ਪੰਜਾਬ ਪੁਲਿਸ ਨੇ ਲਾਰੈਂਸ-ਰਿੰਦਾ ਗਿਰੋਹ ਦੇ 11 ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ

rinda ganga

ਪੁਲਿਸ ਵੱਲੋਂ ਪੰਜ ਸ਼ੂਟਰਾਂ ਸਮੇਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ 9 ਹਥਿਆਰ ਅਤੇ 5 ਵਾਹਨ ਬਰਾਮਦ

  • ਕਤਲ, ਹਥਿਆਰਬੰਦ ਡਕੈਤੀ ਅਤੇ ਸੰਗਠਿਤ ਫਿਰੌਤੀ ਸਮੇਤ ਘਿਨਾਉਣੇ ਅਪਰਾਧਾਂ ਦੇ 65 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਹੇ ਗ੍ਰਿਫ਼ਤਾਰ ਵਿਅਕਤੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਏਡੀਜੀਪੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪ੍ਰਮੋਦ ਬਾਨ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਕ ਵਿਆਪਕ ਅਤੇ ਯੋਜਨਾਬੱਧ ਆਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ ਕੀਤਾ ਹੈ, ਜਿਸ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਤੋਂ 9 ਹਥਿਆਰ ਅਤੇ ਪੰਜ ਖੋਹੇ ਹੋਏ ਵਾਹਨ ਬਰਾਮਦ ਕੀਤੇ ਹਨ। ਇਹ ਕਾਰਵਾਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਖਿਲ਼ਾਫ ਘਿਨਾਉਣੇ ਅਪਰਾਧਾਂ ’ਚ ਕੇਸਾਂ ਹਨ ਦਰਜ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਕੋਦਰ, ਜਲੰਧਰ ਦੇ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਪੁਰੇਵਾਲ; ਮੋਹਾਲੀ ਦੇ ਨਵਾਂ ਸਹਿਰ ਬਡਾਲਾ ਦੇ ਸਾਗਰ ਸਿੰਘ; ਸਮਰਾਲਾ, ਲੁਧਿਆਣਾ ਦੇ ਅਮਰ ਮਲਿਕ; ਲੋਹੀਆਂ, ਜਲੰਧਰ ਦਾ ਨਵੀ; ਨਕੋਦਰ, ਜਲੰਧਰ ਦੇ ਅੰਕੁਸ਼ ਸੱਭਰਵਾਲ ਉਰਫ ਪਾਯਾ; ਊਨਾ (ਐਚਪੀ) ਦੇ ਸੁਮਿਤ ਜਸਵਾਲ ਉਰਫ ਕਾਕੂ; ਫਿਲੌਰ, ਜਲੰਧਰ ਦਾ ਅਮਨਦੀਪ ਉਰਫ ਸ਼ੂਟਰ; ਫਿਲੌਰ, ਜਲੰਧਰ ਦੇ ਸ਼ਿਵ ਕੁਮਾਰ ਉਰਫ ਸ਼ਿਵ; ਵਿਸ਼ਾਲ ਉਰਫ ਫੌਜੀ ਵਾਸੀ ਨਕੋਦਰ, ਜਲੰਧਰ; ਊਨਾ (ਐਚਪੀ) ਦੇ ਅਰੁਣ ਕੁਮਾਰ ਉਰਫ ਮਨੀ ਰਾਣਾ ਅਤੇ ਕਪੂਰਥਲਾ ਦੇ ਅਨੂੰ ਉਰਫ ਪਹਿਲਵਾਨ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।

ਏਡੀਜੀਪੀ ਪ੍ਰਮੋਦ ਬਾਨ ਜਿਹਨਾਂ ਨਾਲ ਐਸਐਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਮੌਜੂਦ ਸਨ, ਨੇ ਦੱਸਿਆ ਕਿ ਇਹ ਗਿਰੋਹ ਕਈ ਗੁਆਂਢੀ ਸੂਬਿਆਂ ਵਿੱਚ ਸਰਗਰਮ ਹੈ ਅਤੇ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ, ਡਕੈਤੀ ਅਤੇ ਨਸ਼ਾ ਤਸਕਰੀ ਜਿਹੇ ਅਪਰਾਧਾਂ ਵਿੱਚ ਸ਼ਾਮਲ ਸੀ। ਉਹਨਾਂ ਅੱਗੇ ਕਿਹਾ,“ਇਨਾਂ ਦੀ ਗਿ੍ਰਫਤਾਰੀ ਨਾਲ ਪੰਜਾਬ ਪੁਲਿਸ ਨੇ ਘੱਟੋ-ਘੱਟ ਸੱਤ ਕਤਲ, ਦੋ ਪੁਲਿਸ ਹਿਰਾਸਤ ਤੋਂ ਭਜਾਉਣ ਅਤੇ ਚਾਰ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕਰ ਦਿੱਤਾ ਹੈ।”

ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਜੈਸੀ ਘੱਟੋ-ਘੱਟ 16 ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ

ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਿਰੋਹ ਨੂੰ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਹਨੂੰਮਾਨਗੜ ਦਾ ਰਹਿਣ ਵਾਲਾ ਬਰਾੜ ਇਸ ਸਮੇਂ ਵਿਦੇਸ਼ ‘ਚ ਰਹਿ ਰਿਹਾ ਹੈ ਅਤੇ ਉਹ ਛੇ ਰਾਜਾਂ ਦੀ ਪੁਲਿਸ ਨੂੰ ਲੋੜੀਂਦਾ ਹੈ। ਉਹ ਲਾਰੈਂਸ ਬਿਸ਼ਨੋਈ ਦਾ ਜਮਾਤੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਇੱਕ ਸਾਲ ਤੋਂ ਲਾਪਤਾ ਹੈ। ਉਹਨਾਂ ਅੱਗੇ ਦੱਸਿਆ ਕਿ ਕਿ ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਜੈਸੀ ਘੱਟੋ-ਘੱਟ 16 ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।

ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਅੰਕੁਸ਼ ਸਭਰਵਾਲ ਉਰਫ ਪਾਯਾ ਵਜੋਂ ਹੋਈ ਹੈ, ਦੇ ਖਿਲਾਫ ਛੇ ਅਪਰਾਧਿਕ ਮਾਮਲੇ ਦਰਜ ਹਨ। ਅੰਕੁਸ਼ 2014 ਵਿਚ ਨਕੋਦਰ ਦੇ ਇਕ ਆਈਲੈਟਸ ਸੈਂਟਰ ਵਿਚ ਵਿਕਰਮ ਬਰਾੜ ਦਾ ਵਿਦਿਆਰਥੀ ਸੀ ਅਤੇ ਮਹਾਰਾਸਟਰ ਦੇ ਸੌਰਵ ਮਹਾਕਾਲ, ਜਿਸ ਨੂੰ ਪੁਣੇ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ, ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾ ਰਿਹਾ ਸੀ। ਮਹਾਕਾਲ ਦੇ ਸੂਬੇ ਵਿੱਚ ਦੋ ਮਹੀਨੇ ਮੌਜੂਦ ਰਹਿਣ ਦੇ ਸਮੇਂ ਦੌਰਾਨ ਉਸ ਨੇ ਮਹਾਕਾਲ ਨਾਲ ਮਿਲ ਕੇ ਪੰਜਾਬ ਵਿੱਚ ਤਿੰਨ ਅਪਰਾਧਾਂ ਨੂੰ ਅੰਜਾਮ ਵੀ ਦਿੱਤਾ ਸੀ।

ਪੰਜਾਬ ਪੁਲਿਸ ਹੁਣ ਤੱਕ 32 ਗੈਂਗ ਮੈਂਬਰਾਂ ਕਰ ਚੁੱਕੀ ਹੈ ਗ੍ਰਿਫ਼ਤਾਰ

ਐਸਐਸਪੀ ਨੇ ਦੱਸਿਆ ਕਿ ਅਰੁਣ ਕੁਮਾਰ ਉਰਫ ਮਨੀ ਰਾਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਹੈ ਅਤੇ ਲਾਰੈਂਸ-ਜੱਗੂ ਭਗਵਾਨਪੁਰੀਆ ਗਰੁੱਪ ਦੇ ਇਸ਼ਾਰੇ ’ਤੇ ਕਾਰਵਾਈ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਨੇ ਊਨਾ, ਹਿਮਾਚਲ ਪ੍ਰਦੇਸ਼ ਵਿੱਚ ਇੱਕ ਅਦਾਲਤੀ ਸੁਣਵਾਈ ਦੌਰਾਨ ਮਨੀ ਰਾਣਾ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਯੋਜਨਾ ਬਣਾਈ ਸੀ। ਉਹਨਾਂ ਦੱਸਿਆ ਕਿ ਸੁਮਿਤ ਜਸਵਾਲ ਉਰਫ ਕਾਕੂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਕਿਉਂਕਿ ਉਹ ਭੱਜਣ ਦੀ ਇਸ ਕੋਸ਼ਿਸ਼ ਲਈ ਰੇਕੀ ਕਰਨ ਅਤੇ ਲੌਜਿਸਟਿਕਸ ਦਾ ਪ੍ਰਬੰਧ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਉਨਾਂ ਕਿਹਾ ਕਿ ਇਸ ਗਿਰੋਹ ਦੀ ਗ੍ਰਿਫ਼ਤਾਰ ਨਾਲ ਦੋਆਬਾ ਖੇਤਰ ਅਤੇ ਖਾਸ ਕਰਕੇ ਜਲੰਧਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਵੱਡੀ ਸੱਟ ਵੱਜੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਸੂਬੇ ਭਰ ਵਿੱਚ ਵੱਖ-ਵੱਖ ਜੇਲਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧਤ 32 ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਦੇ ਕਬਜੇ ਵਿੱਚੋਂ 38 ਹਥਿਆਰ ਬਰਾਮਦ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ