ਸਿਆਸੀ ਦਿਸ਼ਾ ਨੇ ਵਿਗਾੜੀ ਸਮਾਜਿਕ ਤੇ ਆਰਥਿਕ ਦਸ਼ਾ

Political Direction Sachkahoon

ਸਿਆਸੀ ਦਿਸ਼ਾ ਨੇ ਵਿਗਾੜੀ ਸਮਾਜਿਕ ਤੇ ਆਰਥਿਕ ਦਸ਼ਾ

ਅਜ਼ਾਦ ਦੇਸ਼ ਦੀ ਵੋਟ ਪ੍ਰਣਾਲੀ ਲੋਕਾਂ ਨੂੰ ਅਥਾਹ ਤਾਕਤ ਬਖਸ਼ਦੀ ਹੈ। ਜਿਸ ਨਾਲ ਸੁਨਹਿਰੀ ਭਵਿੱਖ ਦੀ ਕਾਮਨਾ ਲਈ ਲੋਕ ਪਸੰਦੀਦਾ ਨੇਤਾ ਚੁਣਦੇ ਹਨ ਜੋ ਜਨਤਾ ਦੀ ਭਲਾਈ ਲਈ ਨਵੇਂ ਕਾਨੂੰਨ ਬਣਾਉਂਦੇ ਹਨ। ਪਰ ਲੰਮੇ ਸਮੇਂ ਤੋਂ ਇਸ ਨਾਲ ਕੋਈ ਚਮਤਕਾਰ ਨਾ ਹੋ ਸਕਿਆ। ਉਲਟਾ ਸਿਆਸੀ ਛਲਾਵੇ (Political Direction) ਨੇ ਜਨਤਕ ਲਾਲਸਾ ਨੂੰ ਅਸੀਮਤ ਕਰ ਦਿੱਤਾ। ਜਿਸ ਨਾਲ ਜੀਵਨਸ਼ੈਲੀ ਤਾਂ ਬਦਲੀ ਉਲਟਾ ਸਿਆਸੀ ਜਰਬਾਂ-ਤਕਸੀਮਾਂ ਦੇ ਪ੍ਰਭਾਵ ਵਿੱਚ ਹੋਰ ਧਸਦੇ ਗਏ। ਦੇਸ਼ ਦੀ ਆਰਥਿਕ ਤੇ ਸਮਾਜਿਕ ਦਸ਼ਾ ਨਿਘਾਰ ਵੱਲ ਗਈ । ਘਟਦਾ ਘਰੇਲੂ ਉਤਪਾਦ ਤੇ ਵਧਦਾ ਮਾਲੀ ਮੰਦਵਾੜਾ ਛੁਪਿਆ ਨਹੀਂ ਰਿਹਾ। ਅੱਜ ਜਨਤਾ ਦੀ ਕੁੱਲੀ, ਗੁੱਲੀ ਤੇ ਜੁੱਲੀ ਦੀ ਪੂਰਤੀ ਮੁਸ਼ਕਲਾਂ ਵਿੱਚ ਹੈ। ਇਸ ਨਮੋਸ਼ੀ ਨੇ ਦੇਸ਼ ਦੀ ਜਵਾਨੀ ਦਾ ਮੂੰਹ ਵਿਦੇਸ਼ਾਂ, ਨਸ਼ੇ ਤੇ ਗੈਰ-ਸਮਾਜੀ ਕੰਮਾਂ ਵੱਲ ਕਰ ਦਿੱਤਾ। ਜੋ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਘਾਤਕ ਸਾਬਿਤ ਹੋਇਆ।

ਪੰਜਾਬ ਉਮਦਾ ਉਪਜ ਸਦਕਾ ਦੇਸ਼ ਦੀ ਅਨਾਜ ਪੂਰਤੀ ਲਈ ਵੀ ਅਹਿਮ ਹੈ। ਪਰ ਪਿਛਲੇ ਦੋ ਦਹਾਕਿਆਂ ਤੋਂ ਜ਼ਮੀਨ ਦੀ ਵੇਚ-ਵੱਟਤ ਜ਼ਰੂਰ ਗੰਭੀਰ ਵਿਸ਼ਾ ਬਣ ਗਿਆ। ਵਾਹੀਯੋਗ ਜ਼ਮੀਨ ਉੱਪਰ ਕੰਕਰੀਟ ਦੇ ਜੰਗਲ ਉੱਸਰਨ ਲੱਗੇ। ਪੈਸੇ ਦੀ ਬਹੁਤਾਤ ਨਾਲ ਘਰੇਲੂ ਤਾਣਾ-ਬਾਣਾ ਹੀ ਉਲਝ ਗਿਆ। ਨਤੀਜਨ ਅੱਜ ਨਸ਼ੇ, ਅੱਯਾਸ਼ੀ ਤੇ ਵਿਦੇਸ਼ੀ ਉਡਾਰੀਆਂ ਸਦਕੇ ਔਲਾਦਾਂ ਵਜੋਂ ਕੱਖੋਂ ਹੌਲੇ ਹੋ ਗਏ। ਸਾਲ ਵਿੱਚ ਤਕਰੀਬਨ 1.75 ਲੱਖ ਵਿਦਿਆਰਥੀਆਂ ਤੋਂ ਬਿਨਾ ਹਜ਼ਾਰਾਂ ਟੱਬਰ ਪ੍ਰਵਾਸੀ ਬਣ ਰਹੇ ਹਨ। ਜਦੋਂਕਿ ਪਹਿਲੇ ਸਾਲ ਵਿਦੇਸ਼ੀ ਪਾੜੇ ਲਈ 22 ਤੋਂ 25 ਲੱਖ ਰੁਪਏ ਦਾ ਖਰਚਾ ਹੈ। ਮਨੁੱਖੀ ਸ਼ਕਤੀ ਦੇ ਨਾਲ ਸਰਮਾਇਆ ਵੀ ਬਿਗਾਨੇ ਮੁਲਕ ਜਾ ਰਿਹਾ ਹੈ। ਹਰ ਵਰ੍ਹੇ ਜ਼ਮੀਨਾਂ ਵੇਚ ਜਾਂ ਕਰਜੇ ਚੁੱਕ ਆਪਣੇ ਹੱਥੀਂ 2700 ਕਰੋੜ ਰੁਪਾਈਆ ਵਿਦੇਸ਼ਾਂ ਨੂੰ ਸੌਂਪਦੇ ਹਾਂ। ਅੱਜ ਕੈਨੇਡਾ ਦੀ 2 ਫੀਸਦੀ ਅਬਾਦੀ ਪੰਜਾਬੀ ਹੈ । ਇਸੇ ਤਰ੍ਹਾਂ ਅਮਰੀਕਾ ਵਿੱਚ 2, ਯੂਰਪ ਵਿੱਚ 1.2, ਅਸਟਰੇਲੀਆ ਵਿੱਚ 0.65 ਮਿਲੀਅਨ ਪੰਜਾਬੀ ਹਨ। ਵਿਡੰਵਨਾ ਇਹ ਕਿ ਪੰਜਾਬ ਵਿੱਚ ਮਹਿਲਨੁਮਾ ਕੋਠੀਆਂ ਅੰਦਰ ਬਜ਼ੁਰਗ, ਖੇਤੀ-ਕਾਮਿਆਂ ਜਾਂ ਕਬੂਤਰਾਂ ਦਾ ਬਸੇਰਾ ਹੈ।

ਇਹ ਲੰਮੀ ਉਡਾਰੀ ਮਾਪਿਆਂ ਲਈ ਖੌਫਜ਼ਦਾ ਜਰੂਰ ਹੈ ਪਰ ਲਾਡਲਿਆਂ ਨੂੰ ਬੁਰੀ ਸੰਗਤ ਤੋਂ ਬਚਾ ਕੇ ਖੁਸ਼ ਵੀ ਹਨ। ਸਾਲਾਂ ਤੋਂ ਨਸ਼ਾ ਸ਼ਰੇਆਮ ਵਿਕਦਾ ਹੈ। ਹਜ਼ਾਰਾਂ ਕੇਸਾਂ ਵਿੱਚ ਮਿਲੀਭੁਗਤ ਸਾਬਤ ਹੁੰਦੀ ਪਰ ਬਿੱਲੀ ਗਲ ਟੱਲੀ ਕੌਣ ਬੰਨ੍ਹੇ। ਬਾਕੀ ਹਿੱਸੇਦਾਰੀਆਂ ਦੇ ਲਾਲਚਵੱਸ ਰਾਜਸੀ ਘਿਉ-ਖਿਚੜੀ ਕੋਈ ਨਵੀਂ ਗੱਲ ਨਹੀਂ। ਜਿਸ ਨਾਲ ਨਸ਼ਿਆਂ ਦਾ ਸਮੁੰਦਰ ਠਾਠ ਨਾਲ ਉੱਚੀਆਂ ਛੱਲਾਂ ਮਾਰ ਰਿਹਾ ਹੈ। ਗਾਇਕਾਂ ਨੇ ਵੀ ਨਸ਼ਾ, ਹਥਿਆਰ ਤੇ ਗੈਂਗਸਟਰਾਂ ਦੇ ਪ੍ਰਚਾਰ ਲਈ ਕਸਰ ਨਹੀਂ ਛੱਡੀ। ਪੈਸੇ ਖਾਤਰ ਸੱਭਿਆਚਾਰ ਦਾ ਘਾਣ ਕਰ ਪੰਜਾਬੀਅਤ ਦਾ ਬੰਬੀਹਾ ਉਲਟੀ ਬੋਲੀ ਬੋਲਣ ਲਾ ਦਿੱਤਾ।

ਸੰਯੁਕਤ ਰਾਸ਼ਟਰ ਦੀ ਡਰੱਗ ਅਤੇ ਕ੍ਰਾਈਮ ਬਰਾਂਚ ਨੇ ਵਿਆਨਾ ਵਿੱਚ ਜੂਨ 2019 ਨੂੰ ਸੰਸਾਰ ਪੱਧਰੀ ਰਿਪੋਟ ਨਸ਼ਰ ਕੀਤੀ। ਜਿਸ ਮੁਤਾਬਕ 35 ਮਿਲੀਅਨ ਲੋਕ ਨਸ਼ੇ ਕਾਰਨ ਲੱਗੀਆਂ ਬਿਮਾਰੀਆਂ ਤੋਂ ਪੀੜਤ ਹਨ। ਜਦੋਂਕਿ ਸੱਤ ਵਿਆਕਤੀਆਂ ਵਿਚੋਂ ਇੱਕ ਨੂੰ ਇਲਾਜ ਮਿਲਦਾ ਹੈ। ਮਾਰਫਿਨ ਗੋਲੀਆਂ ਨੂੰ ਨਸ਼ੇ ਵਜੋਂ 53 ਮਿਲੀਅਨ ਲੋਕ ਖਾਂਦੇ ਹਨ। ਇਸ ਨਾਲ 11 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ। 1.4 ਮਿਲੀਅਨ ਐਚ.ਆਈ.ਵੀ. ਅਤੇ 5.6 ਮਿਲੀਅਨ ਹੈਪੇਟਾਈਟਸ ਨਾਲ ਜ਼ਿੰਦਗੀ ਦੀ ਜੰਗ ਲੜ ਰਹੇ ਹਨ।

ਆਧੁਨਿਕ ਯੁੱਗ ਦੀਆਂ ਤਬਦੀਲੀਆਂ ਨਾਲ ਨਸ਼ਈ ਸਮਾਜ ਵੀ ਬਦਲ ਗਿਆ। ਲੋਕ ਦੇਸੀ ਨਸ਼ੇ ਤਿਆਗ ਮੈਡੀਕਲ ਜਾਂ ਸਿੰਥੈਟਿਕ ਡਰੱਗ ਦੀ ਵਰਤੋਂ ਕਰਨ ਲੱਗੇ। ਭਾਰਤ ਸਰਕਾਰ ਦੇ ਸਰਵੇਖਣ ਮੁਤਾਬਕ 8.59 ਲੱਖ ਤੁਰੰਤ ਨਸ਼ੇ ਲਈ ਸਿੱਧਾ ਟੀਕਾ ਲਾਉਦੇ ਤੇ ਸਿਰਫ 1.8 ਲੱਖ ਲੋਕੀ ਅਫੀਮ, ਪੋਸਤ ਤੇ ਭੰਗ ਨਸ਼ੇ ਲਈ ਲੈਂਦੇ। ਪਰ 2.71 ਕਰੋੜ ਸਿੰਥੈਟਿਕ ਡਰੱਗ ਵਰਗੇ ਮਹਿੰਗੇ ਨਸ਼ੇ ਦੇ ਆਦੀ ਵੀ ਹਨ। ਹਰ ਰੋਜ਼ ਮੁਲਕ ਵਿੱਚ 36 ਮਿਲੀਅਨ ਲੀਟਰ ਦਾਰੂ ਦੀ ਖਪਤ ਹੈ। ਜਿਸ ਨਾਲ ਸਰਕਾਰਾਂ 4.1 ਬਿਲੀਅਨ ਰੁਪਈਆ ਕਮਾਉਂਦੀਆਂ ਹਨ। ਭਾਵੇਂ ਸ਼ਰਾਬ ਨਾਲ ਲੀਵਰ ਦੀ ਬਿਮਾਰੀ ਕਾਰਨ 62 ਫੀਸਦੀ ਦੀ ਮੌਤ ਦਰ ਹੈ। ਵਿਸ਼ਵ ਵਿਆਪੀ ਨਸ਼ਾ ਮੰਡੀ 503 ਅਰਬ ਡਾਲਰ ਦੀ ਕਮਾਈ ਕਰਦੀ ਹੈ। ਇਸ ਦੇ ਘੇਰੇ ਤੋਂ ਪੰਜਾਬ ਵੀ ਬਾਹਰ ਨਹੀਂ। ਜੋ ਚਿੱਟੇ ਜਾਂ ਹੈਰੋਇਨ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ 1.5 ਤੋਂ 2 ਲੱਖ ਰੁਪਏ ਥੋਕ ਰੇਟ ’ਤੇ ਮਿਲਦੇ ਹਨ। ਇਸ ਦੀ ਕੀਮਤ ਭਾਰਤ ਵਿਚ ਪਹੁੰਚ ਕੇ 20 ਤੋਂ 25 ਲੱਖ ਹੋ ਜਾਂਦੀ ਹੈ।

ਪੰਜਾਬ ਤੇ ਉੱਤਰ ਭਾਰਤ ਨੂੰ ਮੁੱਖ ਖਪਤਕਾਰ ਵਜੋਂ ਦੇਖਦੇ ਹਨ। ਚਿੱਟੇ ਦੇ ਨਸ਼ੇ ਲਈ ਸ਼ੁਰੂ ਵਿੱਚ ਵਿਅਕਤੀ ਘੱਟੋ-ਘੱਟ ਦੋ ਹਜ਼ਾਰ ਖਰਚਦਾ ਹੈ। ਨਸ਼ੇ ਦੀ ਪੂਰਤੀ ਲਈ ਚੋਰੀ ਜਾਂ ਸਪਲਾਈ ਕਰਨ ਲੱਗਦੇ ਹਨ। ਜਦੋਂਕਿ ਆਈਸ ਡਰੱਗ, ਹੈਰੋਇਨ ਜਾਂ ਚਿੱਟਾ ਪੰਜ-ਸੱਤ ਹਜ਼ਾਰ ਮਿਲੀਗ੍ਰਾਮ ਦੇ ਹਿਸਾਬ ਵੇਚਦੇ ਹਨ। ਪੰਜਾਬ ਸਰਕਾਰ ਦੇ ਮਨਿਸਟਰੀ ਆਫ ਸੋਸ਼ਲ ਜਸਟਿਸ ਦੇ ਸਰਵੇ ਅਨੁਸਾਰ 59 ਫੀਸਦੀ ਚਿੱਟਾ ਅਤੇ ਅਫੀਮ ਤੇ ਤਿਆਰ ਹੋਰ 33 ਫੀਸਦੀ ਨਸ਼ੇ ਵਰਤਦੇ ਹਨ। ਜਦੋਂਕਿ ਪੀ.ਜੀ.ਆਈ. ਦੇ ਮੁਤਾਬਕ ਚਿੱਟੇ ਦੀ ਵਰਤੋਂ 66.6 ਪ੍ਰਤੀਸ਼ਤ ਹੈ। ਪੰਜਾਬ ਵਿੱਚ 7500 ਕਰੋੜ ਮੈਡੀਕਲ ਤੇ 6500 ਕਰੋੜ ਚਿੱਟਾ ਅਤੇ ਸੰਥੈਟਿਕ ਨਸ਼ਿਆਂ ਦੀ ਖਪਤ ਹੈ। ਇਸ ਤੋਂ ਇਲਾਵਾ 2007 ਤੋਂ 2019 ਤੱਕ 45000 ਕਰੋੜ ਦੀ ਪੰਜਾਬੀ ਸ਼ਰਾਬ ਪੀ ਗਏ। ਚੰਡੀਗੜ੍ਹ ਸ਼ਹਿਰ ਵਿੱਚ ਰੋਜ਼ਾਨਾ ਤੀਹ ਹਜ਼ਾਰ ਬੋਤਲਾਂ ਦੀ ਖਪਤ ਹੈ। ਇਨ੍ਹਾਂ ਨਸ਼ਿਆਂ ਦੀ ਪੂਰਤੀ ਦੀ ਆਖਰੀ ਟੇਕ ਗੈਂਗਸਟਰ ਗਿਰੋਹਾਂ ਦੀ ਪਨਾਹ ਹੈ। ਜੋ ਇਲਾਕੇ ਅਨੁਸਾਰ ਨਸ਼ੇ ਵੇਚਦੇ, ਲੁੱਟਾਂ-ਖੋਹਾਂ ਜਾਂ ਸੁਪਾਰੀ ਲੈ ਕੇ ਕਤਲ ਕਰਦੇ ਹਨ। ਨਵੀਂ ਪੀੜ੍ਹੀ ਨਸ਼ੇ ਦੀ ਡੋਜ਼ ਲਈ ਇਨ੍ਹਾਂ ਕੰਮਾਂ ਦਾ ਫਿਲਮੀ ਦਿ੍ਰਸ਼ਾਂ ਵਾਂਗ ਅਨੰਦ ਲੈਂਦੀ ਹੈ। ਜਦੋਂ ਤੱਕ ਸਮਝ ਪੈਂਦੀ ਹੈ ਤਾਂ ਬਾਹਰ ਨਿੱਕਲਣ ਦਾ ਰਸਤਾ ਨਹੀਂ ਬਚਦਾ।

ਪੰਜਾਬ ਦੀ ਆਬਾਦੀ ਦਾ 32.45 ਪ੍ਰਤੀਸ਼ਤ ਪੈਂਤੀ ਸਾਲ ਦੇ ਨੌਜਵਾਨ ਹਨ। ਜੋ ਚੰਗੇਰੇ ਭਵਿੱਖ ਲਈ ਪੜ੍ਹ-ਲਿਖ ਕੇ ਨੌਕਰੀ ਨੂੰ ਤਰਸ ਗਏ। ਟੈਂਕੀਆਂ ਉੱਪਰ ਚੜ੍ਹਨ ਤੇ ਮੁਜ਼ਾਹਰੇ ਕਰਨ ਤੋਂ ਬਾਅਦ ਹੁਣ ਖੇਤ ਮਜ਼ਦੂਰੀ ਜਾਂ ਰੇਹੜੀਆਂ ਲਾ ਟੱਬਰ ਪਾਲਣ ਲੱਗੇ। ਸੈਂਟਰ ਫਾਰ ਮਿਨੀਟਰਿੰਗ ਇੰਡੀਅਨ ਇਕਾਨਮੀ ਵੱਲੋਂ ਜੂਨ 2020 ਨੂੰ ਰਾਜ ਦੀ ਬੇਰੁਜ਼ਗਾਰੀ ਦਰ 33.6 ਐਲਾਨੀ ਗਈ। ਘਰ-ਘਰ ਰੁਜ਼ਗਾਰ ਦੀਆਂ ਯੋਜਨਾਵਾਂ ਫਾਈਲਾਂ ਵਿੱਚ ਸਿਮਟ ਕੇ ਰਹਿ ਗਈਆਂ। ਚੋਣਾਂ ਦੇ ਮੌਸਮ ’ਚ ਬੇਰੋਕ ਵਾਅਦਿਆਂ ਦੀ ਬਰਸਾਤ ਹੋ ਰਹੀ ਹੈ। ਉਂਜ ਮੁਫਤ ਸਹੂਲਤਾਂ ਨਾਲੋਂ ਪੱਕੇ ਰੁਜਗਾਰ ਦੇ ਵਸੀਲੇ ਜ਼ਿਆਦਾ ਜ਼ਰੂਰੀ ਹਨ ।

ਪੰਜਾਬ ਦੀ ਧਰਤੀ ਗੁਰੂਆਂ, ਪੀਰਾ, ਗਦਰੀ ਬਾਬਿਆਂ, ਊਧਮ, ਸਰਾਭੇ ਤੇ ਭਗਤ ਸਿੰਘ ਵਰਗੇ ਸੂਰਬੀਰਾਂ ਦੀ ਧਰਤੀ ਹੈ। ਜੋ ਸਮੁੱਚੀ ਮਨੁੱਖਤਾ ਲਈ ਬਰਾਬਰੀ ਤੇ ਭਲਾਈ ਲੋਚਦੇ ਸਨ। ਇੱਥੋ ਤੱਕ ਦੇਸ਼ ਦੀ ਆਜਾਦੀ ਵਿੱਚ 121 ਪੰਜਾਬੀਆਂ ਨੇ ਫਾਂਸੀ ਦੇ ਰੱਸੇ ਚੁੰਮੇ । 2626 ਨੇ ਉਮਰ ਭਰ ਕੈਦ ਕੱਟੀ। ਇਸ ਤੋਂ ਇਲਾਵਾ ਜਲ੍ਹਿਆਂ ਵਾਲੇ ਬਾਗ ਵਿੱਚ 1300 ਪੰਜਾਬੀ ਸ਼ਹੀਦ ਹੋਏ। ਜੋ ਦੁਨੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਗਾਉਣ ਲਈ ਆਪਾ ਵਾਰ ਗਏ। ਇਸੇ ਪੰਜਾਬ ਦੇ ਲਾਲ ਸਿੰਘ ਦਿਲ, ਪਾਸ਼ ਅਤੇ ਸੰਤ ਰਾਮ ਉਦਾਸੀ ਵਰਗੇ ਕਵੀ ਲੋਕਾਂ ਦੀ ਆਵਾਜ ਬਣ ਖਲੋਏ। ਕੀ ਅੱਜ ਅਸੀਂ ਗੁਰੂਆਂ ਦੇ ਉਪਦੇਸ਼, ਸ਼ਹੀਦਾਂ ਦੇ ਸੰਦੇਸ਼ ਅਤੇ ਕਵੀਆਂ ਦੇ ਫਲਸਫੇ ਤੋਂ ਪਾਸਾ ਵੱਟ ਸੌਂ ਗਏ ਹਾਂ। ਆਪਣੇ ਲੋਕਾਂ ਨੂੰ ਨਵਯੁੱਗ ਦੀਆਂ ਨਵੀਆਂ ਅਲਾਮਤਾਂ ਤੋਂ ਸੁਰੱਖਿਅਤ ਰੱਖੀਏ।

ਇਸ ਲਈ ਮੌਕਾਪ੍ਰਸਤੀ ਦੀ ਰਾਜਨੀਤੀ ਤੋਂ ਆਵਾਮ ਨੂੰ ਜਗਾਉਣਾ ਜਰੂਰੀ ਹੈ। ਤਾਂ ਜੋ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਹੋ ਸਕੇ। ਉਹ ਇੱਕ ਸਾਫ-ਸੁਥਰੇ ਮਹੌਲ ਵਿੱਚ ਸਕੂਨਮਈ ਤੇ ਆਰਥਿਕ ਮਜ਼ਬੂਤੀ ਵਾਲਾ ਜੀਵਨ ਬਸਰ ਕਰਨ। ਆਓ! ਸਭ ਮਿਲ ਕੇ ਨੌਜਵਾਨੀ ਨੂੰ ਸੁਚੱਜੀ ਜਿੰਦਗੀ ਦੇ ਸਫਰ ਲਈ ਹਲੂਣੀਏ। ਪੰਜਾਬ ਦੇ ਅਮੀਰ ਤੇ ਚਾਨਣਮਈ ਵਿਰਸੇ ਪ੍ਰਤੀ ਜਾਗਰੂਕਤਾ ਅਤੇ ਰਾਜਨੀਤਿਕ ਸੂਝ ਦਾ ਘੇਰਾ ਵਿਸ਼ਾਲ ਕਰੀਏ। ਸਿਆਸੀ ਨੇਤਾਵਾਂ ਦੇ ਨਸ਼ੇ, ਲਾਰੇ ਤੇ ਦਾਅਵੇ ਨੂੰ ਪਾਸੇ ਰੱਖ ਇੱਕ ਸਥਾਈ ਤੇ ਲੋਕ-ਪੱਖੀ ਸਰਕਾਰ ਚੁਣਨ ਦਾ ਹੱਕ ਅਦਾ ਕਰੀਏ। ਇਹ ਹੀ ਸਮਾਂ ਸੱਚੀ ਗੱਲ ਕਹਿਣ ਤੇ ਹੱਕ ਲੈਣ ਦਾ ਹੈ। ਕਿਉਂਕਿ ਰਾਜਨੀਤੀ ਦੇ ਰੰਗ ਨਿਆਰੇ ਹੁੰਦੇ ਨੇ, ਗਿਰਗਿਟ ਵਾਂਗੂ ਰੰਗ ਬਦਲ ਦੇ ਸਾਰੇ ਹੁੰਦੇ ਨੇ।

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ