ਉਨਾਵ ਦੀ ਤਰਾਸਦੀ ਤੋਂ ਪੈਦਾ ਹੋਏ ਸਵਾਲ

Questions, Arising, Tragedy, Inferiority

ਲਲਿਤ ਗਰਗ

ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਦੁਰਾਚਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀਆਂ ਭਿਆਨਕ ਅਤੇ ਖੌਫਨਾਕ ਘਟਨਾਵਾਂ ਘਟੀਆਂ ਹਨ, ਉਹ ਨਾ ਸਿਰਫ਼ ਦੇਸ਼ ਦੇ ਰਾਜਨੀਤਕ ਚਰਿੱਤਰ ‘ਤੇ ਬਦਨੁਮਾ ਦਾਗ ਹੈ ਸਗੋਂ ਮੂੰਹ ਕਾਲਾ ਕਰ ਦਿੱਤਾ ਹੈ ਕਾਨੂੰਨ ਅਤੇ ਵਿਵਸਥਾ ਦੇ ਸੂਤਰਧਾਰਾਂ ਦਾ। ਇਸ ਤੋਂ ਵੱਡੀ ਵਿਡੰਬਨਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਪਾਸੇ ਦੁਰਾਚਾਰ ਤੋਂ  ਬਾਅਦ ਲੜਕੀ ਹਰ ਪੱਧਰ ‘ਤੇ ਨਿਆਂ ਦੀ ਗੁਹਾਰ ਲਾ ਰਹੀ ਸੀ ਤੇ ਦੂਜੇ ਪਾਸੇ ਪਰਿਵਾਰ ਸਮੇਤ ਉਸਨੂੰ ਬੇਹੱਦ ਖੌਫ਼ਨਾਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਲਜ਼ਮ ਵਿਧਾਇਕ ਵੱਲੋਂ ਲਗਾਤਾਰ ਇਸ ਪੀੜਤ ਲੜਕੀ ਅਤੇ ਉਸਦੇ ਗਰੀਬ ਪਰਿਵਾਰ ਨੂੰ ਤਰ੍ਹਾਂ-ਤਰ੍ਹਾਂ ਨਾਲ ਧਮਕਾਇਆ ਜਾ ਰਿਹਾ ਸੀ। ਮਿਲਣ ਵਾਲੀਆਂ ਧਮਕੀਆਂ ਦੇ ਬਾਵਜੂਦ ਥੱਕ ਕੇ ਲੜਕੀ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਚਿੱਠੀ ਲਿਖੀ, ਪਰ ਉੱਥੇ ਵੀ ਇੰਨੀ ਅਰਾਜਕਤਾ ਪਸਰੀ ਸੀ ਕਿ ਚਿੱਠੀ ਉਨ੍ਹਾਂ ਤੱਕ ਪੁੱਜਣ ਹੀ ਨਹੀਂ ਦਿੱਤੀ ਗਈ। ਦੇਸ਼ ਵਿੱਚ ਰਾਜਨੀਤਕ ਗਿਰਾਵਟ ਅਤੇ ਕਦਰਾਂ-ਕੀਤਾਂ ਦੇ ਘਾਣ ਦੇ ਇਸ ਡਰਾਉਣੇ ਘਟਨਾਕ੍ਰਮ ਨੇ ਪੂਰੇ ਦੇਸ਼ ਦੀ ਆਤਮਾ ਨੂੰ ਝੰਜੋੜ ਦਿੱਤਾ, ਉਸਨੇ ਸ਼ਾਸਨ ਅਤੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਂਦੇ ਹੋਏ ਅਨੇਕਾਂ ਭਖ਼ੇ ਸਵਾਲ ਖੜ੍ਹੇ ਕੀਤੇ ਹਨ।

ਉੱਤਰ ਪ੍ਰਦੇਸ਼ ਦੇ ਰਾਜਨੀਤਕ ਇਤਿਹਾਸ ਅਤੇ ਪਿੱਠਭੂਮੀ ਵਿੱਚ ਅਜਿਹੇ ਕਾਲੇ ਪੰਨਿਆਂ ਦਾ ਲੰਮਾ ਸਿਲਸਿਲਾ ਰਿਹਾ ਹੈ। ਪਰ ਭਾਜਪਾ ਦੇ ਵਿਧਾਇਕ ਦਾ ਇਹ ਕਾਰਨਾਮਾ ਹੈਰਾਨੀ ਵਿੱਚ ਪਾਉਣ ਵਾਲਾ ਰਿਹਾ, ਕਿਉਂਕਿ ਇੱਥੇ ਚਰਿੱਤਰ ਅਤੇ ਕਦਰਾਂ-ਕੀਮਤਾਂ ਦੀ ਵਕਾਲਤ ਹੁੰਦੇ ਹੋਏ ਵੇਖੀ ਜਾਂਦੀ ਰਹੀ ਹੈ। ਪਰ ਵਿਡੰਬਨਾਪੂਰਣ ਤਾਂ ਓਦੋਂ ਲੱਗਾ ਜਦੋਂ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਪਾਰਟੀ ਅਤੇ ਸ਼ਾਸਨ ਵਿੱਚ ਡੂੰਘਾ ਸੰਨਾਟਾ ਪਸਰਿਆ ਰਿਹਾ। ਦੁਖਦਾਈ ਪਹਿਲੂ ਤਾਂ ਇਹ ਵੀ ਰਿਹਾ ਕਿ ਇਨਸਾਫ ਦੇ ਰਸਤੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਅੜਚਨਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਪਰ ਚਾਰ ਦਿਨ ਪਹਿਲਾਂ ਜਦੋਂ ਕਥਿਤ ਹਾਦਸੇ ਵਿੱਚ ਉਸਦੇ ਪਰਿਵਾਰ ਦੀਆਂ ਦੋ ਔਰਤਾਂ ਮਾਰੀਆਂ ਗਈਆਂ ਅਤੇ ਉਹ ਖੁਦ ਬੁਰੀ ਤਰ੍ਹਾਂ ਜਖ਼ਮੀ ਹੋ ਕੇ ਮੌਤ ਨਾਲ ਲੜ ਰਹੀ ਹੈ, ਤੱਦ ਜਾ ਕੇ ਸਬੰਧਿਤ ਪੱਖਾਂ ਦੀ ਸਰਗਰਮੀ ਦਿਸ ਰਹੀ ਹੈ। ਸਵਾਲ ਹੈ ਕਿ ਅਜਿਹੇ ਮਾਮਲਿਆਂ ਵਿੱਚ ਵੀ ਪੱਖਪਾਤ ਕਿਉਂ? ਕਿਉਂ ਇੰਨਾ ਸਮਾਂ ਲੱਗਾ ਇਸ ਘਟਨਾ ਦੇ ਖਿਲਾਫ ਕਾਰਵਾਈ ਦਾ ਫ਼ੈਸਲਾ ਲੈਣ ‘ਚ? ਕੀ ਅਜਿਹੇ ਘਿਨੌਣੇ ਹਾਦਸਿਆਂ ਵਿੱਚ ਵੀ ਰਾਜਨੀਤਕ ਨਫ਼ੇ-ਨੁਕਸਾਨ ਦਾ ਹਿਸਾਬ ਵੇਖਣਾ ਜਰੂਰੀ ਹੈ? ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੀ ਕੇਂਦਰ ਸਰਕਾਰ ਕਿਉਂ ਹਰਕਤ ਵਿੱਚ ਆਈ? ਬੇਸ਼ੱਕ ਹੀ ਹੁਣ ਇਸ ਹਾਦਸੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ, ਜਿਸ ਨੇ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਹੋਰ ਦਸ ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਰ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ, ਇਸ ਲਈ ਤਾਂ ਸਖ਼ਤ ਕਾਰਵਾਈ ਜਰੂਰੀ ਹੈ, ਇੱਕ ਸਖ਼ਤ ਸੁਨੇਹਾ ਜਾਣਾ ਜਰੂਰੀ ਹੈ।

ਸਾਫ਼ ਹੈ ਕਿ ਦੁਰਾਚਾਰ ਪੀੜਤਾ ਨੂੰ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਮੁਲਜ਼ਮ ਵਿਧਾਇਕ ਨੇ ਕੀਤੀ। ਪੀੜਤਾ ਜਿਸ ਕਾਰ ਵਿੱਚ ਸਵਾਰ ਸੀ ਉਸ ਨੂੰ ਰਾਇਬਰੇਲੀ ਜਾਂਦੇ ਹੋਏ ਜਿਸ ਟਰੱਕ ਨੇ ਟੱਕਰ ਮਾਰੀ ਸੀ, ਉਸਦੀ ਨੰਬਰ ਪਲੇਟ ਕਾਲੇ ਰੰਗ ਨਾਲ ਢੱਕੀ ਹੋਣ ਅਤੇ ਪੀੜਤਾ ਦੀ ਸੁਰੱਖਿਆ ਵਿੱਚ ਤੈਨਾਤ ਸੁਰੱਖਿਆ ਕਰਮੀਆਂ ਦੇ ਨਾ ਹੋਣ ਦਾ ਹਾਲ ਸਾਹਮਣੇ ਆਇਆ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਮੁਲਜ਼ਮ ਨੇ ਆਪਣੇ ਰਾਜਨੀਤਕ ਵਜੂਦ ਦੀ ਭਰਪੂਰ ਦੁਰਵਰਤੋਂ ਕੀਤੀ। ਇਹੀ ਕਾਰਨ ਹੈ ਤੇ ਹੈਰਾਨੀ ਦੀ ਗੱਲ ਵੀ ਹੈ ਕਿ ਸ਼ੁਰੂਆਤੀ ਤੌਰ ‘ਤੇ ਪੁਲਿਸ ਵੱਲੋਂ ਇਸ ਨੂੰ ਇੱਕ ਆਮ ਹਾਦਸੇ ਦੇ ਰੂਪ ‘ਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂਕਿ ਲੜਕੀ ਦੇ ਖਿਲਾਫ ਹੋਣ ਵਾਲੇ ਅੱਤਿਆਚਾਰ ਤੋਂ ਲੈ ਕੇ ਹੁਣ ਤੱਕ ਜੋ ਵੀ ਹਾਲਾਤ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਉਸ ਲਈ ਇਨਸਾਫ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਹਰ ਪੱਧਰ ‘ਤੇ ਖੜ੍ਹੀਆਂ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਸਰਕਾਰ ‘ਤੇ ਇਸ ਮਾਮਲੇ ਵਿੱਚ ਨਰਮ ਰੁਖ਼ ਅਖਤਿਆਰ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ। ਅਜਿਹੇ ਵਿੱਚ ਸੁਭਾਵਿਕ ਹੀ ਵਿਰੋਧੀ ਪਾਰਟੀਆਂ ਮੁਲਜ਼ਮ ਨੂੰ ਹਿਫਾਜ਼ਤ ਦੇਣ ਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲਾ ਰਹੀਆਂ ਹਨ। ਇਸ ਤੋਂ ਪਹਿਲਾਂ ਜਦੋਂ ਲੜਕੀ ਨੇ ਆਪਣੇ ਦੁਰਾਚਾਰ ਦਾ ਮਾਮਲਾ ਜਨਤਕ ਕੀਤਾ ਸੀ ਅਤੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ, ਤੱਦ ਪੁਲਿਸ ਨੇ ਨਾ ਸਿਰਫ਼ ਉਚਿਤ ਕਦਮ ਨਹੀਂ ਚੁੱਕੇ, ਸਗੋਂ ਉਸਦੇ ਪਿਤਾ ਨੂੰ ਹਿਰਾਸਤ ਵਿੱਚ ਲਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਵੀ ਪੁਲਿਸ ‘ਤੇ ਤਸੀਹੇ ਦੇਣ ਦੇ ਇਲਜ਼ਾਮ ਲੱਗੇ ਸਨ। ਪੁਲਿਸ ਦੀ ਭੂਮਿਕਾ ਨੇ ਅਨੇਕ ਭਖ਼ੇ ਸਵਾਲ ਖੜੇ ਕੀਤੇ ਹਨ ਅਤੇ ਸਾਫ਼ ਕੀਤਾ ਕਿ ਸੱਤਾਧਾਰੀ ਅਤੇ ਪੁਲਿਸ ਦੀ ਗੰਢ-ਤੁੱਪ ਨਾਲ ਕਿੰਨਾ ਵੀ ਵੱਡਾ ਅਨਰਥ ਕੀਤਾ ਜਾ ਸਕਦਾ ਹੈ।

‘ਹੁਣ ਰਾਜਨੀਤੀ ਵਿੱਚ ਜ਼ਿਆਦਾ ਸ਼ੁੱਧਤਾ ਅਤੇ ਚਾਰਿੱਤਰਿਕ ਉੱਜਵਲਤਾ ਆਏ’ ‘ਅਮੀਰ-ਗਰੀਬ ਦੇਸ਼ਾਂ ਦੀ ਖਾਈ ਪੂਰੀ ਜਾਵੇ’, ‘ਰਾਜਨੀਤਕ ਅਪਰਾਧੀਕਰਨ ‘ਤੇ ਕਾਬੂ ਹੋਵੇ, ਪਰ ਕਿਵੇਂ? ਜਦੋਂ ਰਾਜਨੀਤੀ ਦੇ ਸਾਰੇ ਪੱਧਰਾਂ ‘ਤੇ ਆਦਰਸ਼ਹੀਣਤਾ, ਚਰਿੱਤਰਹੀਣਤਾ ਅਤੇ ਹਿੰਸਾ ਦੀ ਹਨ੍ਹੇਰੀ ਚੱਲ ਰਹੀ ਹੈ, ਜੋ ਨਵੀਂਆਂ ਕਰੂੰਬਲਾਂ ਦੇ ਨਾਲ ਪੁਰਾਣੇ ਰੁੱਖਾਂ ਨੂੰ ਵੀ ਪੁੱਟ ਰਹੀ ਹੈ। ਕਦਰਾਂ-ਕੀਮਤਾਂ ਦੇ ਬਿਖਰਾਅ ਦੇ ਇਸ ਚੱਕਰਵਾਤੀ ਦੌਰ ਵਿੱਚ ਰਾਸ਼ਟਰ ਵਿੱਚ ਉਥਲ-ਪੁਥਲ ਮੱਚੀ ਹੋਈ ਹੈ। ਹੁਣ ਨਾਇਕ ਨਹੀਂ ਬਣਦੇ, ਖਲਨਾਇਕ ਸੰਮੋਹਨ ਪੈਦਾ ਕਰ ਰਹੇ ਹਨ। ਪਰਦੇ ਦੇ ਪਿੱਛੇ ਸ਼ਤਰੰਜੀ ਚਾਲ ਚੱਲਣ ਵਾਲੇ ਮੰਚ ਦਾ ਸੰਚਾਲਨ ਕਰ ਰਹੇ ਹਨ। ਕਈਆਂ ਨੇ ਤਾਂ ਇਹ ਨੀਤੀ ਆਪਣਾ ਰੱਖੀ ਹੈ ਕਿ ਗਲਤ ਕਰੋ ਅਤੇ ਗਲਤ ਕਹੋ, ਤਾਂ ਸਾਨੂੰ ਸਭ ਸੁਣਨਗੇ। ਅਸੀਂ ਖਬਰਾਂ ਵਿੱਚ ਰਹਾਂਗੇ।

ਹੁਣ ਸ਼ਬਦਾਂ ਦੀ ਲਿੰਬ-ਪੋਚੀ ਦੀ ਹੁਸ਼ਿਆਰੀ ਨਾਲ ਸਭ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿਰਫ ਸ਼ਬਦਾਂ ਦੀ ਸਭ ਦੀ ਸਹਿਮਤੀ ਕਿਸੇ ਇੱਕ ਗਲਤ ਸ਼ਬਦ ਦੇ ਪ੍ਰਯੋਗ ਨਾਲ ਹੀ ਪਿੱਠਭੂਮੀ ਵਿੱਚ ਚਲੀ ਜਾਂਦੀ ਹੈ। ਇਹ ਰੋਜ਼ ਸੁਣਦੇ ਹਾਂ ਤੇ ਇਸ ਉਨਾਵ ਦੀ ਘਟਨਾ ਵਿੱਚ ਵੀ ਸੁਣਾਈ ਦਿੱਤਾ। ਭਾਰਤ ਵਿੱਚ ਹਾਲੇ ਵੀ ਚਾਰਿੱਤਰਿਕ ਨਿਘਾਰ, ਅਸੰਤੋਸ਼ ਅਤੇ ਬਿਖਰਾਓ ਹੈ। ਅਫਸੋਸਨਾਕ ਇਹ ਹੈ ਕਿ ਨਿਰਾਸ਼ਾ ਵਿੱਚ ਜਦੋਂ ਦੁਰਾਚਾਰ ਪੀੜਤਾ ਨੇ ਮੱਦਦ ਦੀ ਉਮੀਦ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਚਿੱਠੀ ਲਿਖੀ, ਤਾਂ ਉਹ ਵੀ ਸਮੇਂ ‘ਤੇ ਸਹੀ ਜਗ੍ਹਾ ਨਹੀਂ ਪਹੁੰਚ ਸਕੀ। ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਪੀੜਤ ਕਮਜੋਰ ਪਿੱਠਭੂਮੀ ਤੋਂ ਹੋਵੇ ਤਾਂ ਉਸ ਲਈ ਇਨਸਾਫ ਦੇ ਰਸਤੇ ‘ਚ ਕਿਸ-ਕਿਸ ਤਰ੍ਹਾਂ ਦੀਆਂ ਅੜਚਨਾਂ ਸਾਹਮਣੇ ਆ ਸਕਦੀਆਂ ਹਨ। ਮੁਲਜ਼ਮ ਰਾਜਨੀਤੀ ਨਾਲ ਜੁੜਿਆ ਹੋਵੇ ਤਾਂ ਵੱਡੇ ਤੋਂ ਵੱਡੇ ਅਪਰਾਧ ‘ਤੇ ਪਰਦਾ ਪਾਇਆ ਜਾ ਸਕਦਾ ਹੈ।

ਸੁਭਾਵਿਕ ਹੀ ਮਾਮਲੇ ਦੇ ਨੋਟਿਸ ਵਿੱਚ ਆਉਣ ਤੋਂ ਬਾਅਦ ਮੁੱਖ ਜੱਜ ਨੇ ਨਰਾਜਗੀ ਜ਼ਾਹਿਰ ਕੀਤੀ ਹੈ। ਇੰਨਾ ਤੈਅ ਹੈ ਕਿ ਇਨਸਾਫ ਦੇ ਰਸਤੇ ਵਿੱਚ ਇਸ ਮਾਮਲੇ ਨੂੰ ਇੱਕ ਕਸੌਟੀ ਵਾਂਗ ਵੇਖਿਆ ਜਾਵੇਗਾ। ਇਸ ਲਈ ਹੁਣ ਸਰਕਾਰ ਨੂੰ ਪਹਿਲ ਕਰਕੇ ਪੀੜਤਾ ਦੇ ਹੱਕ ਵਿੱਚ ਇਨਸਾਫ ਯਕੀਨੀ ਕਰਨਾ ਚਾਹੀਦਾ ਹੈ, ਚਾਹੇ ਇਸ ਲਈ ਉਸਨੂੰ ਆਪਣੀ ਪਾਰਟੀ ਦੇ ਕਿਸੇ ਵਿਧਾਇਕ ਦੇ ਖਿਲਾਫ ਕਿੰਨਾ ਵੀ ਸਖ਼ਤ ਕਦਮ ਕਿਉਂ ਨਾ ਚੁੱਕਣਾ ਪਏ। ਜਿਵੇਂ ਡਰ ਸਿਰਫ਼ ਮੌਤ ਵਿੱਚ ਹੀ ਨਹੀਂ, ਜੀਵਨ ਵਿੱਚ ਵੀ ਹੈ। ਠੀਕ ਉਸੇ ਤਰ੍ਹਾਂ ਡਰ ਸਿਰਫ਼ ਗਰੀਬੀ ਵਿੱਚ ਹੀ ਨਹੀਂ, ਰਾਜਨੀਤੀ ਵਿੱਚ ਵੀ ਹੈ। ਇਹ ਡਰ ਹੈ ਦੁਰਾਚਾਰ ਕਰਨ ਵਾਲਿਆਂ ਤੋਂ, ਸੱਤਾ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ। ਜਦੋਂ ਚਾਰੇ ਪਾਸੇ ਚੰਗੇ ਦੀ ਉਮੀਦ ਨਜ਼ਰ ਨਹੀਂ ਆਉਂਦੀ, ਓਦੋਂ ਪੀੜਤ ਅਦਾਲਤ ਵੱਲ ਮੁੜਦਾ ਹੈ ਕਾਰਨ, ਉਸ ਸਮੇਂ ਸਭ ਕੁੱਝ ਦਾਅ ‘ਤੇ ਹੁੰਦਾ ਹੈ। ਪਰ ਇਹ ਸਕਿਤੀ ਸ਼ਾਸਨ ਦੀ ਅਸਫਲਤਾ ਨੂੰ ਹੀ ਦਰਸ਼ਾਉਂਦੀ ਹੈ ।  ਦੇਸ਼ ਵਿੱਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜੋ ਵਿਵਸਥਾ ਵਿੱਚ ਸਭ ਕੁੱਝ ਚੰਗਾ ਹੋਣ ਦੀ ਪ੍ਰਕਿਰਿਆ ਨੂੰ ਹੋਰ ਦੂਰ ਲੈ ਜਾਂਦੀ ਹੈ। ਕੋਈ ਵਿਵਾਦ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਕਿਸੇ ਪਾਸੇ ਸ਼ੱਕ ਦੀ ਸੂਈ ਘੁੰਮ ਜਾਂਦੀ ਹੈ। ਪੂਰੇ ਭਾਰਤ ਦੀ ਲੋਕਤੰਤਰਿਕ ਵਿਵਸਥਾ ਵਿੱਚ ਅਨੁਸ਼ਾਸਨ, ਚਰਿੱਤਰ, ਨੈਤਿਕਤਾ ਅਤੇ ਸ਼ਾਂਤੀ ਦੀ ਆਦਰਸ਼ ਪਿੱਠਭੂਮੀ ਬਣ ਹੀ ਨਹੀਂ ਰਹੀ ਹੈ। ਜੇਕਰ ਕੋਈ ਕੋਸ਼ਿਸ਼ ਕਰ ਵੀ ਰਿਹਾ ਹੈ ਤਾਂ ਉਹ ਗਰਮ ਤਵੇ ‘ਤੇ ਹਥੇਲੀ ਰੱਖ ਕੇ ਠੰਢਾ ਕਰਨ ਦੀ ਕੋਸ਼ਿਸ਼ ਵਰਗਾ ਹੈ। ਜਿਸ ‘ਤੇ ਰਾਜਨੀਤੀ ਦੀ ਰੋਟੀ ਤਾਂ ਸੇਕੀ ਜਾ ਸਕਦੀ ਹੈ ਪਰ ਹਥੇਲੀ ਸੜੇ ਬਿਨਾਂ ਨਹੀਂ ਰਹਿੰਦੀ। ਇਸ ਲਈ ਜੋ ਨੈਤਿਕ ਅਤੇ ਚਾਰਿੱਤਰਿਕ ਚੁਣੌਤੀਆਂ ਭਾਰਤ ਦੇ ਸਾਹਮਣੇ ਹਨ, ਉਹ ਸ਼ਤਾਬਦੀਆਂ ਤੋਂ ਮਿਲ ਰਹੀਆਂ ਚੁਣੌਤੀਆਂ ਤੋਂ ਵੱਖ ਹਨ। ਇਸ ਲਈ ਇਨ੍ਹਾਂ ਦਾ ਮੁਕਾਬਲਾ ਵੀ ਵੱਖਰੇ ਤਰੀਕੇ ਨਾਲ ਕਰਨਾ ਹੋਵੇਗਾ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।