ਗੁਣਾਤਮਿਕ ਸਿੱਖਿਆ ਤਕਨੀਕੀ ਯੁੱਗ ਦੀ ਮੁੱਖ ਲੋੜ

QualitativeEducation, Requirement, Technological

ਬਲਜਿੰਦਰ ਜੌੜਕੀਆਂ 

ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਗੁਣਾਤਮਿਕ ਸਿੱਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਪਿਛਲੇ ਵਿੱਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ ‘ਤੇ ਜ਼ੋਰ ਦਿੱਤਾ ਗਿਆ। ਹਰ ਇੱਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ ਦਿੱਤਾ ਗਿਆ। ਪ੍ਰਾਇਮਰੀ, ਮਿਡਲ ਤੇ ਹਾਈ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦੀ ਜਾਂਚ ਕਰਕੇ ਹਰ ਵਿਦਿਆਰਥੀ ਦਾ ਡਾਟਾ ਤਿਆਰ ਕੀਤਾ ਗਿਆ, ਇਸ ਜਾਂਚ ਦੇ ਨਤੀਜੇ ਅਨੁਸਾਰ ਪੜ੍ਹਾਈ ‘ਚ ਕਮਜ਼ੋਰ ਬੱਚਿਆਂ ‘ਤੇ ਅਧਿਆਪਕਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਗਿਆ ਜਿਸ ਦੇ ਲਾਭਦਾਇਕ ਨਤੀਜੇ ਵੀ ਦੇਖਣ ਨੂੰ ਮਿਲੇ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਸੈਸ਼ਨ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਬੱਚਿਆਂ ਦਾ ਛਿਮਾਹੀ ਪੇਪਰਾਂ ਦੇ ਨੰਬਰਾਂ ਦਾ ਡਾਟਾ ਤਿਆਰ ਕੀਤਾ ਗਿਆ, ਇਸ ਡਾਟਾ ਸ਼ੀਟ ਵਿੱਚੋਂ 40% ਤੋਂ ਘੱਟ ਨੰਬਰ ਲੈਣ ਵਾਲੇ ਬੱਚਿਆਂ ਦੀ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ।

ਹਰ ਬੱਚੇ ਦੇ ਨੰਬਰ ਦਰਜ ਕਰਨ ਦਾ ਕਾਰਜ ਭਾਵੇਂ ਵੱਡਾ ਸੀ ਪਰ ਇਸ ਸਮੁੱਚੇ ਕਾਰਜ ਦੇ ਕਈ ਖੂਬਸੂਰਤ ਪਹਿਲੂ ਵੇਖਣ ਨੂੰ ਮਿਲੇ, ਜਦੋਂ ਪੜ੍ਹਾਈ ‘ਚ ਕਮਜ਼ੋਰ ਬੱਚਿਆਂ ਉੱਪਰ ਵਿਅਕਤੀਗਤ ਤੌਰ ‘ਤੇ ਧਿਆਨ ਦਿੱਤਾ ਗਿਆ ਤਾਂ ਉਨ੍ਹਾਂ ਦੇ ਸਿੱਖਣ ਪੱਧਰ ‘ਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ। ਇਹ ਕੰਮ ਕਰਦੇ ਸਮੇਂ ਇਨ੍ਹਾਂ ਬੱਚਿਆਂ ਦੀ ਇੱਕ ਵਿਸ਼ੇਸ਼ ਪ੍ਰੀਖਿਆ ਵੀ ਲਈ ਗਈ ਤੇ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ। ਵਟਸਐਪ ਗਰੁੱਪ ਬਣਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਤਾਲਮੇਲ ਬਿਠਾਇਆ ਗਿਆ ਤੇ ਬੱਚਿਆਂ ਨੂੰ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਵੱਲੋਂ ਨਿੱਜੀ ਤੌਰ ‘ਤੇ ਟੈਲੀਫੋਨ ਕਰਕੇ ਘਰ ਵਿਖੇ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਿਆ ਗਿਆ। ਸਿੱਖਿਆ ਕੋਈ ਦੌੜ ਨਹੀਂ ਹੁੰਦੀ ਸਗੋਂ ਸਹਿਜ਼ ਨਾਲ ਚੱਲਣ ਵਾਲੀ ਲਗਾਤਾਰ ਪ੍ਰਕਿਰਿਆ ਹੈ ਜਿਸ ਦੇ ਨਤੀਜੇ ਹੌਲੀ-ਹੌਲੀ ਪ੍ਰਾਪਤ ਕੀਤੇ ਜਾ ਸਕਦੇ ਹਨ।

ਵਧੀਆ ਨਤੀਜੇ ਦੇਣ ਦੇ ਨਾਲ-ਨਾਲ ਅਧਿਆਪਕ ਦਾ ਸਿਰਜਨਾਤਮਕ ਬਣਿਆ ਰਹਿਣਾ ਵੀ ਬਹੁਤ ਜ਼ਰੂਰੀ ਹੈ। ਪ੍ਰੰਤੂ ਫਿਰ ਵੀ ਬੋਰਡ ਕਲਾਸਾਂ ਦੇ ਬੱਚਿਆਂ ਉੱਪਰ ਵਿਸ਼ੇਸ਼ ਧਿਆਨ ਦੇਣ ਵਾਲੀ ਮੁਹਿੰਮ  ਵਿਲੱਖਣ ਕੰਮ ਸੀ ਜਿਸ ਨੇ ਪੜ੍ਹਾਈ ‘ਚ ਪਿਛਲੇ ਗਰੇਡਾਂ ਵਾਲੇ ਬੱਚਿਆਂ ਨੂੰ ਹਲੂਣ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਹੁਣ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਇੰਨੇ ਯਤਨ ਹੋਣ ਤੋਂ ਬਾਅਦ ਬੋਰਡ ਦੀਆਂ ਪ੍ਰੀਖਿਆਵਾਂ ਬਿਲਕੁਲ ਨਕਲ ਰਹਿਤ ਤੇ ਭੈਅ ਮੁਕਤ ਹੋਣ, ਤਾਂ ਜੋ ਸਹੀ ਪ੍ਰਤਿਭਾ ਸਾਹਮਣੇ ਆ ਸਕੇ।    ਦਸਵੀਂ ਜਮਾਤ ਵਾਲੀ ਇਹ ਪਹੁੰਚ ਹੇਠਲੀਆਂ ਕਲਾਸਾਂ ‘ਤੇ ਲਾਗੂ ਕਰਕੇ ਇਕੱਲੇ-ਇਕੱਲੇ ਬੱਚੇ ‘ਤੇ ਵਿਅਕਤੀਗਤ ਧਿਆਨ ਦੇਣ ਦੀ ਲੋੜ ਹੈ ਤਾਂ ਹੀ Àੁੱਪਰਲੀਆਂ ਕਲਾਸਾਂ ਵਿੱਚ ਵਧੀਆ ਬੱਚੇ ਆ ਸਕਦੇ ਹਨ। ਬਹੁਤ ਸਾਰੇ ਸਕੂਲ ਮੁਖੀਆਂ ਨੂੰ ਪ੍ਰੇਰਨਾ ਦੇ ਕੇ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਗੁਣਾਤਮਕ ਸਿੱਖਿਆ ਦੇ ਵਿਕਾਸ ਅਤੇ ਸਮਾਰਟ ਸਕੂਲਾਂ ਵਾਲੇ ਯਤਨਾਂ  ਨਾਲ ਦੋ ਤੱਥ ਸਾਹਮਣੇ ਆਏ -ਪਹਿਲਾ, ਹਰ ਇੱਕ ਬੱਚੇ ਨੂੰ ਸਕੂਲ ਅੰਦਰ ਆਪਣੀ ਹੋਂਦ ਦਾ ਅਹਿਸਾਸ ਹੋਇਆ ਅਤੇ ਦੂਸਰਾ, ਸਕੂਲਾਂ ਦੀ ਦਿੱਖ ਸੋਹਣੀ ਬਣੀ।ਹੁਣ ਜੇਕਰ ਅਸੀਂ ਅਧਿਆਪਕਾਂ ਅੰਦਰ ਪਾਈ ਜਾ ਰਹੀ ਅਸ਼ਾਂਤੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਮਸਲਾ ਤਨਖਾਹਾਂ ਘਟਾਉਣ ਦਾ ਹੈ ਖਾਸ ਕਰਕੇ ਇਹ ਅਧਿਆਪਕ ਪਿਛਲੇ ਅੱਠ-ਦਸ ਸਾਲਾਂ ਤੋਂ ਠੇਕਾ ਆਧਾਰਿਤ ਸੇਵਾ ਨਿਭਾ ਰਹੇ ਹਨ ਤੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਵੀ ਬਹੁਤ ਸ਼ਾਨਦਾਰ ਹਨ। ਇਨ੍ਹਾਂ ਅਧਿਆਪਕਾਂ ਦੇ ਯਤਨਾਂ ਸਦਕਾ ਪੰਜਾਬ ਦੇ ਸਕੂਲਾਂ ਦਾ ਵਿੱਦਿਅਕ ਪੱਧਰ ਕਾਫੀ ਉੱਚਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਮਾਹੌਲ ਸ਼ਾਂਤ ਕੀਤਾ  ਜਾਵੇ ।

ਤਨਖਾਹ ਨਾਲ ਸਾਡੇ ਸਿਰਫ਼ ਆਰਥਿਕ ਲਾਭ ਹੀ ਨਹੀਂ ਜੁੜੇ ਹੁੰਦੇ ਸਗੋਂ ਇਸ ‘ਚ ਵਿਅਕਤੀ ਦਾ ਸਮਾਜਿਕ ਰੁਤਬਾ ਅਤੇ ਉਸ ਦਾ ਸਵੈਮਾਣ ਵੀ ਸ਼ਾਮਲ ਹੁੰਦਾ ਹੈ। ਇਹ ਉਹ ਅਧਿਆਪਕ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਲੇਖੇ ਲਾਇਆ ਤੇ ਸਿੱਖਿਆ ਨੂੰ ਸਮਰਪਿਤ ਹੋ ਕੇ ਸਕੂਲਾਂ ਦੀ ਸੇਵਾ ਕੀਤੀ। ਹੁਣ ਦੂਸਰੇ ਪਾਸੇ ਜੇਕਰ ਅਸੀਂ ਸਕੂਲ ਸੁਧਾਰਾਂ ਦੀ ਗੱਲ ਕਰੀਏ ਤਾਂ ਇਹ ਗੱਲ ਮੋਟੇ ਤੌਰ ‘ਤੇ ਸਾਫ ਹੈ ਕਿ ਸਕੂਲਾਂ ਦੀ ਦਸ਼ਾ ਸੁਧਾਰਨ ਨਾਲ ਹੀ ਜਨਤਕ ਸਿੱਖਿਆ ਨੂੰ ਬਚਾਇਆ ਜਾ ਸਕਦਾ ਹੈ।ਸਿੱਖਿਆ ਦਾ ਗੁਣਾਤਮਕ ਵਿਕਾਸ ਅਜੋਕੇ ਸਮੇਂ ਦੀ ਵੱਡੀ ਲੋੜ ਹੈ ਕੇਵਲ ਕਿਤਾਬੀ ਪੜ੍ਹਾਈ ਜਾਂ ਪਾਠਕ੍ਰਮ ਦਾ ਅਧਿਐਨ ਬੱਚਿਆਂ ਦੀਆਂ ਮਾਨਸਿਕ ਅਤੇ ਭਾਵਨਾਤਮਕ ਲੋੜਾਂ ਨਹੀਂ ਪੂਰੀਆਂ ਕਰ ਸਕਦਾ। ਇਸ ਲਈ ਮਾਪਿਆਂ, ਅਧਿਆਪਕਾਂ ਤੇ ਸਰਕਾਰੀ ਤੰਤਰ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਵਿੱਚ ਜੇਕਰ ਕਿਤੇ ਕਮੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਕੇ ਇਸ ਨੂੰ ਨਾਲ ਲਾਗੂ ਕਰਨਾ ਚਾਹੀਦਾ ਹੈ। ਪੜ੍ਹੋ ਪੰਜਾਬ ਦੀਆਂ ਟੀਮਾਂ ਨੇ ਔਖੇ ਟਾਪਿਕ ਸੌਖੇ ਕਰਕੇ ਫੀਲਡ ਵਿੱਚ ਭੇਜੇ ਹਨ ਤੇ ਸਿਲੇਬਸ ਦਾ ਬੋਝ ਵੀ ਘੱਟ ਕਰਵਾਇਆ ਹੈ। ਪ੍ਰੰਤੂ ਫਿਰ ਵੀ ਕਿਤਾਬਾਂ ਦੀ ਸਮੇਂ ਸਿਰ ਛਪਾਈ, ਛੁੱਟੀਆਂ ਦਾ ਪੱਕਾ ਕੈਲੰਡਰ ਤੇ ਹਰ ਪ੍ਰਕਾਰ ਦੀ ਗਤੀਵਿਧੀ ਦੀ ਸਾਲਾਨਾ ਯੋਜਨਾਬੰਦੀ ਮੁੱਦਿਆਂ ਤੇ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਕਾਰਪੋਰੇਟ ਘਰਾਣਿਆਂ ਦੀ ਹਨ੍ਹੇਰੀ ‘ਚ ਸਕੂਲਾਂ ਨੂੰ ਬਚਾਉਣ ਲਈ ਗੁਣਾਤਮਕ ਸਿੱਖਿਆ ਹੀ ਇੱਕੋ-ਇੱਕ ਵੱਡਾ ਹਥਿਆਰ ਹੈ ਜਿਸ ਨਾਲ ਇਹ ਸਕੂਲ ਆਪਣੀ ਹੋਂਦ ਕਾਇਮ ਰੱਖ ਸਕਦੇ ਹਨ ਹਰ ਇੱਕ ਮਾਤਾ-ਪਿਤਾ ਲਈ ਆਪਣੇ ਬੱਚੇ ਦੀ ਪੜ੍ਹਾਈ ਪ੍ਰਮੁੱਖ ਹੈ ਜੇਕਰ ਸਰਕਾਰੀ ਸਕੂਲਾਂ ਵਿੱਚ ਵਧੀਆ ਪੜ੍ਹਾਈ ਮਿਲਦੀ ਹੈ ਤਾਂ ਸਕੂਲਾਂ ਵਿੱਚ ਰੌਣਕਾਂ ਪਰਤਣਗੀਆਂ।  ਸੂਚਨਾ ਤਕਨੀਕ ਦੇ ਆਉਣ ਤੋਂ ਬਾਅਦ ਬੱਚਿਆਂ ਦੇ ਸੁਫ਼ਨਿਆਂ ਦਾ ਸੰਸਾਰ ਬਹੁਤ ਵੱਡਾ ਹੋ ਚੁੱਕਾ ਹੈ। ਉਨ੍ਹਾਂ ਦੀ ਆਪਣੀ ਇੱਕ ਵੱਖਰੀ ਹੀ ਦੁਨੀਆ ਹੈ ਇਸ ਲਈ ਉਹ ਬੋਝ ਵਾਲੀ ਪੜ੍ਹਾਈ ਨਹੀਂ ਕਰ ਸਕਦੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਖੇਡਾਂ ਜਾਂ ਮਨੋਰੰਜਕ ਕਿਰਿਆਵਾਂ ਰਾਹੀਂ ਪੜ੍ਹਾਇਆ ਜਾਵੇ । ਰੱਟਾ ਮਾਰ  ਅਤੇ ਡੰਡੇ ਵਾਲੀ ਪੜ੍ਹਾਈ ਫੇਲ੍ਹ ਹੋ ਚੁੱਕੀ ਹੈ ਇਹ ਵੀ ਤੱਥ ਹੈ ਕਿ ਬੱਚੇ ਦੇ ਸਕੂਲ ਛੱਡਣ ਤੋਂ ਬਾਅਦ ਜੋ ਚੀਜ਼ਾਂ ਯਾਦ ਰਹਿ ਜਾਂਦੀਆਂ ਹਨ ਉਹ ਅਸਲ ਪੜ੍ਹਾਈ ਹੁੰਦੀ ਹੈ ਤੇ ਜੋ ਭੁੱਲ ਜਾਂਦਾ ਹੈ ਉਹ ਉਸਦੇ ਮਨ ‘ਤੇ ਲੱਦਿਆ ਵਾਧੂ ਭਾਰ ਹੁੰਦਾ ਹੈ ਸਿੱਖਿਆ ਬਹੁਤ ਹੀ ਸੂਖ਼ਮ ਵਿਸ਼ਾ ਹੈ, ਜਿੱਥੇ ਸੰਵਿਧਾਨ ਵੱਲੋਂ ਸਰਕਾਰਾਂ ਨੂੰ ਇਹ ਫਰਜ਼ ਨਿਭਾਉਣ ਲਈ ਕਿਹਾ ਗਿਆ ਹੈ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ‘ਚ ਆਪਣਾ ਯੋਗਦਾਨ ਪਾਈਏ। ਸਕੂਲਾਂ ਨੇ ਹੀ ਸਮਾਜ ਨੂੰ ਹਸਤੀਆਂ ਦੇਣੀਆਂ ਹੁੰਦੀਆਂ ਹਨ। ਸਕੂਲਾਂ ਦਾ ਵਾਤਾਵਰਨ ਇਸ ਤਰ੍ਹਾਂ ਹੋਵੇ ਕਿ ਸਕੂਲਾਂ ਵਿੱਚੋਂ ਪੈਦਾ ਹੋਣ ਵਾਲੇ ਬੱਚੇ ਇੱਕ ਸੰਤੁਲਿਤ ਸ਼ਖ਼ਸੀਅਤ ਦੇ ਮਾਲਕ ਹੋਣ ਇਸ ਸਭ ਕੁਝ ਦੀ ਪ੍ਰਾਪਤੀ ਲਈ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਅਸੀਂ ਆਪਣੇ ਨਿੱਕੇ-ਮੋਟੇ ਮੱਤਭੇਦ ਭੁਲਾ ਕੇ ਇੱਕ ਸਾਂਝੀ ਸਮਝ ਪੈਦਾ ਕਰੀਏ ਜਿਸ ਨਾਲ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦਾ ਕਲਿਆਣ ਹੋ ਸਕੇ।

ਤਲਵੰਡੀ ਸਾਬੋ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।