ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਦੇ ਹਜਾਰਾਂ ਕਾਮੇ ਹੜਤਾਲ ’ਤੇ, ਸੈਕੜੈ ਬੱਸਾਂ ਦੇ ਪਹੀਏ ਰੁਕੇ

ਪੰਜਾਬ ਰੋਡਵੇਜ਼ ਤੇ ਪਨਬਸ ਦੇ 18 ਡਿਪੂਆਂ ਅਤੇ ਪੀਆਰਟੀਸੀ ਦੇ 9 ਡਿਪੂਆਂ ’ਚ ਰਹੀ ਹੜਤਾਲ

  • ਰੈਗੂਲਰ ਕਰਨ ਦੀ ਮੰਗ, ਨਿਗੂਣੀਆਂ ਤਨਖਾਹਾਂ ਦੇ ਕੇ ਕੀਤਾ ਜਾ ਰਿਹੈ ਸ਼ੋਸ਼ਣ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਵਿੱਚ ਕੰਮ ਕਰਦੇ ਹਜਾਰਾਂ ਕੱਚੇ ਕਾਮਿਆਂ ਵੱਲੋਂ ਆਪਣੀ ਤਿੰਨ ਰੋਜ਼ਾ ਹੜਤਾਲ ਅੱਜ ਸਵੇਰੇ ਚਾਰ ਵਜੇ ਤੋਂ ਬਾਅਦ ਸ਼ੁਰੂ ਕਰ ਦਿੱਤੀ ਗਈ। ਹੜਤਾਲ ਕਾਰਨ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਨਾਲ ਸਬਧਿਤ ਸੈਕੜੇ ਬੱਸਾਂ ਦੇ ਪਹੀਏ ਜਾਮ ਰਹੇ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਨੂੰ ਅੱਜ ਕਾਫ਼ੀ ਸਮੇਂ ਬਾਅਦ ਹੁਲਾਰਾ ਮਿਲਿਆ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ। ਇੱਧਰ ਪਟਿਆਲਾ ਬੱਸ ਸਟੈਂਡ ਤੇ ਕੱਚੇ ਕਾਮਿਆਂ ਵੱਲੋਂ ਸਵੇਰ ਤੋਂ ਹੀ ਰੋਸ਼ ਪ੍ਰਦਰਸ਼ਨ ਜਾਰੀ ਰਿਹਾ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਕੱਚੇ ਕਾਮਿਆਂ ਵੱਲੋਂ ਪੰਜਾਬ ਭਰ ਦੇ ਡਿਪੂਆਂ ਅੰਦਰ ਆਪਣੇ ਰੋਸ਼ ਪ੍ਰਦਰਸ਼ਨ ਕੀਤੇ ਗਏ। ਪੀਆਰਟੀਸੀ ਦੇ 9 ਡਿੱਪੂਆਂ ਜਦਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ 18 ਡਿੰਪੂਆਂ ’ਚ ਸਰਕਾਰ ਅਤੇ ਅਦਾਰਿਆਂ ਵਿਰੁੱਧ ਹੜ੍ਹਤਾਲ ਰਹੀ। ਪੰਜਾਬ ਰੋਡਵੇਜ ਅਤੇ ਪਨਬੱਸ ’ਚ ਤਾ ਕੱਚੇ ਕਾਮਿਆਂ ਵੱਲੋਂ ਲਗਭਗ ਮੁਕੰਮਲ ਹੜ੍ਹਤਾਲ ਦਾ ਦਾਅਵਾ ਕੀਤਾ ਗਿਆ ਅਤੇ ਸਾਰੀਆਂ ਬੱਸਾਂ ਦੇ ਪਹੀਏ ਠੱਪ ਰਹੇ। ਪੰਜਾਬ ਰੋਡਵੇਜ ਤੇ ਪਨਬੱਸ ਵਿੱਚ ਲਗਭਗ 8500 ਜਦਕਿ ਪੀਆਰਟੀਸੀ ਅੰਦਰ 4200 ਦੇ ਕਰੀਬ ਕੱਚੇ ਕਾਮਿਆਂ ਵੱਲੋਂ ਹੜ੍ਹਤਾਲ ਕਰਨ ਦਾ ਦਾਅਵਾ ਕੀਤਾ ਗਿਆ। ਉਂਜ ਕਈ ਕੱਚੇ ਮੁਲਾਜ਼ਮਾਂ ਵੱਲੋਂ ਇਸ ਹੜ੍ਹਤਾਲ ਦਾ ਹਿੱਸਾ ਨਹੀਂ ਬਣਿਆ ਗਿਆ ਅਤੇ ਉਨ੍ਹਾਂ ਵੱਲੋਂ ਆਪਣੀ ਡਿਊਟੀ ਨਿਭਾਈ ਗਈ।

ਇਸ ਦੌਰਾਨ ਡਿਊਟੀ ਦੇਣ ਵਾਲਿਆਂ ਨੂੰ ਹੜਤਾਲੀ ਠੇਕਾ ਕਾਮਿਆਂ ਵੱਲੋਂ ਉਨ੍ਹਾਂ ਦੀਆਂ ਬੱਸਾਂ ਰੋਕ ਕੇ ਉਨ੍ਹਾਂ ਨੂੰ ਹੜ੍ਹਤਾਲ ’ਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ ਅਤੇ ਕਿਹਾ ਗਿਆ ਕਿ ਇਕੱਠੇ ਹੋਕੇ ਹੀ ਆਪਣੇ ਹੱਕ ਲਏ ਜਾ ਸਕਦੇ ਹਨ। ਇਸ ਮੌਕੇ ਯੂਨੀਅਨ ਦੇ ਆਗੂਆਂ ਬਲਜਿੰਦਰ ਸਿੰਘ ਬਰਾੜ, ਹਰਕੇਸ਼ ਵਿੱਕੀ ਨੇ ਦੱਸਿਆ ਕਿ ਪੀਆਰਟੀਸੀ ਵਿੱਚ ਤਾ ਜੋਂ ਕਲੈਕਰੀਕਲ ਅਤੇ ਵਰਕਰਸ਼ਾਪ ਅੰਦਰ ਕੱਚੇ ਕਾਮੇ ਕੰਮ ਕਰ ਰਹੇ ਹਨ, ਉਹ ਵੀ ਹੜ੍ਹਤਾਲ ਤੇ ਹਨ।

ਉਨ੍ਹਾਂ ਦੱਸਿਆ ਕਿ ਸੈਕੜੇ ਬੱਸਾਂ ਦੇ ਪਹੀਏ ਤਿੰਨ ਦਿਨ ਇਸੇ ਤਰ੍ਹਾਂ ਜਾਮ ਰਹਿਣਗੇ ਅਤੇ ਇਨ੍ਹਾਂ ਅਦਾਰਿਆਂ ਨੂੰ ਅੱਜ ਲੱਖਾਂ ਦਾ ਘਾਟਾ ਸਹਿਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 12-12 ਸਾਲਾਂ ਤੋਂ ਸਿਰਫ਼ 8 ਹਜਾਰ ਦੀਆਂ ਤਨਖਾਹਾਂ ਤੇ ਧੱਕੇ ਖਾ ਰਹੇ ਹਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਤਾਂ ਸਰਕਾਰੀ ਬੱਸਾ ਘੱਟ ਕੀਤੀਆਂ ਗਈਆਂ ਫੇਰ ਬਜਟ ਬੰਦ ਕੀਤਾ ਗਿਆ ਅਤੇ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਟਾਇਮਾਂ ਵਿੱਚ ਅੱਨੀ ਲੁੱਟ ਕਰਵਾਈ ਗਈ ਹੁਣ ਔਰਤਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਕਰਕੇ ਕਈ ਡਿਪੂਆਂ ਕੋਲ ਤੇਲ ਜੋਗੇ ਪੈਸੇ ਵੀ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜਾਰ ਕੀਤੀ ਜਾਵੇ, ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਅਤੇ ਰਿਪੋਰਟਾਂ ਦੀਆਂ ਕੰਡੀਸਨਾ ਰੱਦ ਕੀਤੀਆਂ ਜਾਣ।

ਅੱਜ ਹੋਵੇਗਾ ਮੋਤੀ ਮਹਿਲ ਦਾ ਘਿਰਾਓ

ਇਸ ਮੌਕੇ ਆਗੂਆਂ ਨੇ ਦੱਸਿਆ ਕਿ 29 ਜੂਨ ਨੂੰ ਪੂਰੇ ਪੰਜਾਬ ਵਿੱਚ ਕੱਚੇ ਕਾਮੇ ਮੁੱਖ ਮੰਤਰੀ ਦੇ ਮੋਤੀ ਮਹਿਲਾ ਦਾ ਘਿਰਾਓ ਕਰਨਗੇ, ਤਾ ਜੋਂ ਸਰਕਾਰ ਦੇ ਕੰਨੀ ਗੱਲ ਪਾਈ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸ਼ਿਸਟਮ ਤਹਿਤ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਦੋਂ ਮਹੀਨੇ ਪਹਿਲਾ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਸੀ, ਪਰ ਇਸਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ।

ਕੰਮ ਪ੍ਰਭਾਵਿਤ ਨਹੀਂ ਹੋਇਆ : ਕੇ.ਕੇ. ਸ਼ਰਮਾ

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਂਨ ਕੇ. ਕੇ. ਸ਼ਰਮਾ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਕੱਚੇ ਕਾਮਿਆਂ ਦੀ ਹੜ੍ਹਤਾਲ ਨਾਲ ਕਿਸੇ ਪ੍ਰਕਾਰ ਦਾ ਕੰਮ ਪ੍ਰਭਾਵਿਤ ਨਹੀਂ ਹੋਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਬੱਸ ਅੱਡਿਆਂ ’ਚ ਬੱਸਾਂ ਖੜੀਆਂ ਦਿਖਾਈ ਦਿੱਤੀਆਂ ਤਾ ਉਨ੍ਹਾਂ ਕਿਹਾ ਕਿ ਪੱਕੇ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਨਿਭਾਈ ਗਈ ਅਤੇ ਹੜ੍ਹਤਾਲ ਦਾ ਬਹੁਤਾ ਅਸਰ ਨਹੀਂ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।