ਠੇਕਾ ਮੁਲਾਜ਼ਮਾਂ ਨੇ ਰੈਗੂਲਰ ਕਰਨ ਦੀ ਮੰਗ ਸਬੰਧੀ ਕੀਤਾ ਨੈਸ਼ਨਲ ਹਾਈਵੇ ਜਾਮ

Contract Employees Sachkahoon

ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਰੱਦ ਕਰੇ ਸਰਕਾਰ : ਮੋਰਚਾ ਆਗੂ

ਅਮਿਤ ਗਰਗ, ਰਾਮਪੁਰਾ ਫੂਲ। ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਪੰਜਾਬ ਵਿੱਚ ਤਿੰਨ ਥਾਵਾਂ ’ਤੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਉਲੀਕੇ ਸੰਘਰਸ਼ ਤਹਿਤ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 07 ਨੂੰ ਮੌੜ ਚੌਂਕ ਤੋਂ ਮੁਕੰਮਲ ਜਾਮ ਕੀਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਰਾਜੇਸ਼ ਕੁਮਾਰ,ਸੇਵਕ ਸਿੰਘ ਦੰਦੀਵਾਲ,ਸੰਦੀਪ ਖਾਨ,ਸਵਰਨਜੀਤ ਸਿੰਘ,ਮਿਲਖਾ ਸਿੰਘ ਤੇ ਤਰਸੇਮ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਤ੍ਰਾਂਸਦੀ ਇਹ ਹੈ ਕਿ ਸਰਕਾਰ ਨੇ ਆਪਣੇ ਮੰਤਰੀਆਂ-ਵਿਧਾਇਕਾਂ ਦੇ ਪੁੱਤਰਾਂ ਨੂੰ ਤਾਂ ਪੱਕੀਆਂ ਨੌਕਰੀਆਂ ਦੇ ਦਿੱਤੀਆਂ ਪਰ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ਼ ਰਹੇ ਠੇਕਾ ਮੁਲਾਜਮਾਂ ਨੂੰ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਵਿੱਚ ਰੈਗੂਲਰ ਨਹੀਂ ਕੀਤਾ ਅਤੇ ਸਰਕਾਰ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਤੋਂ ਭੱਜ ਰਹੀ ਹੈ ।

ਆਗੂਆਂ ਨੇ ਕਿਹਾ ਕਿ ਜਦ ਸਰਕਾਰ ਨੇ ਆਪਣੇ ਮੰਤਰੀਆਂ-ਵਿਧਾਇਕਾਂ ਦੇ ਪੁੱਤਰਾਂ ਨੌਕਰੀਆਂ ਦੇਣੀਆਂ ਹੁੰਦੀਆਂ ਹਨ ਜਾਂ ਆਪਣੀਆਂ ਤਨਖਾਹਾਂ ਵਿੱਚ ਵਾਧਾ ਕਰਨਾ ਹੁੰਦਾ ਤਾਂ ਸਰਕਾਰ ਦਾ ਖਜ਼ਾਨਾ ਵੀ ਨੱਕੋ-ਭਰ ਜਾਂਦਾ ਅਤੇ ਕਾਨੂੰਨੀ ਅੜਚਨਾਂ ਵੀ ਰਾਹ ਵਿੱਚ ਰੋੜਾ ਨਹੀਂ ਬਣਦੀਆਂ ਅਤੇ ਜਦ ਵੀ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਗੱਲ ਆਉਂਦੀ ਹੈ ਤਾਂ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅਟਚਨਾਂ ਦਾ ਬਹਾਨਾ ਬਣਾਇਆ ਜਾਂਦਾ ਹੈ ਮੋਰਚੇ ਦੇ ਸੂਬਾਈ ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਕੈਟਾਗਿਰੀਆਂ ਜਿਵੇਂ ਠੇਕਾ ਪ੍ਰਣਾਲੀ,ਆਊਟਸੋਰਸਿੰਗ ਕੰਪਨੀਆਂ,ਇਨਲਿਸਟਮੈਂਟ ਆਦਿ ਰਾਹੀਂ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਦੀਆਂ ਛਾਂਟੀਆਂ ਕਰਨ ਦੀ ਨੀਤੀ ਰੱਦ ਕੀਤੀ ਜਾਵੇ ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਠੇਕਾ ਮੁਲਾਜਮਾਂ ਨੂੰ ਜਲਦ ਰੈਗੂਲਰ ਨਾ ਕੀਤਾ ਤਾਂ ਸਰਕਾਰ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਤੋਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ,ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸ਼ਰਾਲੀ,ਟੀ. ਐੱਸ.ਯੂ.(ਭੰਗਲ) ਤੋਂ ਰਛਪਾਲ ਸਿੰਘ ਗਰੇਵਾਲ, ਡੀ.ਟੀ.ਐੱਫ.ਤੋਂ ਮਾ.ਬਲਜਿੰਦਰ ਸਿੰਘ,ਨੌਜਵਾਨ ਭਾਰਤ ਸਭਾ ਤੋਂ ਬਲਕਰਨ ਸਿੰਘ ਅਤੇ ਪੀ.ਐੱਸ.ਯੂ.ਸ਼ਹੀਦ ਰੰਧਾਵਾ ਤੋਂ ਅਮਿਤੋਜ਼ ਸਿੰਘ ਮੌੜ ਆਦਿ ਆਗੂ ਹਾਜ਼ਿਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।