ਸੂਬੇ ਅੰਦਰ ਝੋਨੇ ਦੀ ਲਵਾਈ ਤੇ ਪਾਵਰਕੌਮ ਦਾ ਇਮਤਿਹਾਨ ਅੱਜ ਤੋਂ

14 ਲੱਖ ਟਿਊਬਵੈੱਲ ਕੱਢਣਗੇ ਧਰਤੀ ਦੀ ਹਿੱਕ ‘ਚੋਂ ਪਾਣੀ

  • ਪਾਵਰਕੌਮ ਤਿੰਨ ਗਰੁੱਪਾਂ ਵਿੱਚ ਦੇਵੇਗੀ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਬਿਜਲੀ ਸਪਲਾਈ

ਪਟਿਆਲਾ, (ਖੁਸ਼ਵੀਰ ਤੂਰ) । ਸੂਬੇ ਅੰਦਰ ਝੋਨੇ ਦੀ ਲਵਾਈ ਦਾ ਸੀਜਨ ਭਲਕੇ 15 ਜੂਨ ਤੋਂ ਸ਼ੁਰੂ ਹੋਣ ਨਾਲ ਹੀ ਪਾਵਰਕੌਮ ਦਾ ਇਮਤਿਹਾਨ ਸ਼ੁਰੂ ਹੋ ਜਾਵੇਗਾ। ਪਾਵਰਕੌਮ ਵੱਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਭਲਕੇ ਤੋਂ ਅੱਠ ਘੰਟੇ ਬਿਜਲੀ ਸਪਲਾਈ ਦੇਣ ਨਾਲ ਹੀ 14 ਲੱਖ ਟਿਊਬਵੈਲ ਧਰਤੀ ਦੀ ਹਿੱਕ ‘ਚੋਂ ਪਾਣੀ ਬਾਹਰ ਕੱਢਣਾ ਸ਼ੁਰੂ ਕਰਨਗੇ। ਉਂਜ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਭਲਕੇ 15 ਜੂਨ ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਂਜ ਪਹਿਲੀ ਵਾਰ ਹੈ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ 15 ਜੂਨ ਤੋਂ ਬਿਜਲੀ ਸਪਲਾਈ ਸ਼ੁਰੂ ਹੋਵੇਗੀ ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 10 ਜੂਨ ਤੋਂ ਪਹਿਲਾਂ ਹੀ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਂਦੀ ਰਹੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਭਰ ਅੰਦਰ 14 ਲੱਖ ਟਿਊਬਵੈੱਲ ਇੱਕੋ ਸਮੇਂ ਚੱਲਣਗੇ, ਜਿਸ ਨਾਲ ਕਿ ਪਾਵਰਕੌਮ ਉੱਪਰ 800 ਮੈਗਾਵਾਟ ਤੋਂ ਵੱਧ ਦਾ ਬੋਝ ਵਧੇਗਾ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਲਈ ਵੱਖ-ਵੱਖ ਜ਼ਿਲ੍ਹਿਆਂ ਨੂੰ ਤਿੰਨ ਗਰੁੱਪਾਂ ਵਿੱਚ 8-8 ਘੰਟੇ ਬਿਜਲੀ ਸਲਪਾਈ ਲਈ ਵੰਡਿਆ ਗਿਆ ਹੈ। ਇਸ ਨਾਲ ਇੱਕੋਂ ਸਮੇਂ ਇੱਕ ਤਿਹਾਈ ਹੀ ਲੋਡ ਪਵੇਗਾ ਕਿਉਂਕਿ ਪਹਿਲੀ ਵਾਰੀ ਵਾਲੇ ਟਿਊਬਵੈੱਲ ਖੜ੍ਹ ਜਾਣਗੇ ਜਦਕਿ ਅਗਲੇ ਗਰੁੱਪ ਵਾਲੇ ਚੱਲ ਪੈਣਗੇ।

ਇਨ੍ਹਾਂ ਗੁਰੱਪਾਂ ਦਾ ਸਮਾਂ 4 ਦਿਨਾਂ ਬਾਅਦ ਬਦਲੇਗਾ। ਪਾਵਰਕੌਮ ਵੱਲੋਂ ਆਪਣੇ ਫੀਡਰ ਨਾਲ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕਿਸੇ ਕਾਰਨਾਂ ਕਰਕੇ ਕਿਸਾਨਾਂ ਨੂੰ 8 ਘੰਟੇ ਤੋਂ ਬਿਜਲੀ ਸਪਲਾਈ ਘੱਟ ਮਿਲੀ ਤਾ ਉਹ ਅਗਲੇ ਦਿਨ ਰਹਿੰਦਾ ਸਮਾਂ ਪੂਰਾ ਕਰਨਗੇ। ਇਸ ਤੋਂ ਇਲਾਵਾ ਬਾਰਡਰ ਏਰੀਏ ਸਬੰਧੀ ਅਲੱਖ ਸਡਿਊਲ ਬਣਾਇਆ ਗਿਆ ਹੈ। ਪਾਵਰਕੌਮ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸੈਟਰਲ ਐਲੋਕੇਸ਼ਨ, ਸ਼ੇਅਰ, ਹਾਈਡ੍ਰਲ, ਬੈਕਿੰਗ ਆਦਿ ਤੋਂ ਸਾਢੇ 12 ਹਜਾਰ ਮੈਗਾਵਾਟ ਬਿਜਲੀ ਉਪਲੱਬਧ ਹੈ।

ਇਸ ਤੋਂ ਇਲਾਵਾ ਪਾਵਰਕੌਮ ਦੀ ਡਗੌਰੀ ਮਾਨਸੂਨ ਉੱਪਰ ਵੀ ਟਿਕੀ ਹੋਈ ਹੈ , ਜੇਕਰ ਮਾਨਸੂਨ ਢਿੱਲੀ ਰਹੀ ਤਾਂ ਪਾਵਰਕੌਮ ਵੱਲੋਂ ਹੋਰ ਸ੍ਰੋਤਾ ਤੋਂ ਬਿਜਲੀ ਦੀ ਖਰੀਦ ਸਬੰਧੀ ਵੀ ਤਿਆਰੀਆਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਫ੍ਰੀਕੁਐਸੀ ਮੁਤਾਬਿਕ ਜੇਕਰ ਬਜਾਰ ਅੰਦਰ ਬਿਜਲੀ ਸਸਤੀ ਮਿਲੀ ਤਾ ਉੱਥੋਂ ਵੀ ਬਿਜਲੀ ਦੀ ਖਰੀਦ ਦਾ ਪਲਾਨ ਹੈ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਤਿੰਨ ਗਰੁੱਪਾਂ ਵਿੱਚ ਬਿਜਲੀ ਵੰਡ ਨਾਲ ਪਤਾ ਲੱਗਾ ਹੈ ਕਿ ਪਾਰਵਕੌਮ ਵੱਲੋਂ ਆਪਣੇ ਬੰਦ ਪਏ ਥਰਮਲ ਯੂਨਿਟਾਂ ਨੂੰ ਭਖਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਅਗਲੇ ਦਿਨਾਂ ਵਿੱਚ ਵਧੇਗੀ ਬਿਜਲੀ ਦੀ ਮੰਗ

ਬਿਜਲੀ ਦੀ ਮੌਜੂਦਾ ਸਮੇਂ ਮੰਗ 1500 ਲੱਖ ਯੂਨਿਟ ‘ਤੇ ਚੱਲ ਰਹੀ ਹੈ। ਪਿਛਲੇ ਦਿਨਾਂ ਦੌਰਾਨ ਬਾਰਸ਼ ਹੋਣ ਕਾਰਨ ਬਿਜਲੀ ਦੀ ਮੰਗ ਵਿੱਚ ਕਮੀ ਆਈ ਹੈ। ਕਈ ਦਿਨ ਪਹਿਲਾਂ ਜਦੋਂ ਪਾਰਾ 48 ਡਿਗਰੀ ‘ਤੇ ਪੁੱਜ ਗਿਆ ਸੀ ਤਾਂ ਬਿਜਲੀ ਦੀ ਮੰਗ 1900 ਲੱਖ ਯੂਨਿਟ ‘ਤੇ ਪੁੱਜ ਗਈ ਸੀ। ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਮੰਗ 2500 ਲੱਖ ਯੂਨਿਟ ਨੂੰ ਪਾਰ ਕਰ ਜਾਂਦੀ ਹੈ, ਜੋ ਕਿ ਪਾਵਰਕੌਮ ਲਈ ਔਖੀ ਘੜੀ ਹੁੰਦੀ ਹੈ।

ਝੋਨੇ ਲਈ ਬਿਜਲੀ ਸਪਲਾਈ ਲਈ ਸਾਰੇ ਪ੍ਰਬੰਧ ਪੂਰੇ-ਐੱਮਡੀ

ਇਸ ਸਬੰਧੀ ਪਾਵਰਕੌਮ ਦੇ ਮੈਨੇਜ਼ਿੰਗ ਡਾਇਰੈਕਟਰ ਸ੍ਰੀ ਏ.ਵੇਣੂ. ਪ੍ਰਸਾਦ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਿਸੇ ਵੀ ਪ੍ਰਕਾਰ ਦੇ ਬਿਜਲੀ ਕੱਟਾਂ ਦੀ ਗੁਜਾਇਸ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇ।