ਸਰਕਾਰੀ ਕਾਗ਼ਜ਼ਾਂ ‘ਚ ਡਿਫਾਲਟਰ ਐ ਰਾਜਿੰਦਰ ਕੌਰ ਭੱਠਲ, ਬਕਾਇਆ ਹੋਇਆ 1 ਕਰੋੜ 29 ਲੱਖ ਰੁਪਏ

rajinder kaur bhattal

ਮਾਰਚ 2017 ਤੋਂ ਹੀ ਕੀਤਾ ਹੋਇਆ ਅਣਅਧਿਕਾਰਤ ਤੌਰ ‘ਤੇ ਕੋਠੀ ‘ਤੇ ਕਬਜ਼ਾ

ਹਰ ਮਹੀਨੇ ਪੈ ਰਿਹਾ ਐ ਜੁਰਮਾਨੇ ਸਣੇ 4 ਲੱਖ 60 ਹਜ਼ਾਰ ਰੁਪਏ ਕਿਰਾਇਆ, 28 ਮਹੀਨੇ ਦਾ ਹੋਇਆ ਬਕਾਇਆ

ਜੁਲਾਈ 2018 ਵਿੱਚ ਦਿੱਤਾ ਗਿਆ ਸੀ ਕੈਬਨਿਟ ਰੈਂਕ ਪਰ ਅਜੇ ਤੱਕ ਨਹੀਂ ਹੋਈ ਕੋਠੀ ਦੀ ਅਲਾਟਮੈਂਟ

ਮਾਰਚ 2017 ਤੋਂ ਲੈ ਕੇ ਜੁਲਾਈ 2018 ਤੱਕ 73 ਲੱਖ ਰੁਪਏ ਐ ਬਕਾਇਆ

ਅਸ਼ਵਨੀ ਚਾਵਲਾ, ਚੰਡੀਗੜ

ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਡਿਫਾਲਟਰ ਹਨ ਅਤੇ ਲੱਖ ਚਾਹੁੰਦੇ ਹੋਏ ਵੀ ਪੰਜਾਬ ਸਰਕਾਰ ਦੇ ਅਧਿਕਾਰੀ ਰਾਜਿੰਦਰ ਕੌਰ ਭੱਠਲ ਦੇ ਖ਼ਿਲਾਫ਼ ਨਾ ਹੀ ਕਾਰਵਾਈ ਕਰਨ ਜੋਗੇ ਹਨ ਅਤੇ ਨਾ ਹੀ ਉਨ੍ਹਾਂ ਵੱਲ ਚੱਲ ਰਿਹਾ 1 ਕਰੋੜ 29 ਲੱਖ ਰੁਪਏ ਦਾ ਬਕਾਇਆ ਲੈ ਸਕਦੇ ਹਨ। ਭੱਠਲ ਨੇ ਪਿਛਲੇ 28 ਮਹੀਨਿਆਂ ਤੋਂ ਚੰਡੀਗੜ ਵਿਖੇ ਸਰਕਾਰੀ ਕੋਠੀ ਦਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਭੱਠਲ ਨੂੰ ਹਰ ਮਹੀਨੇ 4 ਲੱਖ 60 ਰੁਪਏ ਦਾ ਮਾਰਕੀਟ ਕਿਰਾਏ ਸਣੇ ਜੁਰਮਾਨਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਜੁਲਾਈ 2018 ਨੂੰ ਪਲਾਨਿੰਗ ਬੋਰਡ ਦੀ ਉਪ ਚੇਅਰਮੈਨ ਬੰਨਣ ਤੋਂ ਬਾਅਦ ਕੋਠੀ ਰੱਖਣ ਦੇ ਹੱਕਦਾਰ ਬਣ ਚੁੱਕੇ ਹਨ ਪਰ ਅਜੇ ਤੱਕ ਉਨਾਂ ਨੂੰ ਚੰਡੀਗੜ ਵਿਖੇ ਕੋਈ ਵੀ ਸਰਕਾਰੀ ਕੋਠੀ ਅਲਾਟ ਹੀ ਨਹੀਂ ਹੋਈ ਹੈ ਅਤੇ ਮੌਜੂਦਾ ਸਰਕਾਰੀ ਕੋਠੀ ਨੂੰ ਨਾਜਾਇਜ਼ ਕਬਜ਼ੇ ਵਿੱਚ ਦਿਖਾਇਆ ਹੋਇਆ ਹੈ।

ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਰਾਜਿੰਦਰ ਕੌਰ ਭੱਠਲ ਨੂੰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੈਕਟਰ 2 ਵਿਖੇ ਕੋਠੀ ਨੰਬਰ 8 ਅਲਾਟ ਕਰ ਦਿੱਤੀ ਸੀ ਅਤੇ ਇਹ ਸਰਕਾਰੀ ਕੋਠੀ ਬਤੌਰ ਵਿਧਾਇਕ ਕੀਤੀ ਗਈ ਸੀ ਪਰ 2017 ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਵਿਧਾਇਕ ਵੀ ਨਹੀਂ ਰਹੀ, ਜਿਸ ਤੋ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਕੋਠੀ ਖ਼ਾਲੀ ਕਰਨ ਲਈ ਪੰਜਾਬ ਸਰਕਾਰ ਵਲੋਂ ਆਦੇਸ਼ ਜਾਰੀ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਸਰਕਾਰੀ ਕੋਠੀ ਖ਼ਾਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀ.ਡਬਲੂ.ਡੀ. ਵਿਭਾਗ ਅਤੇ ਆਮ ਤੇ ਰਾਜ ਪ੍ਰਬੰਧ ਵਿਭਾਗ ਨੇ ਇਸ ਸਰਕਾਰੀ ਕੋਠੀ ਦਾ ਮਾਰਕੀਟ ਕਿਰਾਇਆ ਸਣੇ ਜੁਰਮਾਨੇ ਦੇ ਤੌਰ ‘ਤੇ 4 ਲੱਖ 60 ਹਜ਼ਾਰ ਰੁਪਏ ਦੇ ਲਗਭਗ ਤੈਅ ਕਰ ਦਿੱਤਾ।

ਜਿਸ ਤੋ ਬਾਅਦ ਉਨ੍ਹਾਂ ਨੂੰ ਕਈ ਵਾਰ ਨੋਟਿਸ ਭੇਜਦੇ ਹੋਏ ਪੈਸੇ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਵਲੋਂ ਕੋਈ ਵੀ ਜੁਆਬ ਪੰਜਾਬ ਸਰਕਾਰ ਨੂੰ ਦਿੱਤਾ ਹੀ ਨਹੀਂ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 4 ਜੁਲਾਈ 2018 ਨੂੰ ਰਾਜਿੰਦਰ ਕੌਰ ਭੱਠਲ ਨੂੰ ਪਲਾਨਿੰਗ ਬੋਰਡ ਦਾ ਉਪ ਚੇਅਰਮੈਨ ਬਣਾਉਂਦੇ ਹੋਏ ਕੈਬਨਿਟ ਦਾ ਦਰਜ਼ਾ ਵੀ ਦੇ ਦਿੱਤਾ। ਜਿਸ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਚੰਡੀਗੜ ਵਿਖੇ ਸਰਕਾਰੀ ਕੋਠੀ ਲੈਣ ਦੀ ਹੱਕਦਾਰ ਤਾਂ ਬਣ ਬਣ ਗਏ ਪਰ ਅੱਜ ਤੱਕ ਉਨ੍ਹਾਂ ਨੂੰ ਕੋਈ ਵੀ ਸਰਕਾਰੀ ਕੋਠੀ ਅਲਾਟ ਕਰਨ ਦੇ ਆਦੇਸ਼ ਹੁਣ ਤੱਕ ਜਾਰੀ ਨਹੀਂ ਹੋਏ ਹਨ। ਜਿਸ ਕਾਰਨ ਹੁਣ ਤੱਕ ਰਾਜਿੰਦਰ ਕੌਰ ਭੱਠਲ ਨਾਜਾਇਜ਼ ਤੌਰ ‘ਤੇ ਹੀ ਇਸ ਸਰਕਾਰੀ ਕੋਠੀ ਵਿੱਚ ਰਹਿ ਰਹੀ ਹੈ। ਜਿਸ ਦਾ ਕਿ ਉਨਾਂ ਨੂੰ ਹਰ ਮਹੀਨੇ 4 ਲੱਖ 60 ਹਜ਼ਾਰ ਦੇ ਕਰੀਬ ਕਿਰਾਇਆ ਅਤੇ ਜੁਰਮਾਨਾ ਪੈ ਰਿਹਾ ਹੈ।

ਪਿਛਲੀ ਤਾਰੀਖ਼ ਤੋਂ ਹੋਈ ਅਲਾਟਮੈਂਟ ਤਾਂ ਵੀ ਦੇਣਾ ਪਏਗਾ 73 ਲੱਖ ਰੁਪਏ

ਰਾਜਿੰਦਰ ਕੌਰ ਭੱਠਲ ਨੂੰ ਜੇਕਰ ਪੰਜਾਬ ਸਰਕਾਰ ਨੇ ਪਿਛਲੀ 4 ਜੁਲਾਈ 2018 ਤੋਂ ਕੋਠੀ ਅਲਾਟਮੈਂਟ ਦੇ ਅੱਜ ਵੀ ਆਦੇਸ਼ ਜਾਰੀ ਕਰ ਦਿੱਤੇ ਤਾਂ ਵੀ ਰਾਜਿੰਦਰ ਕੌਰ ਭੱਠਲ ਨੂੰ ਹਰ ਹਾਲਤ ਵਿੱਚ 73 ਲੱਖ ਰੁਪਏ ਦੇਣੇ ਪੈਣੇ ਹਨ, ਕਿਉਂਕਿ ਮਾਰਚ 2017 ਤੋਂ ਲੈ ਕੇ ਜੁਲਾਈ 2018 ਤੱਕ ਰਾਜਿੰਦਰ ਕੌਰ ਭੱਠਲ ਕੋਲ ਕੋਈ ਅਹੁਦਾ ਨਹੀਂ ਸੀ। ਇਸ ਲਈ 4 ਲੱਖ 60 ਹਜ਼ਾਰ ਰੁਪਏ ਦੇ ਹਿਸਾਬ ਨਾਲ 73 ਲੱਖ ਰੁਪਏ ਦੇਣੇ ਪੈਣਗੇ।

ਮੁੱਖ ਸਕੱਤਰ ਕੋਲ ਪੈਡਿੰਗ ਪਈ ਐ ਫਾਈਲ, ਪੁੱਛਿਆ ਕਿਵੇਂ ਰਿਕਵਰੀ ਕਰਨੀ ਐ

ਰਾਜਿੰਦਰ ਕੌਰ ਭੱਠਲ ਨੂੰ ਕੋਠੀ ਅਲਾਟਮੈਂਟ ਅਤੇ ਲੱਖਾਂ ਰੁਪਏ ਦੇ ਬਕਾਏ ਬਾਰੇ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਪੁੱਛਿਆ ਹੈ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ ਪਰ ਅੱਜ ਤੱਕ ਇਹ ਫਾਈਲ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਪੈਡਿੰਗ ਚਲ ਰਹੀਂ ਹੈ। ਜਿਸ ਕਾਰਨ ਆਮ ਅਤੇ ਰਾਜ ਪ੍ਰਬੰਧ ਵਿਭਾਗ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।