Punjab Water Dispute: ਪਾਣੀਆਂ ਦੇ ਰਾਖੇ ਬਣਨ ਵਾਲਿਆਂ ਨੇ ਹੀ ਪੰਜਾਬ ਦੇ ਹਿੱਤਾਂ ਨਾਲ ਕੀਤਾ ਧੋਖਾ : ਬਲਤੇਜ ਪੰਨੂ

ਨਹਿਰੀ ਪਾਣੀ ਦੀ ਵਰਤੋਂ 21-22 ਫ਼ੀਸਦੀ ਤੋਂ ਵਧਾ ਕੇ 88 ਫ਼ੀਸਦੀ ਕਰਨ ਦਾ ਦਾਅਵਾ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਿਆਸੀ ਟਕਰਾਅ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਤੇ ਅਕਾਲੀ ਦਲ-ਭਾਜਪਾ ਦੀਆਂ ਪਿਛਲੀਆਂ ਸਰਕਾਰਾਂ ’ਤੇ ਸੂਬੇ ਦੇ ਜਲ ਸਰੋਤਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨ ਦੇ ਦਾਅਵੇ ਕਰਦੇ ਰਹੇ।

ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕਿ ਮਾਹਿਰ ਲੰਮੇ ਸਮੇਂ ਤੋਂ ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਚਿਤਾਵਨੀ ਦਿੰਦੇ ਰਹੇ, ਪਰ ਪਿਛਲੀਆਂ ਸਰਕਾਰਾਂ ਨੇ ਨਹਿਰਾਂ, ਸੂਇਆਂ ਤੇ ਕੱਸੀਆਂ ਦੇ ਜਾਲ ਨੂੰ ਮੁੜ ਮਜ਼ਬੂਤ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਪ੍ਰਬੰਧ ਦੀ ਅਣਦੇਖੀ ਦਾ ਖ਼ਮਿਆਜ਼ਾ ਅੱਜ ਕਿਸਾਨਾਂ ਨੂੰ ਵੱਧ ਤੋਂ ਵੱਧ ਧਰਤੀ ਹੇਠਲਾ ਪਾਣੀ ਕੱਢ ਕੇ ਭੁਗਤਣਾ ਪੈ ਰਿਹਾ ਹੈ।

ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ 2022 ’ਚ ਭਗਵੰਤ ਮਾਨ ਸਰਕਾਰ ਬਣਨ ਵੇਲੇ ਸੂਬੇ ’ਚ ਨਹਿਰੀ ਪਾਣੀ ਦੀ ਵਰਤੋਂ ਲੱਗਭੱਗ 21 ਤੋਂ 22 ਫ਼ੀਸਦੀ ਸੀ, ਜਿਹੜੀ ਹੁਣ ਵਧ ਕੇ ਕਰੀਬ 88 ਫ਼ੀਸਦੀ ਹੋ ਗਈ ਹੈ। ਸਰਕਾਰ ਨੇ ਨਹਿਰੀ ਪ੍ਰਬੰਧ ਨੂੰ ਮੁੜ ਚਾਲੂ ਕਰਨ ਲਈ ਮਿੱਟੀ ਹੇਠ ਦੱਬੀਆਂ ਕੱਸੀਆਂ ਦੀ ਪਛਾਣ ਕੀਤੀ ਤੇ ਲੱਗਭੱਗ 14 ਹਜ਼ਾਰ ਕਿੱਲੋਮੀਟਰ ਪਾਈਪ ਲਾਈਨਾਂ ਵਿਛਾਈਆਂ। ਬਲਤੇਜ ਪੰਨੂ ਨੇ ਕਿਹਾ ਕਿ ਵਿਧਾਨ ਸਭਾ ’ਚ ਪਾਸ ਕੀਤੇ ਮਤਿਆਂ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ 1994 ਦੇ ਸਮਝੌਤੇ ਦੀ ਸਮੀਖਿਆ ਕੀਤੀ ਜਾਵੇ ਤੇ ਪੰਜਾਬ ਨੂੰ ਯਮੁਨਾ ਦੇ ਪਾਣੀਆਂ ’ਚੋਂ ਉਸ ਦਾ ਜਾਇਜ਼ ਹਿੱਸਾ ਦੇਣ ਬਾਰੇ ਫ਼ੈਸਲਾ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਗੱਲਬਾਤ ਰਾਹੀਂ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਨੂੰ ਵਾਟਰ ਟ੍ਰਿਬਿਊਨਲ ਜਾਂ ਸੁਪਰੀਮ ਕੋਰਟ ਰਾਹੀਂ ਹੱਲ ਕਰਨ ਦੇ ਵਿਕਲਪ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਰੋਪੜ, ਹਰੀਕੇ ਤੇ ਫਿਰੋਜ਼ਪੁਰ ਹੈੱਡਵਰਕਸ ਦੇ ਪ੍ਰਬੰਧਨ ਤੇ ਰੱਖ-ਰਖਾਅ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਦੀਆਂ ਹੱਦਾਂ ਅੰਦਰ ਸਥਿਤ ਇਨ੍ਹਾਂ ਜਲ ਸਰੋਤਾਂ ’ਤੇ ਸੂਬੇ ਦਾ ਪ੍ਰਬੰਧਕੀ ਕੰਟਰੋਲ ਹੋਣਾ ਚਾਹੀਦਾ ਹੈ। 

ਕੈਪਟਨ ਤੇ ਬਾਦਲ ਸਰਕਾਰਾਂ ’ਤੇ ਲਾਏ ਗੰਭੀਰ ਦੋਸ਼

ਬਲਤੇਜ ਪੰਨੂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐੱਸਵਾਈਐੱਲ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸੋਨੇ ਦੀ ਕਹੀ ਅਤੇ ਚਾਂਦੀ ਦਾ ਬੱਠਲ ਭੇਂਟ ਕੀਤਾ ਸੀ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਾਦਲ ਸਰਕਾਰ ਦੇ ਸਮੇਂ ਐੱਸਵਾਈਐੱਲ ਸਬੰਧੀ ਫ਼ੈਸਲਿਆਂ ਨਾਲ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ। ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ ਤੇ ਨਹਿਰੀ ਪ੍ਰਬੰਧ ’ਚ ਅਜਿਹੇ ਬਦਲਾਅ ਕੀਤੇ ਗਏ, ਜਿਨ੍ਹਾਂ ਨਾਲ ਬਾਦਲ ਪਰਿਵਾਰ ਦੇ ਨਿੱਜੀ ਫਾਰਮ ਹਾਊਸਾਂ ਤੱਕ ਪਾਣੀ ਪਹੁੰਚਾਉਣ ਦਾ ਰਾਹ ਪੱਧਰਾ ਹੋਇਆ। ਇਹ ਦੋਸ਼ ਪੰਨੂ ਵੱਲੋਂ ਲਾਏ ਗਏ ਹਨ।

ਪਾਣੀਆਂ ਦੇ ਮਤੇ ’ਤੇ ਕਾਂਗਰਸ ਦੇ ਵਾਕਆਊਟ ਨੂੰ ਬਣਾਇਆ ਮੁੱਦਾ

ਵਿਧਾਨ ਸਭਾ ਦੇ ਹਾਲੀਆ ਸੈਸ਼ਨ ਦਾ ਹਵਾਲਾ ਦਿੰਦਿਆਂ ਪੰਨੂ ਨੇ ਕਾਂਗਰਸ ’ਤੇ ਪੰਜਾਬ ਦੇ ਪਾਣੀਆਂ ਨਾਲ ਜੁੜੇ ਮਾਮਲੇ ’ਤੇ ਸਦਨ ’ਚੋਂ ਵਾਕਆਊਟ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਪਾਣੀਆਂ ਦੇ ਹੱਕਾਂ ਬਾਰੇ ਮਤੇ ਪੇਸ਼ ਕੀਤੇ ਗਏ ਤਾਂ ਕਾਂਗਰਸ ਨੇ ਸਦਨ ’ਚ ਰਹਿ ਕੇ ਆਪਣਾ ਪੱਖ ਰੱਖਣ ਦੀ ਬਜਾਇ ਬਾਹਰ ਜਾਣ ਦਾ ਰਾਹ ਚੁਣਿਆ। ਉਨ੍ਹਾਂ ਇਹ ਵੀ ਕਿਹਾ ਕਿ ਪਾਣੀਆਂ ਦੇ ਮਾਮਲੇ ’ਤੇ ਅਕਾਲੀ-ਭਾਜਪਾ ਵੱਲੋਂ ਸਪੱਸ਼ਟ ਪੱਖ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : Vidhan Sabha Punjab: ਫਿੱਕੀ ਪਈ ਸੰਸਦੀ ਪ੍ਰਣਾਲੀ, ਵਧ ਰਿਹੈ ਟਕਰਾਅ, ਅਹਿਮ ਮੁੱਦਿਆ ’ਤੇ ਚਰਚਾ ’ਚ ਵਿਰੋਧੀ ਧਿਰ ਕਾਂਗਰਸ ਨੇ ਨਹੀਂ ਲਿਆ ਹਿੱਸਾ 

Comments

Post Your Comment

About The Author

Related Posts