ਪੰਜਾਬ ਵੱਲੋਂ ਗੋਆ ਜਮੀਨ ਦਾ ਠੇਕਾ ਹੋਵੇਗਾ ਰੱਦ

Bhagwant Singh Maan

ਪ੍ਰਾਈਵੇਟ ਹੋਟਲ ਕੰਪਨੀ ਨੂੰ ਪੰਜਾਬ ਸਰਕਾਰ ਭੇਜੇਗੀ ਨੋਟਿਸ

  • ਮੁੱਖ ਮੰਤਰੀ ਭਗਵੰਤ (Bhagwant Singh Maan) ਮਾਨ ਨੇ ਲਿਆ ਫੈਸਲਾ, ਜਲਦ ਹੀ ਘੱਲਿਆ ਜਾਵੇਗਾ ਨੋਟਿਸ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੱਖਣੀ ਗੋਆ ਵਿਖੇ ਪੰਜਾਬ ਸਰਕਾਰ ਦੀ 8 ਏਕੜ ਜਮੀਨ ਬਾਰੇ ਪੰਜਾਬ ਸਰਕਾਰ ਵਲੋਂ ਫੈਸਲਾ ਲੈਂਦਿਆਂ ਪ੍ਰਾਈਵੇਟ ਹੋਟਲ ਨੂੰ ਦਿੱਤੇ ਗਏ ਟੈਂਡਰ ਨੂੰ ਰੱਦ ਕੀਤਾ ਜਾ ਰਿਹਾ ਹੈ, ਇਸ ਸਬੰਧੀ ਪ੍ਰਾਈਵੇਟ ਹੋਟਲ ਕੰਪਨੀ ਨੂੰ ਜਲਦ ਹੀ ਨੋਟਿਸ ਭੇਜ ਦਿੱਤਾ ਜਾਏਗਾ। ਇਸ ਮਗਰੋਂ ਪੁਰਾਣੇ ਟੈਂਡਰ ਨੂੰ ਰੱਦ ਕਰਨ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ (Bhagwant Singh Maan) ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਸੈਰ-ਸਪਾਟਾ ਵਿਭਾਗ ਇਸ ਸਬੰਧੀ ਕਾਰਵਾਈ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : 13 ਜੁਲਾਈ ਨੂੰ ਚੰਦਰਯਾਨ-3 ਨੂੰ ਲਾਂਚ ਕਰ ਸਕਦਾ ਹੈ ISRO

ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਜਮੀਨ ਨੂੰ ਠੇਕੇ ’ਤੇ ਦੇਣ ਮੌਕੇ ਕਥਿਤ ਤੌਰ ’ਤੇ ਨਿਯਮਾਂ ਦੀ ਅਣਦੇਖੀ ਕੀਤੀ ਸੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਵਿੱਚ ਜਮੀਨ ਪਈ ਹੈ, ਉਨਾਂ ਵਿੱਚ ਦੱਖਣੀ ਗੋਆ ਵਿਖੇ ਵੀ ਪੰਜਾਬ ਸਰਕਾਰ ਦੀ 8 ਏਕੜ ਜਮੀਨ ਪਈ ਹੈ। ਪਿਛਲੇ ਕਈ ਦਹਾਕੇ ਤੋਂ ਪੰਜਾਬ ਦੇ ਨਾਂਅ ਚਲਦੀ ਆ ਰਹੀ ਇਸ ਜਮੀਨ ਨੂੰ ਕਿਸੇ ਵੀ ਪੰਜਾਬ ਦੀ ਕਿਸੇ ਵੀ ਪਾਰਟੀ ਦੀ ਸਰਕਾਰ ਵੱਲੋਂ ਛੇੜਿਆ ਨਹੀਂ ਗਿਆ, ਕਿਉਂਕਿ ਇਸ ਜ਼ਮੀਨ ਨੂੰ ਗੋਆ ਸਰਕਾਰ ਵੱਲੋਂ ਬਾਗ ਜਾਂ ਫਿਰ ਝੋਨਾ ਲਾਉਣ ਲਈ ਹੀ ਰਾਖਵੀ ਰੱਖਿਆ ਹੋਇਆ ਹੈ। ਇਸ ਜਮੀਨ ‘ਤੇ ਖੇਤੀਬਾੜੀ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ । ਇਸ ਨੂੰ ਹੋਟਲ ਬਣਾਉਣ ਲਈ ਨਾ ਦਿੱਤੇ ਜਾਣ ਕਰਕੇੇ ਪੰਜਾਬ ਸਰਕਾਰ ਵਲੋਂ ਇਸ ਜਮੀਨ ਨੂੰ ਖ਼ਾਲੀ ਹੀ ਰੱਖਿਆ ਹੋਇਆ ਸੀ।

ਪਿਛਲੇ ਸਾਲ 2022 ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੁਝ ਹੋਟਲ ਇੰਡਸਟਰੀਜ਼ ਵੱਲੋਂ ਸਰਕਾਰ ਨਾਲ ਇਸ ਜਮੀਨ ਨੂੰ ਲੈ ਕੇ ਸੰਪਰਕ ਕੀਤਾ ਗਿਆ ਸੀ ਅਤੇ ਇਸ ਦੌਰਾਨ ਟੈਂਡਰ ਲਗਾਉਂਦੇ ਹੋਏ ਇਹ ਜਮੀਨ ਇੱਕ ਪ੍ਰਾਈਵੇਟ ਹੋਟਲ ਕੰਪਨੀ ਰਮਾਡਾ ਨੂੰ ਅਲਾਟ ਕਰ ਦਿੱਤੀ ਗਈ ਸੀ। ਰਮਾਡਾ ਇਸ ਜਮੀਨ ’ਤੇ ਝੌਂਪੜੀ ਅਤੇ ਬੈਂਚ ਲਗਾ ਕੇ ਹੋਟਲ ਵਾਂਗ ਇਸ ਨੂੰ ਚਲਾਉਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਜਮੀਨ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਇਹ ਮੰਨ ਰਹੀ ਹੈ ਕਿ ਮੌਜੂਦਾ ਸਮੇਂ ਵਿੱਚ 1 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਕਾਫ਼ੀ ਜਿਆਦਾ ਘੱਟ ਹੈ, ਜਿਸ ਕਾਰਨ ਪਿਛਲੇ ਟੈਂਡਰ ਨੂੰ ਰੱਦ ਕਰਦੇ ਹੋਏ ਨਵੇਂ ਟੈਂਡਰ ਜਾਰੀ ਕੀਤੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੁੱਧਵਾਰ ਨੂੰ ਇਸ ਸਬੰਧੀ ਸਿਧਾਂਤਕ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

ਵਿਜੀਲੈਂਸ ਵੀ ਕਰ ਰਹੀ ਐ ਜਾਂਚ, ਚਰਨਜੀਤ ਚੰਨੀ ਰਡਾਰ ’ਤੇ | Bhagwant Singh Maan

ਗੋਆ ਜਮੀਨ ਨੂੰ ਠੇਕੇ ’ਤੇ ਦਿੱਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੀ ਜਾਂਚ ਕਰ ਰਹੀ ਹੈ। ਪੰਜਾਬ ਵਿਜੀਲੈਂਸ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਇਸ ਜਮੀਨ ਨੂੰ ਠੇਕੇ ’ਤੇ ਦੇਣ ਮੌਕੇ ਕਿਹੜੇ ਕਿਹੜੇ ਕਾਨੂੰਨ ਨੂੰ ਤੋੜਿਆ ਗਿਆ ਜਾਂ ਫਿਰ ਸਾਫ਼ ਤਰੀਕੇ ਨਾਲ ਟੈਂਡਰ ਕਰਦੇ ਹੋਏ ਜਮੀਨ ਨੂੰ ਠੇਕੇ ’ਤੇ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਰਡਾਰ ’ਤੇ ਹਨ।