ਸਰੂਪ ਚੰਦ ਸਿੰਗਲਾ ਨੇ ਐਸਐਸਪੀ ਬਠਿੰਡਾ ਨੂੰ ਸੌਂਪੀ ਸ਼ਿਕਾਇਤ

ਗ਼ੈਰਕਾਨੂੰਨੀ ਮਾਇਨਿੰਗ ਤੋਂ ਇਲਾਵਾ ਹਮਲੇ ਦੇ ਦੋਸ਼ੀਆਂ ਖਿਲਾਫ ਕੀਤਾ ਜਾਵੇ ਪਰਚਾ ਦਰਜ : ਸਿੰਗਲਾ

ਸੁਖਜੀਤ ਮਾਨ, ਬਠਿੰਡਾ। ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਕੱਲ੍ਹ ਥਰਮਲ ਦੀ ਰਾਖ ਚੁੱਕਣ ਦੇ ਬਹਾਨੇ ਕਥਿਤ ਤੌਰ ’ਤੇ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ’ਚ ਤੇ ਉਨ੍ਹਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਵਾਲਿਆਂ ਖਿਲਾਫ਼ ਪਰਚਾ ਦਰਜ਼ ਕਰਵਾਉਣ ਲਈ ਅੱਜ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੂੰ ਸ਼ਿਕਾਇਤ ਸੌਂਪੀ ਹੈ।

ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਨੇ ਬਠਿੰਡਾ ਨੂੰ ਲੁੱਟਣ ਦਾ ਠੇਕਾ ਲੈ ਰੱਖਿਆ ਹੈ ਪਰ ਉਹ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਨੇ ਗ਼ੈਰਕਾਨੂੰਨੀ ਮਾਇਨਿੰਗ ਕਰਕੇ ਮਾਇਨਿੰਗ ਤੋਂ ਨਿਕਲੇ ਰੇਤ ਨੂੰ ਖਪਾਉਣ ਲਈ ਇੰਟਰਲਾਕਿੰਗ ਟਾਇਲਾਂ ਲਗਾਉਣ ਦਾ ਗੋਰਖਧੰਦਾ ਸ਼ੁਰੂ ਕਰ ਦਿੱਤਾ ਜੋ ਕਿ ਸਰਾਸਰ ਬਠਿੰਡਾ ਨਿਵਾਸੀਆਂ ਦੇ ਨਾਲ ਬੇਇਨਸਾਫ਼ੀ ਹੈ । ਰੋਹ ’ਚ ਆਏ ਸਿੰਗਲਾ ਨੇ ਆਖਿਆ ਕਿ ਕਾਂਗਰਸੀਆਂ ਵੱਲੋਂ ਗ਼ੈਰਕਾਨੂੰਨੀ ਮਾਇਨਿੰਗ ਨੂੰ ਝੂਠਾ ਕਰਾਰ ਦਿੰਦਿਆਂ ਰੇਤ ਦੀਆਂ ਖੱਡਾਂ ਵੀ ਬੰਦ ਕਰ ਦਿੱਤੀਆਂ ਗਈਆਂ ਪਰ ਉਨ੍ਹਾਂ ਵੱਲੋਂ ਜੋ ਕੁੱਝ ਆਪਣੀਆਂ ਅੱਖਾਂ ਨਾਲ ਵੇਖਿਆ ਗਿਆ, ਉਸ ਦੇ ਸਬੰਧ ਵਿੱਚ ਇੱਕ ਹਲਫਨਾਮਾ ਵੀ ਐਸਐਸਪੀ ਬਠਿੰਡਾ ਨੂੰ ਦਿੱਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਸ਼ਾਮਿਲ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਤੋਂ ਇਲਾਵਾ ਹੋਰ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ ਉਨ੍ਹਾਂ ਕਿਹਾ ਕਿ ਉਹ ਦੋਸੀਆਂ ਦੇ ਖਿਲਾਫ ਕਾਰਵਾਈ ਲਈ ਪਹਿਲਾਂ ਸੀਐਮ ਹਾਊਸ ਦੇ ਸਾਹਮਣੇ ਧਰਨਾ ਲਾਉਣਗੇ ਅਤੇ ਫਿਰ ਵੀ ਹੱਲ ਨਾ ਹੋਇਆ ਤਾਂ ਉਹ ਸਾਰੇ ਸਬੂਤਾਂ ਸਹਿਤ ਹਾਈਕੋਰਟ ਵੀ ਜਾਣਗੇ ਇਸ ਮੌਕੇ ਇਕਬਾਲ ਸਿੰਘ ਢਿੱਲੋਂ, ਨਿਰਮਲ ਸਿੰਘ ਸੰਧੂ, ਹੈਪੀ ਠੇਕੇਦਾਰ, ਰਾਜਵਿੰਦਰ ਸਿੱਧੂ, ਹਰਪਾਲ ਢਿੱਲੋਂ, ਚਮਕੌਰ ਮਾਨ, ਬੰਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਅਕਾਲੀ ਤੇ ਬਸਪਾ ਆਗੂ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।