ਪਲਾਟ ਖਰੀਦ ਘਪਲਾ : ਮਨਪ੍ਰੀਤ ਬਾਦਲ ਨੂੰ ਮੁੜ ਸੰਮਨ ਜਾਰੀ

Manpreet Badal
ਪਲਾਟ ਖਰੀਦ ਘਪਲਾ : ਮਨਪ੍ਰੀਤ ਬਾਦਲ ਨੂੰ ਮੁੜ ਸੰਮਨ ਜਾਰੀ

(ਸੁਖਜੀਤ ਮਾਨ) ਬਠਿੰਡਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਨੂੰ ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਅੱਜ ਮੁੜ ਸੰਮਨ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਾਰੀ ਕੀਤੇ ਸੰਮਨਾਂ ਤੇ ਮਨਪ੍ਰੀਤ ਇਹ ਕਹਿ ਕੇ ਪੇਸ਼ ਨਹੀਂ ਹੋਏ ਸੀ ਕਿ ਉਹਨਾਂ ਦੇ ਪਿੱਠ ਦਰਦ ਹੈ, ਜਿਸਦਾ ਇਲਾਜ ਚੱਲ ਰਿਹਾ ਹੈ।

ਵੇਰਵਿਆਂ ਮੁਤਾਬਿਕ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਤੌਰ ਵਿੱਤ ਮੰਤਰੀ ਹੁੰਦਿਆਂ ਬਠਿੰਡਾ ਟੀਵੀ ਟਾਵਰ ਨੇੜੇ ਦੋ ਪਲਾਟ ਖਰੀਦੇ ਸੀ। ਇਹਨਾਂ ਪਲਾਟਾਂ ਦੇ ਖਰੀਦ ਮਾਮਲੇ ਵਿੱਚ ਨਿਯਮਾਂ ਨੂੰ ਛਿੱਕੇ ਟੰਗਣ ਦੀ ਗੱਲ ਕਹਿ ਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਪੜਤਾਲ ਮਗਰੋਂ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਸਮੇਤ 6 ਜਣਿਆਂ ਖਿਲਾਫ਼ ਪਰਚਾ ਦਰਜ਼ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਉਸਾਰੀ ਕਾਮਿਆਂ ਨੂੰ 3 ਕਰੋੜ ਤੋਂ ਵੱਧ ਦੀ ਦਿੱਤੀ ਜਾ ਰਹੀ ਹੈ ਰਾਸ਼ੀ, ਛੇਤੀ ਕਰੋ ਇਹ ਕੰਮ

ਇਸ ਮਾਮਲੇ ਵਿੱਚ ਮਨਪ੍ਰੀਤ ਬਾਦਲ (Manpreet Badal) ਮਾਣਯੋਗ ਹਾਈ ਕੋਰਟ ਤੋਂ ਜਮਾਨਤ ਲੈਣ ‘ਚ ਸਫ਼ਲ ਹੋ ਗਏ ਜਦੋਂਕਿ ਉਸ ਤੋਂ ਪਹਿਲਾਂ ਮਨਪ੍ਰੀਤ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਵੱਲੋਂ ਪੰਜਾਬ ਸਮੇਤ ਕਈ ਰਾਜਾਂ ਵਿੱਚ ਰੇਡ ਕੀਤੀ ਗਈ ਸੀ। ਵਿਜੀਲੈਂਸ ਨੇ 23 ਅਕਤੂਬਰ ਨੂੰ ਵੀ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪਿੱਠ ਦਰਦ ਹੋਣ ਕਰਕੇ ਪੀਜੀਆਈ ਵਿੱਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਵਿਜੀਲੈਂਸ ਨੇ ਅੱਜ ਫਿਰ ਮਨਪ੍ਰੀਤ ਬਾਦਲ ਦੇ ਨਾਂਅ ਸੰਮਨ ਜਾਰੀ ਕਰਕੇ 31 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।

ਡਾਕਟਰ ਤੋਂ ਲਵਾਂਗੇ ਸਲਾਹ : ਐਡਵੋਕੇਟ

Manpreet Badal ਮਨਪ੍ਰੀਤ ਬਾਦਲ ਦੇ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਸੰਮਨ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਮਨ ਜਾਰੀ ਹੋਏ ਹਨ ਪਰ ਪੇਸ਼ ਹੋਣ ਤੋਂ ਪਹਿਲਾਂ ਉਹ ਪੀਜੀਆਈ ਦੇ ਡਾਕਟਰਾਂ ਦੀ ਸਲਾਹ ਲੈਣਗੇ ਕਿਉਂਕਿ ਮਨਪ੍ਰੀਤ ਬਾਦਲ ਦਾ ਪਿੱਠ ਦਰਦ ਕਾਰਨ ਉੱਥੋਂ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਡਾਕਟਰਾਂ ਨੇ ਸਫ਼ਰ ਕਰਨ ਦੀ ਇਜਾਜਤ ਦਿੱਤੀ ਤਾਂ ਉਹ ਪੇਸ਼ ਹੋਣਗੇ।