ਸਰਦੇ ਪੁੱਜਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਬੰਦ ਕਰਨ ਦੇ ਰੌਂਅ ‘ਚ ਹੈ ਮੋਤੀਆਂ ਵਾਲੀ ਸਰਕਾਰ

ਸਰਕਾਰ ‘ਤੇ ਮੁਫ਼ਤ ਬਿਜਲੀ ਸਬਸਿਡੀ ਦਾ ਬੋਝ ਵਧਿਆ, ਪਾਵਰਕੌਮ ਨੂੰ ਸਮੇਂ ਸਿਰ ਨਹੀਂ ਜਾਰੀ ਹੋ ਰਹੀ ਸਬਸਿਡੀ

ਮੁੱਖ ਮੰਤਰੀ ਨੇ ਮੀਟਿੰਗ ਸੱਦ ਕੇ ਕੀਤੀ ਮਾਮਲੇ ‘ਤੇ ਵਿਚਾਰ-ਚਰਚਾ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਸੂਬੇ ਦੇ ਵੱਡੀ ਗਿਣਤੀ ਅਮੀਰ ਘਰਾਣੇ ਦੇ ਕਿਸਾਨਾਂ ਦੀ ਟਿਊਬਵੈਲਾਂ ਲਈ ਮਿਲਦੀ ਬਿਜਲੀ ਸਬਸਿਡੀ ਬੰਦ ਕਰਨ ਦੇ ਰੌਂਅ ‘ਚ ਹੈ। ਪਤਾ ਲੱਗਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਉਚ ਪੱਧਰੀ ਮੀਟਿੰਗ ਕਰ ਕੇ ਚਰਚਾ ਵੀ ਕੀਤੀ ਹੈ। ਪੰਜਾਬ ਸਰਕਾਰ ‘ਤੇ ਬਿਜਲੀ ਸਬਸਿਡੀ ਦਾ ਭਾਰੀ ਬੋਝ ਪੈ ਰਿਹਾ ਹੈ, ਜਿਸ ਕਾਰਨ ਸਰਕਾਰ ਇਸ ਬੋਝ ਨੂੰ ਘਟਾਉਣ ਦੀ ਵਿਊਂਤਬੰਦੀ ਕੀਤੀ ਜਾ ਰਹੀ ਹੈ। ਇੱਧਰ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਿਛਲੇ ਦਿਨੀ ਹੀ ਬਿਜਲੀ ਦਰਾਂ ‘ਤੇ ਸਰਚਾਰਜ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ। Government

ਉਸ ਵਿੱਚ 20 ਰੁਪਏ ਪ੍ਰਤੀ ਹਾਰਸ ਪਾਵਰ ਖੇਤੀਬਾੜੀ ਖੇਤਰ ਦਾ ਵਾਧਾ ਵੀ ਹੈ ਜੋ ਸਰਕਾਰ ਦੇ ਖਾਤੇ ਹੋਰ ਬੋਝ ਪੈਣਾ ਹੈ।ਜਾਣਕਾਰੀ ਮੁਤਾਬਕ ਪੰਜਾਬ ਵਿਚ ਇਸ ਵੇਲੇ 14.5 ਲੱਖ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਹਨ ਜਿਨ੍ਹਾਂ ‘ਚੋਂ 81.52 ਫੀਸਦੀ ਦਰਮਿਆਨੇ ਤੇ ਵੱਡੇ ਕਿਸਾਨਾਂ ਦੇ ਹਨ। ਤਕੜੇ ਕਿਸਾਨਾਂ ਦੇ ਹਨ ਜਦਕਿ 18.48 ਫੀਸਦੀ ਉਹ ਕਿਸਾਨ ਹਨ ਜੋ 2.5 ਤੋਂ 5 ਏਕੜ ਤੱਕ ਰਕਬੇ ਦੇ ਮਾਲਕ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਦੀ ਸਬਸਿਡੀ ਦਾ ਵੱਡਾ ਹਿੱਸਾ ਅਮੀਰ ਘਰਾਣੇ ਦੇ ਕਿਸਾਨਾਂ ਨੂੰ ਜਾ ਰਿਹਾ ਹੈ।

ਪੰਜਾਬ ਸਰਕਾਰ ਇਸ ਵੇਲੇ 9674.5 ਕਰੋੜ ਰੁਪਏ ਸਬਸਿਡੀ ਦੇ ਅਦਾ ਕਰ ਰਹੀ ਹੈ। ਇਸ ‘ਚੋਂ 6060.27 ਕਰੋੜ ਰੁਪਏ ਖੇਤੀਬਾੜੀ ਖੇਤਰ ਦੇ ਹਨ। 1416.80 ਕਰੋੜ ਰੁਪਏ ਅਨੁਸੂਚਿਤ ਜਾਤੀ ਵਰਗ ਲਈ ਮੁਫਤ ਬਿਜਲੀ ਦੇ, 88.31 ਕਰੋੜ ਰੁਪਏ ਗਰੀਬੀ ਰੇਖਾ ਤੋਂ ਹੇਠਲਿਆਂ ਲਈ ਸਬਸਿਡੀ ਦੇ, 117.94  ਕਰੋੜ ਰੁਪਏ ਪੱਛੜੀਆਂ ਸ਼੍ਰੇਣੀਆਂ ਦੇ ਬਿਜਲੀ ਕੁਨੈਕਸ਼ਨਾਂ ਦੇ ਹਨ ਜਦਕਿ 0.84 ਕਰੋੜ ਰੁਪਏ ਆਜ਼ਾਦੀ ਘੁਲਾਟੀਆਂ ਦੇ ਬਿਜਲੀ ਕੁਨੈਕਸ਼ਨਾਂ ਦੇ ਹਨ।

ਵੱਡੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਕੇ 4848.216 ਕਰੋੜ ਰੁਪਏ ਬਚਾਉਣ ਦੇ ਰੌਂਅ

ਪੰਜਾਬ ਸਰਕਾਰ ਵੱਡੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਕੇ 4848.216 ਕਰੋੜ ਰੁਪਏ ਬਚਾਉਣ ਦੇ ਰੌਂਅ ਵਿਚ ਹੈ ਤੇ ਮੁੱਖ ਮੰਤਰੀ ਵੱਲੋਂ ਲੰਘੇ ਦਿਨੀਂ ਕੀਤੀ ਮੀਟਿੰਗ ਵਿੱਚ ਉਕਤ ਮੁੱਦੇ ਨੂੰ ਵਿਚਾਰਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਖੇਤੀਬਾੜੀ ਸਬਸਿਡੀ ਵਿਚ ਕਟੌਤੀ ਕਰਨ ਦੇ ਰੌਂਅ ਵਿੱਚ ਤਾਂ ਹੈ ਪਰ ਨਾਲ ਹੀ ਇਸ ਗੱਲੋਂ ਵੀ ਡਰ ਰਹੀ ਹੈ ਕਿ ਕਿਤੇ ਕੋਈ ਵਿਵਾਦ ਖੜ੍ਹਾ ਨਾ ਹੋ ਜਾਵੇ। ਜੇਕਰ ਸਰਕਾਰ ਅਜਿਹਾ ਕੋਈ ਫੈਸਲਾ ਲੈਂਦੀ ਹੈ ਤਾਂ ਉਸ ‘ਤੇ ਕਿਸਾਨ ਯੂਨੀਅਨਾਂ ਦਾ ਕੀ ਰੁਖ ਹੋਵੇਗਾ, ਇਹ ਸਮਾਂ ਆਉਣ ‘ਤੇ ਹੀ ਪਤਾ ਚੱਲੇਗਾ। ਉਂਜ ਇਹ ਆਮ ਚਰਚਾ ਹੁੰਦੀ ਰਹਿੰਦੀ ਹੈ ਕਿ ਅਮੀਰ ਕਿਸਾਨਾਂ ਦੀ ਸਬਸਿਡੀ ਬੰਦ ਹੋਣੀ ਚਾਹੀਦੀ ਹੈ। ਇਸ ਸਾਰੇ ਮਾਮਲੇ ਸਬੰਧੀ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।

ਰਾਜਨੀਤਿਕ ਆਗੂ ਵੀ ਨਹੀਂ ਛੱਡ ਰਹੇ ਸਬਸਿਡੀ ਦਾ ਮੋਹ

ਕਾਂਗਰਸ, ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਨਾਲ ਜੁੜੇ ਮੂਹਰਲੀ ਕਤਾਰ ਦੇ ਆਗੂਆਂ ਵੱਲੋਂ ਵੀ ਸਬਸਿਡੀ ਦਾ ਪੂਰਾ ਫਾਇਦਾ ਲਿਆ ਜਾ ਰਿਹਾ ਹੈ। ਸਰਕਾਰ ਚਲਾ ਰਹੇ ਮੰਤਰੀਆਂ ਸਮੇਤ ਵੱਖ-ਵੱਖ ਪਾਰਟੀਆਂ ਦੇ ਮੁੱਖ ਆਗੂ ਸਬਸਿਡੀ ਛੱਡਣਾ ਨਹੀਂ ਚਾਹੁੰਦੇ। ਜੇਕਰ ਰਾਜਨੀਤਿਕ ਤੇ ਉੱਚ ਘਰਾਣੇ ਦੇ ਲੋਕ ਹੀ ਸਬਸਿਡੀ ਦਾ ਤਿਆਗ ਕਰ ਦੇਣ ਦਾ ਸਰਕਾਰ ਨੂੰ ਚੰਗਾ ਫਾਇਦਾ ਮਿਲ ਸਕਦਾ ਹੈ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਪੀਲ ਕਰਨ ‘ਤੇ ਵੀ ਇੱਕਾ-ਦੁੱਕਾ ਨੂੰ ਛੱਡ ਕੇ ਕਿਸੇ ਆਗੂ ਵੱਲੋਂ ਸਬਸਿਡੀ ਦਾ ਮੋਹ ਨਹੀਂ ਤਿਆਗਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।