ਭਾਸ਼ਾ ਵਿਭਾਗ ਪੰਜਾਬ ’ਚ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ (Patiala-News)
ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਰਦਾਰ ਪੰਛੀ ਅਤੇ ਪਦਮ ਸ੍ਰੀ ਪ੍ਰਾਣ ਸੱਭਰਵਾਲ ਨੇ ਕੀਤੀ ਸ਼ਿਰਕਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਵਿਭਾਗ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਪੰਜਾਬੀ , ਹਿੰਦੀ ਅਤੇ ਊਰਦੂ ਦੇ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿਆ। ਇਸ ਕਵੀ ਦਰਬਾਰ ’ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਪੁੱਜੇ ਜਦਕਿ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਉਰਦੂ ਸਾਹਿਤਕਾਰ ਸਰਦਾਰ ਪੰਛੀ ਨੇ ਕੀਤੀ ਅਤੇ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਹੋਰਨਾਂ ਭਾਸ਼ਾਵਾਂ ਦੇ ਸਤਿਕਾਰ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। Patiala News
ਸਰਕਾਰ ਨਵੀਂ ਪੀੜ੍ਹੀ ਨੂੰ ਪੁਸਤਕ ਤੇ ਖੇਡ ਸੱਭਿਆਚਾਰ ਨਾਲ ਜੋੜਨ ਲਈ ਯਤਨਸ਼ੀਲ
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸਰਕਾਰ ਨਵੀਂ ਪੀੜ੍ਹੀ ਨੂੰ ਪੁਸਤਕ ਤੇ ਖੇਡ ਸੱਭਿਆਚਾਰ ਨਾਲ ਜੋੜਨ ਲਈ ਯਤਨਸ਼ੀਲ ਹੈ। ਜਿਸ ਕਰਕੇ ਭਾਸ਼ਾ ਵਿਭਾਗ ਵਰਗੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿਉਂਕਿ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਨੇ ਹੀ ਸਾਡੀ ਮਾਂ ਬੋਲੀ ਦੇ ਪ੍ਰਸਾਰ ’ਚ ਸਭ ਨੂੰ ਅਗਵਾਈ ਦੇਣੀ ਹੈ। ਕਵੀ ਦਰਬਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸਦੀਆਂ ਤੋਂ ਸਾਡੇ ਵਿਰਸੇ ਦਾ ਹਿੱਸਾ ਬਣੀ ਹੋਈ ਹੈ। ਸਾਡੇ ਕੋਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਰੂਪ ’ਚ ਦੁਨੀਆ ਦਾ ਮਹਾਨ ਸ਼ਬਦ ਗੁਰੂ ਮੌਜ਼ੂਦ ਹੈ ਜੋ ਕਾਵਿ ਦੀ ਉੱਤਮ ਦਰਜੇ ਦੀ ਮਿਸਾਲ ਹੈ। ਇਸ ਤੋਂ ਇਲਾਵਾ ਪੰਜਾਬ ਦੀ ਧਰਤੀ ’ਤੇ ਲਿਖੇ ਗਏ ਉੱਚ ਪਾਏ ਦੇ ਕਿੱਸੇ-ਵਾਰਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੀ ਸ਼ਾਇਰੀ ਨਾਲ ਜੋੜਨ ਲਈ ਲਿਖਾਰੀਆਂ ਵਰਗੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। Patiala News
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ਾਇਰ ਸਰਦਾਰ ਪੰਛੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ’ਚ ਮਾਂ ਬੋਲੀ ਦੀਆਂ ਸਿਫ਼ਤਾਂ ਕੀਤੀਆਂ। ਉਨ੍ਹਾਂ ਉਰਦੂ ਅਤੇ ਹਿੰਦੀ ਸ਼ਾਇਰੀ ਦੀਆਂ ਚੋਣਵੀਂਆਂ ਵੰਨਗੀਆਂ ਵੀ ਸੁਣਾਈਆਂ। ਵਿਸ਼ੇਸ਼ ਮਹਿਮਾਨ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਨੇ ਕਿਹਾ ਕਿ ਭਾਸ਼ਾ ਵਿਭਾਗ ਨਾਲ ਉਨ੍ਹਾਂ ਦਾ ਨਾਤਾ ਬਹੁਤ ਪੁਰਾਣਾ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਰੰਗਮੰਚ ਪੇਸ਼ਕਾਰੀਆਂ ਦੀ ਤਿਆਰੀ ਭਾਸ਼ਾ ਵਿਭਾਗ ’ਚ ਹੀ ਹੁੰਦੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਇਸ ਮੌਕੇ ਡਾ. ਰਾਜਵੰਤ ਕੌਰ ਪੰਜਾਬੀ ਦੀ ਪੁਸਤਕ ‘ਨਾਰੀ ਪਰਵਾਜ਼’ ਅਤੇ ਸ੍ਰੀਮਤੀ ਸੁਨੀਤਾ ਸੱਭਰਵਾਲ ਦੀ ਪੁਸਤਕ ‘ਕੁਝ ਬੋਲ ਅਨੀਤਾ’ ਵੀ ਲੋਕ ਅਰਪਣ ਕੀਤੀਆਂ ਗਈਆਂ। ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਮਾਗਮ ਦੇ ਆਯੋਜਕ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਖੋਜ ਅਫ਼ਸਰ ਨੇ ਕੀਤਾ। ਇਸ ਕਵੀ ਦਰਬਾਰ ’ਚ ਡਾ. ਰੂਬੀਨਾ ਸ਼ਬਨਮ, ਸਰਬਜੀਤ ਕੌਰ ਜਸ, ਅੰਮ੍ਰਿਤਪਾਲ ਸਿੰਘ ਸੈਦਾ, ਕੁਲਵੰਤ ਸੈਦੋਕੇ, ਬਿਮਲਾ ਗੁਗਲਾਨੀ, ਬਲਵਿੰਦਰ ਸਿੰਘ ਸੰਧੂ, ਜਸਪ੍ਰੀਤ ਫ਼ਲਕ, ਅਵਤਾਰਜੀਤ ਅਟਵਾਲ, ਪਰਵਿੰਦਰ ਸ਼ੋਖ, ਧਰਮ ਕੰਮੇਆਣਾ, ਜਸਵਿੰਦਰ ਚਾਹਲ ਮਾਨਸਾ, ਤ੍ਰੈਲੋਚਨ ਲੋਚੀ, ਸ਼ਤੀਸ਼ ਵਿਦਰੋਹੀ, ਹਰਜੀਤ ਸਿੰਘ ਸੱਧਰ, ਗੁਰਮੇਲ ਸਿੰਘ ਵਿਰਕ, ਸਾਗਰ ਸੂਦ, ਬਲਰਾਜ ਓਬਰਾਏ, ਹਰਦੀਪ ਸੱਭਰਵਾਲ, ਸੁਖਵਿੰਦਰ ਚਹਿਲ, ਜੋਰਾਵਰ ਸਿੰਘ ਪੰਛੀ, ਚਮਕੌਰ ਸਿੰਘ ਚਹਿਲ ਤੇ ਬਲਵੀਰ ਜਲਾਲਾਬਾਦੀ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ।