ਖੇਡਾਂ ’ਚ ਰਾਜਨੀਤੀ ਮੰਦਭਾਗਾ ਰੁਝਾਨ

Politics in sports

ਖਿਡਾਰੀ ਕਿਸੇ ਵੀ ਦੇਸ਼ ਦੀ ਸ਼ਾਨ ਹੁੰਦੇ ਹਨ। ਜੋ ਜਾਤੀ, ਧਰਮ, ਰਾਜਨੀਤੀ ਦੇ ਭੇਦਭਾਵ ਤੋਂ ਪਰੇ ਸਿਰਫ਼ ਖੇਡ ਭਾਵਨਾ ਨਾਲ ਲਬਰੇਜ਼ ਹੁੰਦੇ ਹਨ। ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹੁੰਦੀ ਹੈ ਇਸ ਲਈ ਇੱਕ ਖਿਡਾਰੀ ਹਾਰ ਹੋਵੇ ਜਾਂ ਜਿੱਤ, ਉਸ ਨੂੰ ਸਨਮਾਨ ਨਾਲ ਸਵੀਕਾਰ ਕਰਦਾ ਹੈ। ਜਿੱਤ ਕੇ ਜਦੋਂ ਆਪਣੇ ਦੇਸ਼ ਦਾ ਝੰਡਾ ਉਸ ਦੇ ਮੋਢਿਆਂ ’ਤੇ ਹੁੰਦਾ ਹੈ ਤਾਂ ਪੂਰਾ ਦੇਸ਼ ਜਸ਼ਨ ਮਨਾਉਂਦਾ ਹੈ। ਉਸ ਸਮੇਂ ਖਿਡਾਰੀ ਦੀ ਜਾਤੀ, ਧਰਮ ਮਾਇਨੇ ਨਹੀਂ ਰੱਖਦਾ।

ਪਰ ਦੇਸ਼ ਦੀ ਬਦਕਿਸਮਤੀ ਹੈ ਕਿ ਖੇਡ ਦੇ ਮੈਦਾਨ ’ਚ ਦਾਅ-ਪੇਚ ਚਲਾਉਣ ਵਾਲੇ ਦੇਸ਼ ਦੇ ਨਾਮੀ ਪਹਿਲਵਾਨ ਅੱਜ ਸੜਕਾਂ ’ਤੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ। ਕੁਸ਼ਤੀ ਮਹਾਂਸੰਘ ਦੇ ਚੇਅਰਮੈਨ ਬਿ੍ਰਜਭੂਸ਼ਣ ਸ਼ਰਨ ਸਿੰਘ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਇਨ੍ਹਾਂ ਪਹਿਲਵਾਨਾਂ ਨੇ ਜਨਤਾ ਨੂੰ ਹਮਾਇਤ ਦੀ ਅਪੀਲ ਕੀਤੀ ਹੈ। ਹਾਲਾਂਕਿ, ਇਸ ਮਾਮਲੇ ’ਚ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ ਪਰ ਇਨ੍ਹਾਂ ਪਹਿਲਵਾਨਾਂ ਨੂੰ ਇਸ ਕਮੇਟੀ ’ਤੇ ਵੀ ਇਤਰਾਜ਼ ਹੈ। ਪਹਿਲਵਾਨਾਂ ਦੀ ਇੱਕ ਹੀ ਜਿੱਦ ਹੈ ਕਿ ਕੁਸ਼ਤੀ ਮਹਾਂਸੰਘ ਦੇ ਚੇਅਰਮੈਨ ਖਿਲਾਫ਼ ਐਫ਼ਆਈਆਰ ਦਰਜ ਹੋਵੇ ਅਤੇ ਉਸ ਨੂੰ ਗਿ੍ਰਫ਼ਤਾਰ ਕੀਤਾ ਜਾਵੇ।

ਇੱਕ ਵਾਰ ਫ਼ਿਰ ਪਹਿਲਵਾਨ ਸੜਕ ’ਤੇ ਹਨ

ਹਾਲਾਂਕਿ ਤਿੰਨ ਮਹੀਨੇ ਪਹਿਲਾਂ ਜਦੋਂ ਇਨ੍ਹਾਂ ਪਹਿਲਵਾਨਾਂ ਨੇ ਜੰਤਰ-ਮੰਤਰ ’ਤੇ ਧਰਨਾ ਦਿੱਤਾ ਸੀ ਉਦੋਂ ਖੇਡ ਮੰਤਰਾਲੇ ਨੇ ਜਾਂਚ ਲਈ ਕਮੇਟੀ ਗਠਿਤ ਕੀਤੀ ਸੀ ਅਤੇ ਇਸ ਤੋਂ ਬਾਅਦ ਇਹ ਧਰਨਾ ਸਮਾਪਤ ਹੋ ਗਿਆ ਸੀ। ਪਰ ਜਾਂਚ ਰਿਪੋਰਟ ਨੂੰ ਦੇਖਣ ਅਤੇ ਚੇਅਰਮੈਨ ਖਿਲਾਫ਼ ਐਕਸ਼ਨ ਦੀ ਮੰਗ ਨੂੰ ਲੈ ਕੇ ਇੱਕ ਵਾਰ ਫ਼ਿਰ ਪਹਿਲਵਾਨ ਸੜਕ ’ਤੇ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੇਡ ਮੰਤਰਾਲੇ ਤੋਂ ਜਾਂਚ ਦੀ ਰਿਪੋਰਟ ਮੰਗੀ ਹੈ ਅਤੇ ਉਸ ਤੋਂ ਬਾਅਦ ਕੋਈ ਠੋਸ ਸਬੂਤ ਮਿਲਣ ’ਤੇ ਐਫ਼ਆਈਆਰ ਦਰਜ ਕੀਤੀ ਜਾਵੇਗੀ। ਉੱਧਰ ਕੁਸ਼ਤੀ ਮਹਾਂਸੰਘ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ ਉਨ੍ਹਾਂ ਖਿਲਾਫ਼ ਰਾਜਨੀਤੀ ਤੋਂ ਪ੍ਰੇਰਿਤ ਇੱਕ ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ।

ਦੂਸ਼ਣਬਾਜ਼ੀ ਦੇ ਇਸ ਸਿਲਸਿਲੇ ਵਿਚਕਾਰ ਆਖਰਕਾਰ ਨੁਕਸਾਨ ਖੇਡ ਅਤੇ ਖੇਡ ਭਾਵਨਾ ਦਾ ਹੋ ਰਿਹਾ ਹੈ। ਖੇਡ ਦੇ ਮੈਦਾਨ ’ਚ ਹਰ ਕਿਸੇ ਨੂੰ ਖਿਡਾਰੀ ਤੋਂ ਖੇਡ ਭਾਵਨਾ ਦੀ ਉਮੀਦ ਹੁੰਦੀ ਹੈ ਤਾਂ ਨਿਸ਼ਚਿਤ ਹੀ ਪ੍ਰਸ਼ਾਸਨਿਕ ਪੱਧਰ ’ਤੇ ਵੀ ਖਿਡਾਰੀਆਂ ਦੇ ਮਾਮਲੇ ’ਚ ਖੇਡ ਭਾਵਨਾ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ। ਅੱਜ ਹਰ ਖੇਤਰ ’ਚ ਰਾਜਨੀਤੀ ਦੀ ਘੁਸਪੈਠ ਹੋ ਰਹੀ ਹੈ, ਜੋ ਦੇਸ਼ ਦੀ ਬਦਕਿਸਮਤੀ ਹੈ। ਘੱਟੋ-ਘੱਟ ਖੇਡ ਦੇ ਮੈਦਾਨ ਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਖਿਡਾਰੀ ਹੋਵੇ ਜਾਂ ਪ੍ਰਸ਼ਾਸਨ ਸਾਰਿਆਂ ਨੂੰ ਮਿਲ-ਜੁਲ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਿਸਟਮ ’ਚ ਆਈਆਂ ਖਾਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ, ਇਸੇ ’ਚ ਖੇਡ ਜਗਤ ਦਾ ਭਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ