ਪੰਜਾਬ ‘ਚ ਚੋਣ ਪ੍ਰਚਾਰ ਦੀ ਗੜਗੱਜ

Punjab, Campaigning

ਰਾਹੁਲ ਗਾਂਧੀ ਨੇ ਹਲਕਾ ਫਤਹਿਗੜ੍ਹ ਸਾਹਿਬ ਤੇ ਨਰਿੰਦਰ ਮੋਦੀ ਨੇ ਬਠਿੰਡਾ ਹਲਕੇ ‘ਚ ਕੀਤੀ ਰੈਲੀ

ਮੋਦੀ ਝੂਠੇ ਵਾਅਦੇ ਕਰਕੇ ਬਣੇ ਪ੍ਰਧਾਨ ਮੰਤਰੀ : ਰਾਹੁਲ ਗਾਂਧੀ

ਰਾਮ ਗੋਪਾਲ ਰਾਏਕੋਟੀ, ਲੁਧਿਆਣਾ

ਹਲਕਾ ਫਤਿਹਗੜ੍ਹ ਸਾਹਿਬ ‘ਚ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਖੰਨੇ ਦੇ ਗੱਗੜਮਾਜਰਾ ‘ਚ ਚੋਣ ਰੈਲੀ ਕਰਨ ਪੁੱਜੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਤਿੰਨ-ਚਾਰ ਵੱਡੇ-ਵੱਡੇ ਵਾਅਦੇ ਕਰਕੇ ਪ੍ਰਧਾਨ ਮੰਤਰੀ ਬਣੇ ਸਨ| ਉਨ੍ਹਾਂ ਕਿਹਾ ਸੀ ਕਿ ਉਹ ਬੇਰੁਜ਼ਗਾਰੀ ਮਿਟਾ ਦੇਣਗੇ, ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਇਸ ਤੋਂ ਇਲਾਵਾ ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਬੈਂਕ ਖਾਤੇ ਵਿੱਚ 15-15 ਲੱਖ ਰੁਪਏ ਪਾਏ ਜਾਣਗੇ ਉਹਨਾਂ ਨੋਟਬੰਦੀ ਲਾਗੂ ਕਰਕੇ ਕਾਲਾ ਧਨ ਤਾਂ ਕੀ ਲਿਆਉਣਾ ਸੀ, ਗ਼ਰੀਬਾਂ ਨੂੰ ਆਪਣੇ ਪੈਸਿਆਂ ਲਈ ਲਾਈਨਾਂ ‘ਚ ਖੜੇ ਕਰ ਦਿੱਤਾ ਨਰਿੰਦਰ ਮੋਦੀ ਨੇ ਨੋਟਬੰਦੀ ਅਤੇ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਵਰਗੇ ਦੋ ਖ਼ਤਰਨਾਕ ਕੰਮ ਕੀਤੇ,

ਜਿਸ ਨਾਲ ਦੇਸ਼ ਦੀ ਖ਼ਰੀਦ ਸਮਰੱਥਾ ਘਟ ਗਈ ਤੇ ਸਾਰੇ ਵਪਾਰ ਚੌਪਟ ਹੋ ਗਏ ਤੇ ਲੱਖਾਂ-ਕਰੋੜਾਂ ਨੌਜਵਾਨਾਂ ਨੂੰ ਨੋਟਬੰਦੀ ਅਤੇ ਜੀਐੱਸਟੀ ਨੇ ਬੇਰੁਜ਼ਗਾਰ ਕਰ ਦਿੱਤਾ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਉਠਾਇਆ ਉਨ੍ਹਾਂ ਮਾਮਲੇ ‘ਤੇ ਸੈਮ ਪਿਤ੍ਰੋਦਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਗ਼ਲਤ ਦੱਸਿਆ ਉਨ੍ਹਾਂ ਕਿਹਾ ਕਿ ਪਿਤ੍ਰੋਦਾ ਦੀ ਟਿੱਪਣੀ ਸ਼ਰਮਨਾਕ ਹੈ ਉਨ੍ਹਾਂ ਨੂੰ ਅਜਿਹੀ ਟਿੱਪਣੀ ‘ਤੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਉਨਾਂ ਪਿਤ੍ਰੋਦਾ ਨੂੰ ਫੋਨ ਕਰ ਕੇ ਦੇਸ਼ ਤੋਂ ਮਾਫ਼ੀ ਮੰਗਣ ਨੂੰ ਕਿਹਾ ਹੈ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਪਿਤ੍ਰੋਦਾ ਦੇ ਬਿਆਨ ਦਾ ਗੰਭੀਰਤਾਂ ਨਾਲ ਜਿਕਰ ਕੀਤਾ ਕਿਉਂਕਿ 1984 ਦਾ ਮਾਮਲਾ ਸਿੱਖਾਂ ਨਾਲ ਜੁੜਿਆ ਹੋਇਆ ਹੈ। ਇਸ ਬਿਆਨ ਨੂੰ ਅਧਾਰ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਗਰ ‘ਤੇ ਤਿੱਖੇ ਹਮਲੇ ਕਰ ਰਹਾ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਮਾਲਿਕ ਨਹੀਂ ਹੁੰਦਾ ਬਲਿਕ ਕਿਸਾਨ, ਮਜ਼ਦੂਰ ਮਾਲਿਕ ਹੁੰਦੇ ਹਨ ਰਾਹੁਲ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਪਰ ਕਰਜ਼ ਤੋਂ ਪਰੇਸ਼ਾਨ ਕਿਸਾਨ ਦਾ ਅੰਨਦਾਤਾ ਖ਼ੁਦਕੁਸ਼ੀ ਦੇ ਰਾਹ ਤੁਰਿਆ ਹੋਇਆ ਹੈ ਮੋਦੀ ਨੇ ਕਿਸਾਨਾਂ ਦੀਆਂ ਜਿਨਸਾਂ ਦਾ ਕਦੇ ਵੀ ਸਹੀ ਮੁੱਲ ਨਹੀਂ ਦਿੱਤਾ ਉਹਨਾਂ ਕਿਹਾ ਕਿ ਯੂਪੀਏ ਦੀ ਸਰਕਾਰ ਆਉਂਣ ‘ਤੇ ਦੇਸ਼ ਦਾ ਕੋਈ ਕਿਸਾਨ ਕਰਜ਼ ਨਾ ਵਾਪਸ ਕਰਨ ‘ਤੇ ਜੇਲ੍ਹ ‘ਚ ਨਹੀਂ ਡੱਕਿਆ ਜਾਵੇਗਾ

ਉਨ੍ਹਾਂ ਕਿਹਾ ਕਿ ਮੋਦੀ ਨੇ ਰੇਲਵੇ ਬਜਟ ਬੰਦ ਕੀਤਾ ਪਰ ਸਾਡੀ ਸਰਕਾਰ ਰੇਲਵੇ ਬਜਟ ਦੇ ਨਾਲ ਕਿਸਾਨ ਬਜਟ ਵੀ ਪੇਸ਼ ਕਰੇਗੀ ਜਿਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ 22 ਲੱਖ ਅਹੁਦੇ ਖ਼ਾਲੀ ਹਨ ਜਿਹੜੇ ਇਕ ਸਾਲ ਦੇ ਅੰਦਰ ਭਰੇ ਜਾਣਗੇ ਇਸ ਤੋਂ ਇਲਾਵਾ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ‘ਚ ਨੌਕਰੀ ਮਿਲੇਗੀ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਪਰ ਸਰਕਾਰੀ ਤੰਤਰ ਰੁਕਾਵਟ ਬਣਦਾ ਹੈ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਛੋਟੇ ਵਪਾਰ ਲਈ ਤਿੰਨ ਸਾਲ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਹੁਣ ਮੋਦੀ ਭ੍ਰਿਸ਼ਟਾਚਾਰ ਤੇ ਰੁਜ਼ਗਾਰ ‘ਤੇ ਗੱਲ ਨਹੀਂ ਕਰਦੇ ਕਦੀ ਮੇਰੇ ਨਾਲ ਇਨ੍ਹਾਂ ਮੁੱਦਿਆਂ ‘ਤੇ 15 ਮਿੰਟ ਬਹਿਸ ਕਰਨ ! ਉਸ ਤੋਂ ਬਾਅਦ ਮੋਦੀ ਦੇਸ਼ ਨੂੰ ਆਪਣਾ ਚਿਹਰਾ ਦਿਖਾਉਣ ਲਾਇਕ ਨਹੀਂ ਰਹਿਣਗੇ ਰਾਹੁਲ ਨੇ ਰੈਲੀ ‘ਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਵਾਏ

ਰਾਹੁਲ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ‘ਚ ਕੀਤੇ ਗਏ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤੇ ਪੰਜ ਸਾਲਾਂ ਵਿਚ ਸਾਰੇ ਵਾਅਦੇ ਪੂਰੇ ਹੋਣਗੇ  ਕਾਂਗਰਸ ਦਾ ਮੁੱਖ ਮੁੱਦਾ ਰੁਜ਼ਗਾਰ ਹੈ ਤੇ ਸੂਬੇ ਵਿੱਚ ਚਾਰ ਜੌਬ ਫੇਅਰ ਲੱਗ ਚੁੱਕੇ ਹਨ

ਇਸ ਮੌਕੇ ਸਾਬਕਾ ਮੰਤਰੀ ਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕਾਂ ਵਿਚ ਲਖਵੀਰ ਸਿੰਘ ਲੱਖਾ, ਅਮਰੀਕ ਸਿੰਘ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਸੁਰਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ ਜੀਪੀ, ਕਾਕਾ ਰਣਦੀਪ ਸਿੰਘ ਤੋਂ ਇਲਾਵਾ ਸਤਵਿੰਦਰ ਬਿੱਟੀ ਮੌਜੂਦ ਸਨ

ਕਾਂਗਰਸ ਦੇਸ਼ ‘ਚੋਂ 50 ਸੀਟਾਂ ਜਿੱਤਣ ਲਈ ਕਰ ਰਹੀ ਹੈ ਸੰਘਰਸ਼ : ਮੋਦੀ

ਸੁਖਜੀਤ ਮਾਨ, ਬਠਿੰਡਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਇੱਥੇ ਥਰਮਲ ਸਟੇਡੀਅਮ ‘ਚ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਦੇ ਹੱਕਾਂ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਹੀ ਆਖਿਆ ਕਿ ਕਾਂਗਰਸ ਦੇਸ਼ ਭਰ ‘ਚੋਂ 50 ਸੀਟਾਂ ਜਿੱਤਣ ਲਈ ਸੰਘਰਸ਼ ਕਰ ਰਹੀ ਹੈ ਮੋਦੀ ਨੇ ਕਿਹਾ ਕਿ ‘ਕਾਂਗਰਸ ਦੇ ਨੇਤਾ ਕਨਫਿਊਜ਼ ਅਤੇ ਸੋਚ ਡਫਿਊਜ਼ ਹੈ’

ਇਸ ਚੋਣ ਰੈਲੀ ਦੌਰਾਨ ਮੋਦੀ ਨੇ ਜ਼ਿਆਦਾ ਸਮਾਂ 84 ਕਤਲੇਆਮ ਬਾਰੇ ਹੀ ਬੋਲਿਆ  ਕਾਂਗਰਸ ਦੇ ਇੱਕ ਆਗੂ ਵੱਲੋਂ 84 ਸਬੰਧੀ ਕੀਤੀ ਗਈ ਟਿੱਪਣੀ ‘ਹੂਆ ਤੋ ਹੂਆ’ ਦਾ ਖਾਸ ਜ਼ਿਕਰ ਕਰਦਿਆਂ ਆਖਿਆ ਕਿ ‘ਐਸੇ ਕੈਸੇ ਹੂਆ’ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਹਮੇਸ਼ਾ ਹੀ 84 ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਗੰਭੀਰ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ  ਮੋਦੀ ਨੇ ਕਿਹਾ ਕਿ ਇਸ ਕਤਲੇਆਮ ‘ਚ ਸ਼ਾਮਲ ਲੋਕਾਂ ਨੂੰ ਕਾਂਗਰਸ ਨੇ ਕੇਂਦਰ ‘ਚ ਮੰਤਰੀ ਬਣਾਇਆ ਪਰ ਕਦੋਂ ਤੱਕ ਕਾਂਗਰਸ ਪੀੜਤਾਂ ਦੇ ਜ਼ਖਮਾਂ ‘ਤੇ ਲੂਣ ਛਿੜਕਦੀ ਰਹੇਗੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਾਂਗਰਸ ਦੀ ਵਜ੍ਹਾ ਕਾਰਨ ਹੀ 1947 ‘ਚ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਾਨ ‘ਚ ਗਿਆ

ਕਿਉਂਕਿ ਜੇਕਰ ਕਾਂਗਰਸ ਚਾਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਉਨ੍ਹਾਂ ਆਖਿਆ ਕਿ ਹੁਣ ਕੋਰੀਡਰ ਰਾਹੀਂ ਇਹ ਹੱਲ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪੰਜਾਬ ਨੇ ਹਿੰਦੁਸਤਾਨ ਦਾ ਪੇਟ ਭਰਿਆ ਹੈ  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਹਾ ਸੀ ਕਿ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਪੰਜਾਬ ‘ਚ ਕਿਸਾਨ ਖੁਦੁਕੁਸ਼ੀਆਂ ਕਰ ਰਹੇ ਹਨ ਇਸ ਤੋਂ ਦੁੱਖਦਾਈ ਗੱਲ ਹੋਰ ਕੀ ਹੋ ਸਕਦੀ ਹੈ  ਮੋਦੀ ਨੇ ਦਾਅਵਾ ਕੀਤਾ ਕਿ ਉਹ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ ਜਿਸਦੇ ਲਈ ਦੋ ਦਰਜ਼ਨ ਫਸਲਾਂ ਦਾ ਡੇਢ ਗੁਣਾ ਭਾਅ ਕੀਤਾ ਜਾਵੇਗਾ ਮੋਦੀ ਨੇ ਸਟੇਜ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਐਨਡੀਏ ਕੋਲ ਪ੍ਰਕਾਸ਼ ਸਿੰਘ ਬਾਦਲ ਵਰਗਾ ਤਜ਼ਰਬੇਕਾਰ ਸਿਆਸਤਦਾਨ ਹੈ

ਬਠਿੰਡਾ ਏਮਜ਼ ਦਾ ਜਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਖੇਤਰ ‘ਚ ਸਿਹਤ ਸਹੂਲਤਾਂ ਦਾ ਧਿਆਨ ਰੱਖਦਿਆਂ ਏਮਜ਼ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਰੈਲੀ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,  ਭਾਜਪਾ ਦੇ ਸੂਬਾ ਪ੍ਰਧਾਨ ਸਾਵੇਤ ਮਲਿਕ, ਸ੍ਰੋਮਣੀ ਅਕਾਲੀ ਦਲ (ਬ) ‘ਚ ਸੱਜਰੇ ਸ਼ਾਮਿਲ ਹੋਏ ਜਗਮੀਤ ਬਰਾੜ, ਗੁਲਜ਼ਾਰ ਸਿੰਘ ਰਣੀਕੇ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ 84 ਕਤਲੇਆਮ ਦੀ ਗਵਾਹ ਜਗਦੀਸ਼ ਕੌਰ ਨੇ ਵੀ ਸੰਬੋਧਨ ਕੀਤਾ ਰੈਲੀ ਦੀ ਸਮਾਪਤੀ ‘ਤੇ ਅਕਾਲੀ-ਭਾਜਪਾ ਆਗੂਆਂ ਵੱਲੋਂ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਗਿਆ   ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਰੈਲੀ ‘ਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ ਰੈਲੀ ਦੌਰਾਨ ਸਟੇਜ਼ ਦੀ ਕਾਰਵਾਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚਲਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।