ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 170 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਤੇ ਛਾਪੇਮਾਰੀ

Punjab Pollution Control Board, Raided 170 Government, Private Hospitals

92 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ | Pollution Control Board

  • ਲੁਧਿਆਣਾ ਜ਼ਿਲ੍ਹੇ ਦੇ 25 ਹਸਪਤਾਲ ਸ਼ਾਮਲ | Pollution Control Board

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਭਰ ਵਿੱਚ 170 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਸਿਰਫ਼ 78 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ ਦੀ ਪਾਲਣਾ ਕਰਦੇ ਪਾਏ ਗਏ ਜਦ ਕਿ 92 ਹਸਪਤਾਲਾਂ ਅੰਦਰ ਛੋਟੀਆਂ ਤੋਂ ਲੈ ਕੇ ਕਈ ਵੱਡੀਆਂ ਉਣਤਾਈਆਂ ਪਾਈਆਂ ਗਈਆਂ।  ਮਿਲੀ ਜਾਣਕਾਰੀ ਅਨੁਸਾਰ ਬੋਰਡ ਦੀਆਂ 35 ਟੀਮਾਂ ਵੱਲੋਂ ਇਨ੍ਹਾਂ ਹਸਪਤਾਲਾਂ ਅੰਦਰ ਛਾਪੇਮਾਰੀ ਕੀਤੀ ਗਈ।

ਪੰਜਾਬ ਭਰ ਦੇ 8400 ਹਸਪਤਾਲਾਂ ਤੇ ਪ੍ਰਯੋਗਸ਼ਾਲਾਵਾਂ ਦਾ ਬਾਇਓ-ਮੈਡੀਕਲ ਵੇਸਟ ਦਾ ਵਿਗਿਆਨਕ ਨਿਪਟਾਰਾ ਕਰਨ ਲਈ ਪੰਜ ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਸਹੂਲਤਾਂ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਮੁਕਤਸਰ ਤੇ ਪਠਾਨਕੋਟ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਹਨ ਜੋ ਇਨ੍ਹਾਂ ਹਸਪਤਾਲਾਂ ਦਾ ਸਾਰਾ ਵੇਸਟ ਜਿਹੜਾ 15 ਤੋਂ 16 ਟਨ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਦਾ ਹੋ ਰਿਹਾ ਹੈ, ਨੂੰ ਵਿਗਿਆਨਕ ਤਰੀਕੇ ਨਾਲ ਸੋਧਣ ਦੇ ਸਮਰੱਥ ਹਨ। ਬੋਰਡ ਦੇ ਇੱਕ ਅਧਿਕਾਰੀ ਅਨੁਸਾਰ ਇਨ੍ਹਾਂ ਹਸਪਤਾਲਾਂ ਤੋਂ ਇਹ ਕੂੜਾ-ਕਰਕਟ ਜੀ. ਪੀ. ਐੱਸ. ਆਧਾਰਿਤ ਗੱਡੀਆਂ ਰਾਹੀਂ ਟਰੀਟਮੈਂਟ ਸਹੂਲਤ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਇਨ੍ਹਾਂ ਟਰੀਟਮੈਂਟ ਸਹੂਲਤਾਂ ਦੀ ਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 25 ਹਸਪਤਾਲ ਇਸ ਦੀ ਉਲੰਘਣਾ ਕਰਦੇ ਪਾਏ ਗਏ। ਜਦਕਿ ਜ਼ਿਲ੍ਹਾ ਬਠਿੰਡਾ  ਦੇ 7, ਅਮ੍ਰਿੰਤਸਰ ਜ਼ਿਲ੍ਹੇ ਵਿੱਚ 7, ਜ਼ਿਲ੍ਹਾ ਮੋਹਾਲੀ ਦੇ 6 ਹਸਪਤਾਲ ਤੇ ਕਪੂਰਥਲਾ ਜ਼ਿਲ੍ਹੇ ਵਿੱਚ ਵੀ 6 ਹਸਪਤਾਲ ਨਿਯਮਾਂ ‘ਤੇ ਖਰ੍ਹੇ ਨਹੀ ਉਤਰ ਰਹੇ ਸਨ। ਇਸੇ ਤਰ੍ਹਾਂ ਹੀ ਸੰਗਰੂਰ ਦੇ 5, ਮਾਨਸਾ ਜ਼ਿਲ੍ਹੇ ਦੇ 5 ਹਸਪਤਾਲ, ਜਲੰਧਰ ਜ਼ਿਲ੍ਹੇ ‘ਚ 3, ਰੋਪੜ, ਫਰੀਦਕੋਟ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ 4-4 ਹਸਪਤਾਲ, ਫਤਹਿਗੜ੍ਹ।

ਪਟਿਆਲਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ 2-2 ਹਸਪਤਾਲ, ਤਰਨਤਾਰਨ, ਮੋਗਾ ਤੇ ਨਵਾਂਸ਼ਹਿਰ ਅੰਦਰ 1-1 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ, 2016 ਦੀ ਉਲੰਘਣਾ ਕਰਦੇ ਪਾਏ ਗਏ। ਇਨ੍ਹਾਂ ਹਸਪਤਾਲਾਂ ‘ਚ ਬਾਇਓ-ਮੈਡੀਕਲ ਵੇਸਟ ਦੀ ਉਤਪਤੀ, ਨਿਪਟਾਰੇ ਤੇ ਇਸ ਵੇਸਟ ਨੂੰ ਵੱਖ-ਵੱਖ ਰੰਗ ਦੀਆਂ ਬਾਲਟੀਆਂ ‘ਚ ਸਾਂਭਣ ਦੀ ਸਹੂਲਤ ਮੌਜੂਦ ਨਹੀਂ ਸੀ। ਇਨ੍ਹਾਂ ਹਸਪਤਾਲਾਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਬਾਇਓ-ਮੈਡੀਕਲ ਵੇਸਟ ਸਮੁੱਚੀ ਵਾਤਾਵਰਨ ਲਈ ਖ਼ਤਰਾ : ਮਰਵਾਹਾ

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐÎੱਸ. ਐÎੱਸ. ਮਰਵਾਹਾ ਨੇ ਇਨ੍ਹਾਂ ਊਣਤਾਈਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਕਿੱਤੇ ਨਾਲ ਜੁੜੇ ਸਮੂਹ ਡਾਕਟਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਇਓ-ਮੈਡੀਕਲ ਵੇਸਟ ਆਪਣੇ ਆਪ ਵਿੱਚ ਸਮੁੱਚੇ ਵਾਤਾਵਰਨ, ਕੁਦਰਤ, ਕਾਇਨਾਤ ਤੇ ਮਨੁੱਖਤਾ ਲਈ ਇੱਕ ਗੰਭੀਰ ਖ਼ਤਰਾ ਹੈ। ਇਸ ਦੀ ਮੈਡੀਕਲ ਗੰਭੀਰਤਾ ਨੂੰ ਸਮਝਦੇ ਹੋਏ ਇਸ ਵੇਸਟ ਦੇ ਵਿਗਿਆਨਕ ਨਿਪਟਾਰੇ ਲਈ ਆਪਣਾ ਨੈਤਿਕ ਤੇ ਸਮਾਜਿਕ ਫਰਜ਼ ਨਿਭਾਉਣ।