ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਕਾਬਲੀਅਤ ‘ਚ ‘ਜ਼ੀਰੋ’

PowerCom,  Chairman,  Baldev Singh,  'zero',  Capacity

ਚੇਅਰਮੈਨ ਲਾਉਣਾ ਦਿੱਤਾ ਭੁੱਲ ਕਰਾਰ

ਕਿਸੇ ਵੀ ਸਮੇਂ ਕੀਤੀ ਜਾ ਸਕਦੀ ਐ ਬਲਦੇਵ ਸਰਾਂ ਦੀ ਛੁੱਟੀ ਜਾਂ ਫਿਰ ਸਰਾਂ ਖ਼ੁਦ ਦੇ ਸਕਦੇ ਹਨ ਅਸਤੀਫ਼ਾ

ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦਾ ਪਾਵਰਕੌਮ ਦੇ ਚੇਅਰਮੈਨ ‘ਤੇ ਵੱਡਾ ਹਮਲਾ, ਕਿਹਾ ਕੰਮ ‘ਚ ਜ਼ੀਰੋ ਐ ਸਰਾਂ

ਅਸ਼ਵਨੀ ਚਾਵਲਾ/ਚੰਡੀਗੜ੍ਹ। ਸੂਬੇ ਵਿੱਚ ਲਗਾਤਾਰ ਵਧ ਰਹੀਆਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਕਿਸੇ ਵੀ ਸਮੇਂ ਪਾਵਰਕੌਮ ਦੇ ਚੇਅਰਮੈਨ ਨੂੰ ਬਲੀ ਦਾ ਬੱਕਰਾ ਬਣਾਉਂਦੇ ਹੋਏ ਛੁੱਟੀ ਕਰ ਸਕਦੀ ਹੈ ਜਾਂ ਫਿਰ ਬਲਦੇਵ ਸਿੰਘ ਸਰਾਂ ਤੋਂ ਉਨ੍ਹਾਂ ਦਾ ਅਸਤੀਫ਼ਾ ਮੰਗਿਆਂ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਕੰਮ-ਕਾਜ ਤੋਂ ਸਰਕਾਰ ਨੇ ਹੁਣ ਨਾਖ਼ੁਸ਼ੀ ਜ਼ਾਹਿਰ ਕਰਨੀ ਸ਼ੁਰੂ ਕਰਦੇ ਹੋਏ ਉਨ੍ਹਾਂ ਨੂੰ ਕਾਬਲੀਅਤ ਦੇ ਮਾਮਲੇ ਵਿੱਚ ਵੀ ‘ਜ਼ੀਰੋ’ ਕਰਾਰ ਦੇ ਦਿੱਤਾ ਹੈ। ਇੱਥੇ ਹੀ ਬਲਦੇਵ ਸਿੰਘ ਸਰਾਂ ਨੂੰ ਪਾਵਰਕੌਮ ਦਾ ਚੇਅਰਮੈਨ ਲਾਉਣਾ ਹੀ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤੀ ਜਾ ਰਹੀ ਹੈ। ਬਲਦੇਵ ਸਿੰਘ ਸਰਾਂ ਨੂੰ ਕਾਬਲੀਅਤ ਵਿੱਚ ‘ਜ਼ੀਰੋ’ ਕਰਾਰ ਦੇਣ ਦੇ ਮਾਮਲੇ ਵਿੱਚ ਖ਼ੁਦ ਬਲਦੇਵ ਸਿੰਘ ਸਰਾਂ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰਦਿਆਂ ਸਿਰਫ਼ ਇੰਨਾ ਹੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤੀਆਂ ਦਾ ਇਹ ਨਤੀਜਾ ਹੈ।

ਸਰਾਂ ਨੂੰ ਬਣਾਇਆ ਜਾ ਸਕਦੈ ਬਲੀ ਦਾ ਬੱਕਰਾ, ਬਿਜਲੀ ਰੇਟਾਂ ‘ਤੇ ਘਿਰੀ ਹੋਈ ਸਰਕਾਰ

ਜਿਸ ਕਾਰਨ ਬਿਜਲੀ ਕਾਫ਼ੀ ਮਹਿੰਗੀ ਹੋਈ ਹੈ, ਉਹ ਤਾਂ ਕੀ, ਕੋਈ ਵੀ ਹੁਣ ਕੁਝ ਨਹੀਂ ਕਰ ਸਕਦਾ ਹੈ ਪਰ ਉਨ੍ਹਾਂ ਨੂੰ ‘ਜ਼ੀਰੋ’ ਕਹਿਣ ਤੋਂ ਪਹਿਲਾਂ ਉਨ੍ਹਾਂ ਦਾ ਕੈਰੀਅਰ ਦੇਖ ਲੈਣਾ ਸੀ। ਜਾਣਕਾਰੀ ਅਨੁਸਾਰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਐਗਰੀਮੈਂਟ ਨੂੰ ਖ਼ਤਮ ਕਰਨ ਤੋਂ ਲੈ ਕੇ ਪੰਜਾਬ ਵਿੱਚ ਸਸਤੀ ਬਿਜਲੀ ਸਪਲਾਈ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਕਾਂਗਰਸ ਸਰਕਾਰ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ। ਇਸ ਨਾਕਾਮੀ ਦਾ ਭਾਂਡਾ ਪਾਵਰਕੌਮ ਅਧਿਕਾਰੀਆਂ ਸਿਰ ਭੰਨਦੀ ਹੋਈ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਤਿਆਰੀ ਕਰ ਰਹੀ ਹੈ ਇਸ ਦਾ ਸਪੱਸ਼ਟ ਇਸ਼ਾਰਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਰ ਦਿੱਤਾ ਹੈ।

ਗੁਰਪ੍ਰੀਤ ਕਾਂਗੜ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਸਰਕਾਰ ਵੀ ਮੁਨਕਰ ਨਹੀਂ ਹੋ ਸਕਦੀ ਇਸ ਲਈ ਕਾਂਗਰਸ ਸਰਕਾਰ ਵਲੋਂ ਤਜਰਬੇਕਾਰ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੂੰ ਪਾਵਰਕੌਮ ਦਾ ਚੇਅਰਮੈਨ ਲਾਇਆ ਗਿਆ ਸੀ ਕਿ ਉਹ ਇਸ ਮਾਮਲੇ ਵਿੱਚ ਕੰਮ ਕਰਦੇ ਹੋਏ ਬਿਜਲੀ ਦੇ ਰੇਟ ਨੂੰ ਕੰਟਰੋਲ ਵਿੱਚ ਕਰਨਗੇ ਪਰ ਬਲਦੇਵ ਸਿੰਘ ਸਰਾਂ ਨੂੰ ਲੈ ਕੇ ਆਉਣਾ ਹੀ ਕਾਂਗਰਸ ਸਰਕਾਰ ਦੀ ਵੱਡੀ ਗਲਤੀ ਹੈ ਇਹ ਗਲਤੀ ਸਾਡੀ ਸਰਕਾਰ ਤੋਂ ਹੋਈ ਹੈ, ਜਿਹੜਾ ਕਿ ਬਲਦੇਵ ਸਿੰਘ ਸਰਾਂ ਨੂੰ ਲੈ ਕੇ ਆਏ ਸਨ।

ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਇੱਕ ਸਾਲ ਤੋਂ ਜ਼ਿਆਦਾ ਸਮਾਂ ਉਨ੍ਹਾਂ ਕੋਲ ਬਿਜਲੀ ਵਿਭਾਗ ਰਿਹਾ ਹੈ ਤੇ ਉਨ੍ਹਾਂ ਨੂੰ ਵੀ ਲਗਦਾ ਸੀ ਕਿ ਸਰਾਂ ਵੱਲੋਂ ਚੰਗਾ ਕੰਮ ਕੀਤਾ ਜਾਏਗਾ ਪਰ ਉਹ ਕੰਮ ਕਰਨ ਦੇ ਮਾਮਲੇ ਵਿੱਚ ‘ਜ਼ੀਰੋ’ ਸਾਬਤ ਹੋਏ ਹਨ। ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਸਨ ਪਰ ਇਹ ਲਗਾਤਾਰ ਵਧ ਹੀ ਰਹੇ ਹਨ। ਇਸ ਦਾ ਤੋੜ ਪਾਵਰਕੌਮ ਦੇ ਅਧਿਕਾਰੀਆਂ ਨੂੰ ਲੱਭਣਾ ਚਾਹੀਦਾ ਸੀ ਪਰ ਉਹ ਕੁਝ ਵੀ ਨਹੀਂ ਕਰ ਸਕੇ ਹਨ।

ਅਮਰਿੰਦਰ ਸਿੰਘ ਨੇ ਲਾਇਆ ਸੀ ਜੂਨ 2018 ‘ਚ ਚੇਅਰਮੈਨ

ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਹੀ ਖ਼ੁਦ ਬਲਦੇਵ ਸਿੰਘ ਸਰਾਂ ਨੂੰ ਲੈ ਕੇ ਆਏ ਸਨ ਤੇ 5 ਜੂਨ 2018 ਨੂੰ ਪਾਵਰਕੌਮ ਦਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਲਗਾਇਆ ਗਿਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਆਪਣੇ ਪੱਧਰ ‘ਤੇ ਉਨ੍ਹਾਂ ‘ਤੇ ਕਾਫ਼ੀ ਜਿਆਦਾ ਵਿਸ਼ਵਾਸ ਕਰਦੇ ਹਨ।

ਪਬਲਿਕ ‘ਚ ਨਹੀਂ ਜਾਣਾ ਚਾਹੁੰਦਾ, ਉਨ੍ਹਾਂ ਨੂੰ ਵੀ ਕਾਰਨਾਂ ਦਾ ਪਤਾ ਈ ਐ : ਸਰਾਂ

ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਗੁਰਪ੍ਰੀਤ ਕਾਂਗੜ ਜੋ ਕਹਿ ਰਹੇ ਸਨ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੁੰਦੇ ਹਨ, ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਬਿਜਲੀ ਦੇ ਰੇਟ ਵਧਣ ਪਿੱਛੇ ਕਿਹੜੇ ਕਿਹੜੇ ਕਾਰਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੈਕਗਰਾਊਂਡ ਬਾਰੇ ਵੀ ਹਰ ਕਿਸੇ ਨੂੰ ਜਾਣਕਾਰੀ ਹੈ, ਇਸ ਲਈ ਕਾਬਲੀਅਤ ਮਾਮਲੇ ਵਿੱਚ ਵੀ ਉਹ ਕੁਝ ਵੀ ਨਹੀਂ ਕਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।