ ’ਚ ਹੀ ਇਸ ਮਹਾਂਨਾਇਕ ਦੀ ਖੱਬੀ ਅੱਖ ਹਮੇਸ਼ਾ ਲਈ ਖੋਹ ਕੇ ਚੇਚਕ ਦੇ ਨਿਸ਼ਾਨਾਂ ਨਾਲ ਚਿਹਰਾ ਭਰ ਦਿੱਤਾ ਪਰ ਬੁਲੰਦ ਹੌਂਸਲੇ ਦੇ ਮਾਲਕ ਇਸ ਸ਼ੇਰ ਨੇ, ਯੁੱਧ ਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ ’ਚ ਬਹੁਤ ਛੋਟੀ ਉਮਰ ’ਚ ਹੀ, ਅਸਧਾਰਨ ਨਿਪੁੰਨਤਾ ਹਾਸਲ ਕਰ ਲਈ ਸੀ।

ਸਿਰਫ 10 ਸਾਲ ਦੀ ਉਮਰ ਵਿੱਚ ਹੀ, ਆਪਣੇ ਪਿਤਾ ਦੇ ਨਾਲ, ਉਹ ਸਿਰਫ ਯੁੱਧ ਵਿੱਚ ਹਿੱਸਾ ਹੀ ਨ੍ਹੀਂ ਲੈਣ ਲੱਗ ਪਏ ਸਗੋਂ ਤਿੰਨ ਜਿੱਤਾਂ ਵੀ ਹਾਸਲ ਕੀਤੀਆਂ, ਹਾਲਾਂਕਿ ਉਨ੍ਹਾਂ ਦਾ ਪਹਿਲਾ ਨਾਂਅ ਬੁੱਧ ਸਿੰਘ ਸੀ ਪਰ ਇੰਨ੍ਹਾਂ ਜਿੱਤਾਂ ਕਾਰਨ, ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਦਾ ਨਾਂਅ ‘ਰਣਜੀਤ ਸਿੰਘ’ ਰੱਖ ਦਿੱਤਾ ਤੇ ਇਨ੍ਹਾਂ ਅੱਗੇ ਚੱਲ ਕੇ ਇਸ ਨਾਂਅ ਨੂੰ ਇਸ ਤਰ੍ਹਾਂ ਸਾਬਤ ਕਰ ਦਿਖਾਇਆ ਕਿ ਅੱਜ ਰਣਜੀਤ ਸਿੰਘ, ਖਾਸ ਨਾਂਅ ਦੀ ਥਾਂ ਦਲੇਰਾਂ ਲਈ ਜਾਤੀਵਾਚਕ ਨਾਂਅ ਵਜੋਂ ਜਾਣਿਆ ਜਾਂਦਾ ਹੈ।

ਰਣਜੀਤ ਸਿੰਘ ਦੀ ਉਮਰ 12 ਸਾਲ ਹੀ ਸੀ ਕਿ ਪਿਤਾ ਦੀ ਮੌਤ ਹੋ ਗਈ। ਇਹ ਦਲੇਰ, ਬਹਾਦਰ ਜਰਨੈਲ ਘਬਰਾਇਆ ਨਹੀਂ ਸਗੋਂ ਪੂਰੇ ਹੌਂਸਲੇ ਤੇ ਜੋਸ਼ ਨਾਲ ਮਹਾਨ ਮਾਤਾ ਰਾਜ ਕੌਰ ਦੀ ਰਹਿਨੁਮਾਈ ਤੇ ਦੀਵਾਨ ਲਖਪਤ ਰਾਏ ਦੇ ਸਾਥ ਨਾਲ, ਸ਼ੁਕਰਚੱਕੀਆ ਮਿਸਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਸਾਲ ਕੁ ਬਾਅਦ ਹੀ ਕਿਸੇ ਨੇ ਧੋਖੇ ਨਾਲ ਹਮਲਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਲੇਰ ਰਣਜੀਤ ਸਿੰਘ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਹਮਲਾਵਰ ਦਾ ਹੀ ਖਾਤਮਾ ਕਰ ਦਿੱਤਾ। ਕੁਝ ਕੁ ਸਾਲਾਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੀਵਾਨ ਲਖਪਤ ਰਾਏ ਦਾ ਵੀ ਕਤਲ ਹੋ ਗਿਆ।

1799 ਈ. ਵਿੱਚ ਲਾਹੌਰ ਜਿੱਤ ਕੇ, ਮਹਾਨ ਖਾਲਸਾ ਰਾਜ ਦੀ ਸਥਾਪਨਾ ਕੀਤੀ | Maharaja Ranjit Singh

ਪਰ ਸਿੱਖ ਧਰਮ ’ਚ ਡੂੰਘੀ ਆਸਥਾ ਰੱਖਣ ਵਾਲਾ ਇਹ ਸੂਰਮਾ ਉਦੋਂ ਤੀਕ ਪੂਰੇ ਖਾਲਸਾ ਰਾਜ ਨੂੰ ਇਕੱਠੇ ਕਰਨ ਦਾ ਪੂਰੀ ਸਿਰੜ ਤੇ ਬੁਲੰਦ ਹੌਂਸਲੇ ਨਾਲ ਪੱਕਾ ਸੰਕਲਪ ਲੈ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਕਈ ਹੋਰ ਇਲਾਕੇ ਬਹਾਦਰੀ ਨਾਲ ਜਿੱਤੇ ਤੇ 1799 ਈ. ਵਿੱਚ ਲਾਹੌਰ ਜਿੱਤ ਕੇ, ਮਹਾਨ ਖਾਲਸਾ ਰਾਜ ਦੀ ਸਥਾਪਨਾ ਕੀਤੀ। ਮਹਾਰਾਜਾ ਨੇ ਆਪਣੇ ਰਾਜ ਦਾ ਬਹੁਤ ਵਿਸਥਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਜਿਸ ਸ਼ੌਂਕ ਤੇ ਤੇਜੀ ਨਾਲ ਕਿਸੇ ਇਲਾਕੇ ਨੂੰ ਫਤਿਹ ਕਰਦੇ, ਉਨੀ ਹੀ ਤੀਬਰਤਾ ਨਾਲ ਜਿੱਤੇ ਹੋਏ ਇਲਾਕਿਆਂ ਲਈ ਸੁਚੱਜੇ ਰਾਜ ਪ੍ਰਬੰਧ ਕਰਨਾ ਵੀ ਉਹਨਾਂ ਦੀ ਬਾਕਮਾਲ ਖਾਸੀਅਤ ਸੀ। ਉਨ੍ਹਾਂ ਅੰਮਿ੍ਰਤਸਰ ਸਾਹਿਬ ਵਿਖੇ ਸਥਿਤ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਜੜਵਾ ਦਿੱਤਾ।

ਹਾਲਾਂਕਿ ਮਹਾਰਾਜਾ (Maharaja Ranjit Singh) ਰਣਜੀਤ ਸਿੰਘ ਆਪ ਸਿੱਖ ਧਰਮ ਨਾਲ ਸਬੰਧਤ ਸਨ ਤੇ ਸਿੱਖ ਧਰਮ ਨੂੰ ਸਮਰਪਿਤ ਸਨ, ਪਰ ਇਤਿਹਾਸ ’ਚ ਕੋਈ ਵੀ ਅਜਿਹਾ ਸ਼ਾਸਕ ਜਾਂ ਸਰਕਾਰ ਨਹੀਂ ਹੋਈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਤੇ ਨਿਆਂਪੂਰਨ ਰਾਜ ਪ੍ਰਬੰਧ ਕੀਤਾ ਹੋਵੇ। ਮਹਾਰਾਜਾ ਆਪ ਅਕਸਰ ਕਹਿੰਦੇ ਸਨ ਕਿ, ਰੱਬ ਨੇ ਉਨ੍ਹਾਂ ਨੂੰ ਇੱਕ ਹੀ ਅੱਖ ਦਿੱਤੀ ਹੈ ਤਾਂ ਜੋ ਉਹ ਹਰੇਕ ਧਰਮ, ਖੇਤਰ ਤੇ ਜਾਤੀ ਦੇ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ, ਹਮੇਸ਼ਾ ਇੱਕ ਅੱਖ ਨਾਲ ਹੀ ਦੇਖਣ। ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਖਾਲਸਾ ਰਾਜ ਨੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਮਾਲਾ ਵਿੱਚ ਪਰੋਣ ਦਾ ਅਸੰਭਵ ਜਾਪਦਾ ਮਹੱਤਵਪੂਰਨ ਕਾਰਜ ਸਹਿਜੇ-ਸਹਿਜੇ ਹੀ ਕਰ ਦਿੱਤਾ ਸੀ।

ਮਹਾਰਾਜਾ ਬਹੁਤ ਹੀ ਨਿਮਰ ਸੁਭਾਅ ਦੇ ਧਰਮ ਨਿਰਪੱਖ ਇਨਸਾਨ ਸਨ

ਕਿਉਂਕਿ ਮਹਾਰਾਜਾ ਬਹੁਤ ਹੀ ਨਿਮਰ ਸੁਭਾਅ ਦੇ ਧਰਮ ਨਿਰਪੱਖ ਇਨਸਾਨ ਸਨ। ਉਨ੍ਹਾਂ ਦੇ ਰਾਜ ਵਿੱਚ ਅਹੁਦੇ ਕਾਬਲੀਅਤ ਅਨੁਸਾਰ ਹੀ ਮਿਲਦੇ ਸਨ, ਇਸੇ ਲਈ ਮਹਾਰਾਜਾ ਦੇ ਰਾਜ ਵਿੱਚ ਵੱਡੇ ਅਹੁਦਿਆਂ ’ਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਵੀ ਨਿਯੁਕਤੀ ਸੀ ਮਹਾਰਾਜਾ ਆਪਣੇ-ਆਪ ਨੂੰ ਮਹਾਰਾਜਾ ਨਹੀਂ ਸਗੋਂ, ਸਿੰਘ ਸਾਹਿਬ ਅਖਵਾਉਣਾ ਜ਼ਿਆਦਾ ਪਸੰਦ ਕਰਦੇ ਸਨ ਤੇ ਪਰ ਇਨਸਾਨ ਦੀ ਪਰਖ ਕਰਨ ’ਚ ਉਹ ਸੱਚਮੁੱਚ ਦੇ ਰਾਜਾ ਸਨ, ਇਸੇ ਲਈ ਉਨ੍ਹਾਂ ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲਵਾ ਤੇ ਖਾਲਸਾ ਰਾਜ ਦੇ ਹੋਰ ਮਹਾਂਪੁਰਖਾਂ ਨੂੰ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜਿਆ। ਜਨਤਾ ਦੇ ਭਲੇ ਲਈ, ਜਿੱਥੇ ਉਹ ਆਪ ਅਕਸਰ ਭੇਸ ਬਦਲ ਕੇ, ਆਮ ਲੋਕਾਂ ਦੇ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਦੇ ਸਨ।

ਨਿਆਂਪੂਰਨ ਰਾਜ ਪ੍ਰਬੰਧ ਚਲਾਉਂਦੇ, ਉੱਥੇ ਹੀ ਆਪਣੀ ਫੌਜ ਦਾ ਵੀ ਆਧੁਨਿਕੀਕਰਨ ਕਰਦੇ ਹੋਏ ਅੰਗਰੇਜ਼ੀ ਅਫਸਰਾਂ ਤੱਕ ਦਾ ਵੀ ਪ੍ਰਬੰਧ ਕੀਤਾ। ਜਿਵੇਂ-ਜਿਵੇਂ ਰਾਜ ਵਧਦਾ ਗਿਆ, ਮਹਾਰਾਜਾ ਨੇ ਆਪਣੀ ਸੈਨਾ ਦੀ ਗਿਣਤੀ ਵਧਾਉਣ ਦੇ ਨਾਲ-ਨਾਲ, ਹਥਿਆਰਾਂ ਤੇ ਹੋਰ ਯੁੱਧ ਕਰਨ ਦੇ ਸਾਮਾਨ ਦੇ ਨਿਰਮਾਣ ਲਈ ਕਾਰਖਾਨੇ ਵੀ ਲਵਾਏ। ਮਹਾਰਾਜਾ ਰਣਜੀਤ ਸਿੰਘ ਨੇ ਜਜੀਆ ਟੈਕਸ ਖਤਮ ਕਰਕੇ, ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਤੇ ਨਾਲ ਹੀ ਮੁਗਲ ਸ਼ਾਸਕਾਂ ਦੁਆਰਾ ਛੋਟੇ-ਮੋਟੇ ਅਪਰਾਧਾਂ ਲਈ, ਅੰਗ ਕੱਟਣ ਤੇ ਫਾਂਸੀ ਦੇਣ ਵਰਗੀਆਂ ਅਣਮਨੁੱਖੀ ਸਜਾਵਾਂ ’ਤੇ ਤੁਰੰਤ ਰੋਕ ਲਾ ਕੇ, ਅੰਨ੍ਹੇਵਾਹ ਸਰਕਾਰੀ ਤਸ਼ੱਦਦ ਤੋਂ ਲੋਕਾਂ ਨੂੰ ਆਜਾਦ ਕਰਵਾ ਕੇ, ਇੱਕ ਵਿਲੱਖਣ ਰਾਜ ਪ੍ਰਬੰਧ ਚਲਾਇਆ।

ਇਹ ਵੀ ਪੜ੍ਹੋ : ਰੀਤੀ ਰਿਵਾਜਾਂ ਤੇ ਵਿਆਹ ਸਬੰਧਾਂ ’ਚ ਵੱਖਰਤਾ

ਉਸ ਲਗਭਗ 45 ਕੁ ਸਾਲਾਂ ਦੇ ਲੰਬੇ ਖਾਲਸਾਈ ਰਾਜ ’ਚ ਮਹਾਰਾਜਾ ਰਣਜੀਤ ਸਿੰਘ ਦੀ ਮਕਬੂਲੀਅਤ ਇੰਨੀ ਸੀ ਕਿ ਸ਼ਾਇਦ ਹੀ ਕਿਸੇ ਨੂੰ ਮੌਤ ਦੀ ਸਜਾ ਦਿੱਤੀ ਗਈ ਹੋਵੇ। ਬਿਨਾਂ ਕਿਸੇ ਸਖ਼ਤ ਸਜ਼ਾ ਤੋਂ ਇੰਨੇ ਵੱਡੇ ਖੇਤਰ ਦਾ ਰਾਜ ਪ੍ਰਬੰਧ, ਇੰਨੀ ਚੰਗੀ ਤਰ੍ਹਾਂ ਚਲਾਉਣ ਦੀ ਅੱਜ ਤੱਕ ਕੋਈ ਹੋਰ ਉਦਾਹਰਨ ਮਿਲਣਾ, ਨਾਮੁਮਕਿਨ ਹੈ। ਉਨ੍ਹਾਂ ਜਿੱਥੇ ਪਿੰਡਾਂ-ਕਸਬਿਆਂ ’ਚ ਛੋਟੇ-ਮੋਟੇ ਵਿਵਾਦਾਂ ਲਈ, ਸਭ ਵਰਗਾਂ ਦੀਆਂ ਸਾਂਝੀਆਂ ਪੰਚਾਇਤਾਂ ਦਾ ਗਠਨ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ, ਉੱਥੇ ਈ ਨੌਜਵਾਨਾਂ ਦੀ ਸਿਹਤ ਤੇ ਤੰਦਰੁਸਤੀ ਲਈ ਵੀ ਵੱਡੇ ਉਪਰਾਲੇ ਕੀਤੇ।

ਆਪ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸਰਕਾਰੀ ਆਦੇਸ਼ ਲਿਖਤੀ ਰੂਪ ’ਚ ਜਾਰੀ ਕਰਨ ਦੀ ਸ਼ੁਰੂਆਤ ਵੀ, ਉਨ੍ਹਾਂ ਹੀ ਕੀਤੀ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਸਿੱਕੇ ਚਲਾਉਣਾ ਵੀ ਉਨ੍ਹਾਂ ਦੇ ਖਾਸ ਕਾਰਜਾਂ ’ਚੋਂ ਇੱਕ ਸੀ ਲੋਕ ਸਰਕਾਰੀ ਮਾਲੀਆ ਜਿੱਥੇ ਆਪ ਅਸਾਨੀ ਨਾਲ ਜਮ੍ਹਾ ਕਰਵਾਉਣ ਆਉਂਦੇ, ਉੱਥੇ ਹੀ ਹੜ੍ਹਾਂ ਜਾਂ ਸੋਕੇ ਵਰਗੀਆਂ ਅਫ਼ਤਾਂ ਵਿੱਚ ਮਹਾਰਾਜਾ ਆਪਣੇ ਭੰਡਾਰ, ਆਮ ਲੋਕਾਂ ਲਈ ਖੋਲ੍ਹ ਦਿੰਦੇ, ਹਾਲਾਂਕਿ ਕਿਹਾ ਤਾਂ ਇੱਥੋਂ ਤੱਕ ਜਾਂਦਾ ਹੈੇ ਕਿ ਮਹਾਰਾਜਾ ਆਪ ਭੇਸ ਬਦਲ ਕਮਜ਼ੋਰ ਲੋਕਾਂ ਦੇ ਘਰਾਂ ਤੱਕ ਬੋਰੀਆਂ ਆਪਣੇ ਪਿੰਡੇ ’ਤੇ ਰੱਖ ਕੇ ਪਹੁੰਚਾਉਂਦੇ ਰਹੇੇ। 29 ਜੂਨ 1839 ਈ. ਵਿੱਚ ਲੰਬਾ ਸਮਾਂ ਰਾਜ ਕਰਨ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵੱਲੋਂ ਗੋਆ ਜਮੀਨ ਦਾ ਠੇਕਾ ਹੋਵੇਗਾ ਰੱਦ

ਪਰ ਮਾੜੀ ਕਿਸਮਤ ਮਹਾਰਾਜਾ (Maharaja Ranjit Singh) ਰਣਜੀਤ ਸਿੰਘ ਦੇ ਵਾਰਿਸਾਂ ’ਚੋਂ ਖਾਲਸਾ ਰਾਜ ਸੰਭਾਲਣ ਦੀ ਯੋਗਤਾ ਕਿਸੇ ’ਚ ਵੀ ਨਹੀਂ ਸੀ। ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਕਾਬਲੀਅਤ ਦੀ ਘਾਟ ਕਾਰਨ ਖਾਲਸਾ ਰਾਜ ਖਿੰਡਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜਾਂ ਨੇ ਮਹਾਰਾਜਾ ਦਾ ਰਾਜ, ਸਾਡਾ ਆਪਣਾ ਰਾਜ, ਨੈਤਿਕਤਾ ਤੇ ਸੱਚ ਦਾ ਖਾਲਸਾ ਰਾਜ, ਸ਼ਾਤਿਰ ਤੇ ਕੋਝੀਆਂ ਚਾਲਾਂ ਖੇਡ, ਆਪਣੇ ਕਬਜ਼ੇ ਹੇਠ ਕਰ ਲਿਆ। ਭਾਰਤ ਦੀ ਸੰਸਦ ਵਿੱਚ, 20 ਅਗਸਤ 2003 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਵਜੋਂ, 22 ਫੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ, ਪਾਕਿਸਤਾਨ ਦੇ ਲਾਹੌਰ ਵਿੱਚ ਵੀ ਇਨ੍ਹਾਂ ਦਾ ਸ਼ਾਨਦਾਰ ਬੁੱਤ ਸਥਾਪਿਤ ਹੈ।

ਇਹ ਵੀ ਪੜ੍ਹੋ : Jagannath Yatra : ਬਿਜ਼ਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ, 7 ਦੀ ਮੌਤ

ਅੱਜ ਵੀ ਪੰਜਾਬ ਦੇ ਹੁਕਮਰਾਨਾਂ ਦੇ ਪਿੱਛੇ, ਵੱਡੇ ਸਰਕਾਰੀ ਦਫਤਰਾਂ ’ਚ, ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ, ਜੋ ਸਰਕਾਰਾਂ ਦੇ ਰਾਜਸੀ ਹੁਕਮਰਾਨਾਂ ਨੂੰ ਸਭ ਨੂੰ ਇੱਕ ਅੱਖ ਨਾਲ ਦੇਖਣ ਤੇ ਬਿਨਾਂ ਧਰਮ, ਜਾਤੀ ਤੇ ਖੇਤਰ ਦੀ ਭਾਵਨਾ ਦੇ, ਭਿ੍ਰਸ਼ਟਾਚਾਰ ਰਹਿਤ ਸ਼ਾਸਨ ਕਰਦਿਆਂ, ਹਰੇਕ ਦੇ ਸਰਵਪੱਖੀ ਵਿਕਾਸ ਦਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ। ਮੈਂ ਆਸ ਕਰਦਾ ਹਾਂ ਕਿ ਸਾਰੇ ਹੁਕਮਰਾਨ ਇਸ ਮਹਾਂਨਾਇਕ ਦੇ ਆਦਰਸ਼ ਰਾਮ ਰਾਜ ਤੋਂ ਸੇਧ ਲੈਂਦਿਆਂ, ਆਮ ਲੋਕਾਂ ਦੀ ਬਿਹਤਰੀ ਲਈ ਗੰਭੀਰ ਯਤਨ ਕਰਨਗੇ ਤਾਂ ਜੋ ਵਧ ਰਹੇ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਪਾੜੇ ਨੂੰ ਘੱਟ ਕੀਤਾ ਜਾ ਸਕੇ।