ਵਿਧਾਇਕਾਂ ਦੇ ਸੁਆਲਾਂ ਨੂੰ ਲੱਗਿਆ ਨਿਯਮਾਂ ਦਾ ਗ੍ਰਹਿਣ, ਨਹੀਂ ਮਿਲਣਗੇ 300 ਤੋਂ ਜ਼ਿਆਦਾ ਸੁਆਲਾਂ ਦੇ ਜੁਆਬ

Punjab Government
ਫਾਈਲ ਫੋਟੋ।

ਬਜਟ ਸੈਸ਼ਨ ਦੇ ਉਠਾਣ ਨਾਲ ਹੀ ਸੁਆਲਾਂ ਦਾ ਸਮਾਂ ਵੀ ਹੋਇਆ ਖ਼ਤਮ | Punjab VIdhan Sbha

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ 5 ਦਰਜਨ ਤੋਂ ਜਿਆਦਾ ਵਿਧਾਇਕਾਂ ਦੇ ਸੁਆਲਾਂ ਨੂੰ ਨਿਯਮਾਂ ਦਾ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਇਸ ਨਿਯਮਾਂ ਦੇ ਗ੍ਰਹਿਣ ਦੇ ਚਲਦੇ ਹੁਣ 300 ਤੋਂ ਜਿਆਦਾ ਸੁਆਲਾਂ ਦੇ ਜੁਆਬ ਵਿਧਾਇਕਾਂ ਨੂੰ ਨਹੀਂ ਮਿਲਣਗੇ। ਇਸ ਗ੍ਰਹਿਣ ਨੂੰ ਹਟਾਉਣ ਦੀ ਨਾ ਤਾਂ ਕੋਈ ਅਪੀਲ ਚੱਲਣੀ ਹੈ ੍ਵਤੇ ਨਾ ਹੀ ਕੋਈ ਦਲੀਲ ਦਿੱਤੀ ਜਾ ਸਕਦੀ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਦੇ ਨਿਯਮ ਇਸ ਦੀ ਇਜਾਜ਼ਤ ਹੀ ਨਹੀਂ ਦਿੰਦੇ ਹਨ। ਵਿਧਾਇਕਾਂ ਦੇ ਸੁਆਲਾਂ ਨੂੰ ਗ੍ਰਹਿਣ ਇਸ ਸਾਲ ਰਿਕਾਰਡ ਘੱਟ ਵਿਧਾਨ ਸਭਾ (Punjab VIdhan Sbha) ਦੇ ਸੈਸ਼ਨ ਦੀ ਬੈਠਕ ਹੋਣ ਦੇ ਨਾਲ ਹੀ ਬਜਟ ਸੈਸ਼ਨ ਦਾ ਉਠਾਣ ਸਹੀ ਸਮੇਂ ਨਹੀਂ ਹੋਣ ਕਰਕੇ ਲੱਗਿਆ ਹੈ। ਜੇਕਰ ਇਸ ਸਾਲ ਜਿਆਦਾ ਬੈਠਕਾਂ ਹੋ ਜਾਂਦੀਆਂ ਜਾਂ ਫਿਰ ਬਜਟ ਸੈਸ਼ਨ ਦਾ ਉਠਾਣ ਤੈਅ ਸਮੇਂ ਅਨੁਸਾਰ ਹੋ ਜਾਂਦਾ ਤਾਂ ਵਿਧਾਇਕਾਂ ਦੇ ਸੁਆਲਾਂ ਨੂੰ ਇਨਾਂ ਵੱਡਾ ਗ੍ਰਹਿਣ ਨਹੀਂ ਲੱਗਣਾ ਸੀ।

ਬਜਟ ਸੈਸ਼ਨ ਦੇ ਲੰਬਾ ਚੱਲਣ ਕਰਕੇ ਵਿਧਾਇਕਾਂ ਨੂੰ ਹੋਇਆ ਨੁਕਸਾਨ | Punjab VIdhan Sbha

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਬਤੌਰ ਮੈਂਬਰ ਹਰ ਵਿਧਾਇਕ ਨੂੰ ਇਹ ਇਜਾਜ਼ਤ ਹੁੰਦੀ ਹੈ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਜਾਂ ਫਿਰ ਪੰਜਾਬ ਦੇ ਕਿਸੇ ਵੀ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਸੁਆਲ ਕਰ ਸਕਦਾ ਹੈ। ਇਸ ਲਈ ਵਿਧਾਇਕ ਨੂੰ ਲਿਖਤੀ ਤੌਰ ’ਤੇ ਸੁਆਲ ਵਿਧਾਨ ਸਭਾ ਵਿੱਚ ਲਾਉਣਾ ਹੁੰਦਾ ਹੈ ਤੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਰਾਹੀਂ ਲਿਖਤੀ ਤੌਰ ’ਤੇ ਹੀ ਜੁਆਬ ਦੇਣਾ ਹੁੰਦਾ ਹੈ। ਪੰਜਾਬ ਦੇ ਪੰਜ ਦਰਜਨ ਤੋਂ ਜਿਆਦਾ ਵਿਧਾਇਕਾਂ ਵਲੋਂ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਵਿੱਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਸੁਆਲ ਲਾਏ ਸਨ ਤਾਂ ਕਿ ਉਨ੍ਹਾਂ ਸੁਆਲਾਂ ਰਾਹੀਂ ਸਰਕਾਰ ਨੂੰ ਘੇਰਦੇ ਹੋਏ ਜੁਆਬ ਲਿਆ ਜਾ ਸਕੇ।

ਪੰਜਾਬ ਦੇ ਇਨ੍ਹਾਂ ਵਿਧਾਇਕਾਂ ਵੱਲੋਂ ਮਿਹਨਤ ਕਰਦੇ ਹੋਏ ਸੁਆਲ ਤਾਂ ਲਾਏ ਗਏ ਪਰ ਉਨਾਂ ਸੁਆਲਾਂ ਦੇ ਜੁਆਬ ਹੁਣ ਉਨ੍ਹਾਂ ਨੂੰ ਨਹੀਂ ਮਿਲਣਗੇ, ਕਿਉਂਕਿ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕਿਸੇ ਵੀ ਚਲ ਰਹੇ ਸੈਸ਼ਨ ਦੇ ਉਠਾਣ ਹੋਣ ਤੋਂ ਬਾਅਦ ਉਨ੍ਹਾਂ ਸੁਆਲਾਂ ਨੂੰ ਖ਼ਤਮ ਮੰਨਿਆ ਜਾਂਦਾ ਹੈ ਅਤੇ ਉਨਾਂ ਸੁਆਲਾਂ ਦੇ ਜੁਆਬ ਦੇਣਾ ਜਰੂਰੀ ਨਹੀਂ ਹੁੰਦਾ ਹੈ ਹਾਲਾਂਕਿ ਜਿਹੜੇ ਵਿਧਾਇਕ ਦਾ ਇੱਕ ਵੀ ਸੁਆਲ ਸਦਨ ਦੀ ਬੈਠਕ ਦੌਰਾਨ ਨਹੀਂ ਲੱਗਿਆ ਹੁੰਦਾ ਹੈ, ਉਸ ਵਿਧਾਇਕ ਨੂੰ ਜਰੂਰ ਕੁਝ ਜੁਆਬ ਮਿਲ ਸਕਦੇ ਹਨ ਪਰ ਉਨ੍ਹਾਂ ਜੁਆਬ ਨੂੰ ਲੈਣ ਲਈ ਵਿਧਾਨ ਸਭਾ ਦੇ ਸਪੀਕਰ ਦੀ ਮਿਹਰਬਾਨੀ ਜਰੂਰੀ ਹੈ, ਕਿਉਂਕਿ ਵਿਧਾਨ ਸਭਾ ਦੀ ਬੈਠਕ ਦਾ ਉਠਾਣ ਹੋਣ ਤੋਂ ਬਾਅਦ ਸਾਰੇ ਅਧਿਕਾਰ ਸਪੀਕਰ ਦੇ ਆਸ਼ੇ ਪਾਸੇ ਹੀ ਰਹਿੰਦੇ ਹਨ। ਜੇਕਰ ਵਿਧਾਨ ਸਭਾ ਸਪੀਕਰ ਦੀ ਮਿਹਰਾਬਾਨੀ ਹੋ ਜਾਵੇ ਤਾਂ ਕੁਝ ਵਿਧਾਇਕਾਂ ਨੂੰ ਜੁਆਬ ਮਿਲ ਸਕਦੇ ਹਨ ਪਰ ਇਹ ਮਿਹਰਬਾਨੀ ਕੁਝ ਵਿਧਾਇਕਾਂ ਤੱਕ ਹੀ ਸੀਮਤ ਰਹਿੰਦੀ ਹੈ।

ਅਣਸਟਾਰ ਹੋਣਗੇ ਸੁਆਲ, ਸਰਕਾਰ ਦੀ ਸਹੂਲਤ ਅਨੁਸਾਰ ਮਿਲਨਗੇ ਜੁਆਬ

ਕਿਸੇ ਵੀ ਵਿਧਾਨ ਸਭਾ ਸੈਸ਼ਨ ਦਾ ਉਠਾਣ ਹੋਣ ਤੋਂ ਬਾਅਦ ਜਿਹੜੇ ਸੁਆਲ ਬਾਕੀ ਰਹਿ ਜਾਂਦੇ ਹਨ, ਉਨ੍ਹਾਂ ਨੂੰ ਅਣਸਟਾਰ ਤੇ ਲੈਪਸ ਕਰਾਰ ਕਰ ਦਿੱਤਾ ਜਾਂਦਾ ਹੈ। ਇਸ ਵਿੱਚ ਵਿਧਾਨ ਸਭਾ ਸਪੀਕਰ ਦੀ ਮਰਜ਼ੀ ਚੱਲਦੀ ਹੈ, ਜਿਸ ਵਿੱਚ ਕੁਝ ਨਾ ਕੁਝ ਹੱਦ ਤੱਕ ਸਰਕਾਰ ਦੀ ਦਖਲਅੰਦਾਜ਼ੀ ਵੀ ਚੱਲ ਜਾਂਦੀ ਹੈ। ਸਪੀਕਰ ਚਾਹੁਣ ਤਾਂ ਜਿਹੜੇ ਮਰਜ਼ੀ ਸੁਆਲ ਨੂੰ ਲੈਪਸ ਕਰਾਰ ਦੇ ਦੇਣ ਤੇ ਜਿਹੜੇ ਮਰਜ਼ੀ ਸੁਆਲ ਨੂੰ ਅਣਸਟਾਰ ਕਰ ਦਿੱਤਾ ਜਾਂਦਾ ਹੈ। ਜ਼ਿਆਦਾਤਰ ਉਨ੍ਹਾਂ ਸੁਆਲਾਂ ਨੂੰ ਹੀ ਲੈਪਸ ਕੀਤਾ ਜਾਂਦਾ ਹੈ, ਜਿਹੜੇ ਕਿ ਸਰਕਾਰ ਲਈ ਮੁਸੀਬਤ ਘੜੀ ’ਚ ਮੱਦਦ ਕਰ ਸਕਦੇ ਹਨ, ਜਿਹੜੇ ਰੁਟੀਨ ਸੁਆਲ ਹੁੰਦੇ ਹਨ, ਉਨਾਂ ਨੂੰ ਅਣਸਟਾਰ ਕਰਦੇ ਹੋਏ ਕੁਝ ਸੁਆਲਾਂ ਦੇ ਜੁਆਬ ਸਰਕਾਰ ਤੋਂ ਦਿਲਵਾ ਦਿੱਤੇ ਜਾਂਦੇ ਹਨ।