ਬਿਜਲੀ ਸੰਕਟ: ਤਲਵੰਡੀ ਸਾਬੋ ਥਰਮਲ ਪਲਾਂਟ ’ਚੋਂ ਨਾ ਨਿੱਕਲਿਆ ਧੂੰਆ

Power Crisis Sachkahoon

ਬੰਦ ਪਿਆ ਰਣਜੀਤ ਸਾਗਰ ਡੈਮ ਦਾ ਇੱਕ ਯੂਨਿਟ ਹੋਇਆ ਚਾਲੂ

  • ਪਾਵਰਕੌਮ ਦੀ ਬਿਜਲੀ ਖਰੀਦ ਮੁਹਿੰਮ ਜਾਰੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਤਲਵੰਡੀ ਸਾਬੋ ਥਰਮਲ ਪਲਾਂਟ ਦੂਜੇ ਦਿਨ ਵੀ ਪੂਰੀ ਤਰ੍ਹਾਂ ਠੱਪ ਰਿਹਾ। ਇਸ ਥਰਮਲ ਪਲਾਂਟ ਦੀ ਇੱਕ ਵੀ ਯੂਨਿਟ ਅਜੇ ਤੱਕ ਚਾਲੂ ਨਹੀਂ ਹੋ ਸਕੀ। ਇੱਧਰ ਪਾਵਰਕੌਮ ਦੇ ਰਣਜੀਤ ਸਾਗਰ ਡੈਮ ਦਾ ਬੰਦ ਪਿਆ ਇੱਕ ਯੂਨਿਟ ਚਾਲੂ ਹੋ ਗਿਆ ਹੈ, ਜਿਸ ਤੋਂ ਪਾਵਰਕੌਮ ਨੂੰ 120 ਮੈਗਾਵਾਟ ਬਿਜਲੀ ਹਾਸਲ ਹੋੋਣ ਲੱਗੀ ਹੈ। ਰੋਪੜ ਥਰਮਲ ਪਲਾਂਟ ਦਾ ਵੀ ਬੰਦ ਹੋਇਆ ਤਿੰਨ ਨੰਬਰ ਯੂਨਿਟ ਚਾਲੂ ਨਹੀਂ ਹੋ ਸਕਿਆ।

ਜਾਣਕਾਰੀ ਅਨੁਸਾਰ ਅੱਜ ਬਿਜਲੀ ਦੀ ਮੰਗ 12300 ਮੈਗਾਵਾਟ ਦੇ ਨੇੜੇ ਰਹੀ। ਪਾਵਰਕੌਮ ਲਈ ਕੁਝ ਰਾਹਤ ਰਣਜੀਤ ਸਾਗਰ ਡੈਮ ਨੇ ਦਿੱਤੀ, ਜਿਸ ਦੀ ਬੰਦ ਹੋਈ ਇੱਕ ਨੰਬਰ ਯੂਨਿਟ ਚਾਲੂ ਹੋ ਗਈ। ਪਾਵਰਕੌਮ ਨੂੰ ਡੈਮਾਂ ’ਚ ਪਾਣੀ ਦੀ ਘਾਟ ਕਾਰਨ ਘੱਟ ਬਿਜਲੀ ਉਤਪਾਦਨ ਮਿਲ ਰਿਹਾ ਹੈ। ਰਣਜੀਤ ਸਾਗਰ ਡੈਮ ਤੋਂ ਹੁਣ ਪਾਵਰਕੌਮ ਨੂੰ 484 ਮੈਗਾਵਾਟ ਬਿਜਲੀ ਹਾਸਲ ਹੋਣ ਲੱਗੀ ਹੈ। ਬੀਤੇ ਕੱਲ੍ਹ ਤੋਂ ਠੱਪ ਹੋਏ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਕਿਸੇ ਵੀ ਚਿਮਨੀ ’ਚੋਂ ਧੂੰਆਂ ਨਹੀਂ ਨਿਕਲਿਆ। ਇਸ ਥਰਮਲ ਪਲਾਂਟ ਦੀ ਪਹਿਲਾਂ ਵੀ ਇੱਕ ਯੂਨਿਟ ਹੀ ਅੱਧੀ ਮਾਤਰਾ ਦੇ ਬਿਜਲੀ ਉਦਪਾਦਨ ਕਰ ਰਹੀ ਸੀ। ਇਸ ਥਰਮਲ ਪਲਾਂਟ ਵਿਰੁੱਧ ਇਸ ਵਾਰ ਸਖਤ ਕਾਰਵਾਈ ਹੋਣ ਦੀ ਸੰਭਾਵਨਾ ਹੈ। ਉਕਤ ਥਰਮਲ ਪਲਾਂਟ ਦੇ ਸੂਤਰਾਂ ਦਾ ਕਹਿਣਾ ਸੀ ਕਿ ਬੰਦ ਹੋਈਆਂ ਯੂਨਿਟਾਂ ਨੂੰ ਚਾਲੂ ਕਰਨ ਲਈ ਮੁਹਿੰਮ ਜਾਰੀ ਹੈ। ਜਦਕਿ ਮਾਰਚ ਮਹੀਨੇ ’ਚ ਬੰਦ ਹੋਈ ਯੂਨਿਟ ਨੂੰ ਚਾਲੂ ਹੋਣ ’ਚ ਅਜੇ ਸਮਾਂ ਲੱਗੇਗਾ।

ਸਰਕਾਰੀ ਥਰਮਲ ਪਲਾਂਟ ਰੋਪੜ ਦੀ ਯੂਨਿਟ ਵੀ ਅਜੇ ਨਹੀਂ ਚੱਲੀ, ਪਰ ਇਸਦੇ ਦੇਰ ਸਵੇਰ ਚੱਲਣ ਲਈ ਕਾਰਵਾਈ ਜਾਰੀ ਹੈ। ਅੱਜ ਵੀ ਪਾਵਰਕੌਮ ਵੱਲੋਂ ਪਾਵਰ ਐਕਸਚੇਂਜ ’ਚੋਂ ਕਰੋੜਾਂ ਰੁਪਏ ਦੀ ਬਿਜਲੀ ਖਰੀਦ ਕੀਤੀ ਗਈ ਹੈ। ਕੱਲ੍ਹ ਜਾਂ ਅਗਲੇ ਦਿਨ ਮੀਂਹ ਦੀ ਭਵਿੱਖਬਾਣੀ ਹੈ, ਜਿਸ ਤੋਂ ਬਾਅਦ ਹੀ ਪਾਵਰਕੌਮ ਨੂੰ ਕੁਝ ਸੌਖਾ ਸਾਹ ਆਵੇਗਾ। ਇਸ ਵਕਤ ਸਭ ਤੋਂ ਵੱਧ ਰਾਜਪੁਰਾ ਥਰਮਲ ਪਲਾਂਟ ਤੋਂ 1322 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ, ਜਦਕਿ ਗੋਇਦਵਾਲ ਸਾਹਿਬ ਥਰਮਲ ਪਲਾਂਟ 503 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਰੋਪੜ ਅਤੇ ਲਹਿਰਾ ਮਹੁੱਬਤ ਥਰਮਲ ਪਲਾਂਟ ਤੋਂ 1418 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਹਾਈਡ੍ਰਲ ਪ੍ਰੋਜੈਕਟਾਂ ਤੋਂ 859 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।