Women Empowerment: ਬਰਾਬਰਤਾ ਦੇ ਰਾਹ ’ਚ ਸੋਚ ਦਾ ਬਦਲਾਅ ਜ਼ਰੂਰੀ

ਡਿਜ਼ੀਟਲ ਮੀਡੀਆ ਦੇ ਵਿਸਥਾਰ ਨੇ ਸਮਾਜ ’ਚ ਆਪਣੀ ਗੱਲ ਕਹਿਣ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ

Khushdeep Singh Picture
Published On

ਡਿਜ਼ੀਟਲ ਮੀਡੀਆ ਦੇ ਵਿਸਥਾਰ ਨੇ ਸਮਾਜ ’ਚ ਆਪਣੀ ਗੱਲ ਕਹਿਣ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅੱਜ ਕੋਈ ਵੀ ਵਿਅਕਤੀ ਆਪਣੇ ਵਿਚਾਰ, ਤਜ਼ਰਬੇ ਤੇ ਜੀਵਨ ਦੀਆਂ ਸੱਚਾਈਆਂ ਨੂੰ ਸਿੱਧਾ ਲੋਕਾਂ ਤੱਕ ਪਹੁੰਚਾ ਸਕਦਾ ਹੈ। ਇਸ ਤਬਦੀਲੀ ਦਾ ਸਭ ਤੋਂ ਵਧੀਆ ਅਸਰ ਔਰਤਾਂ ’ਤੇ ਪਿਆ ਹੈ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਆਪਣੀ ਗੱਲ ਕਹਿਣ ਦੇ ਮੌਕੇ ਬਹੁਤ ਸੀਮਤ ਮਿਲਦੇ ਰਹੇ। ਹੁਣ ਉਹ ਆਪਣੇ ਜੀਵਨ, ਸੰਘਰਸ਼ ਅਤੇ ਨਜ਼ਰੀਏ ਨੂੰ ਖੁੱਲ੍ਹ ਕੇ ਸਾਂਝਾ ਕਰ ਰਹੀਆਂ ਹਨ। ਹਾਲ ਹੀ ਵਿਚ ਇੱਕ ਪੇਂਡੂ ਪਿਛੋਕੜ ਵਾਲੀ ਲੜਕੀ ਨਾਲ ਜੁੜਿਆ ਵਿਵਾਦ ਇਸ ਬਦਲਦੇ ਸਮਾਜਿਕ ਮਾਹੌਲ ਨੂੰ ਖੁੱਲ੍ਹ ਕੇ ਉਜਾਗਰ ਕਰਦਾ ਹੈ।

ਇਹ ਲੜਕੀ ਆਪਣੇ ਪਿੰਡ ਦੀ ਜ਼ਿੰਦਗੀ, ਕਿਤਾਬਾਂ, ਸਮਾਜ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਵਿਸ਼ਿਆਂ ’ਤੇ  ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮੱਗਰੀ ਪੇਸ਼ ਕਰਦੀ ਹੈ। ਜਿਉੇਂ ਹੀ ਉਸ ਦੀ ਹਰਮਨ-ਪਿਆਰਤਾ ਵਧੀ, ਕੁਝ ਲੋਕਾਂ ਨੇ ਉਸ ਦੀ ਪ੍ਰਤਿਭਾ ’ਤੇ  ਸ਼ੱਕ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਇਹ ਕਿਹਾ ਗਿਆ ਕਿ ਇੰਨੀ ਵਧੀਆ ਅਤੇ ਸੁਸੰਗਠਿਤ ਪੇਸ਼ਕਾਰੀ ਇੱਕ ਪੇਂਡੂ ਲੜਕੀ ਇਕੱਲੀ ਨਹੀਂ ਕਰ ਸਕਦੀ, ਉਸ ਦੇ ਪਿੱਛੇ ਕਿਸੇ ਗਰੁੱਪ ਜਾਂ ਸੰਸਥਾ ਦਾ ਸਹਿਯੋਗ ਜ਼ਰੂਰ ਹੋਵੇਗਾ। ਹੌਲੀ-ਹੌਲੀ ਇਹ ਵਿਵਾਦ ਚੋਣਵੀਂ ਨਾਰੀਵਾਦ ਅਤੇ ਅਸਲੀ ਸ਼ਕਤੀਕਰਨ ਵਿਚਾਲੇ ਬਹਿਸ ਵਿਚ ਬਦਲ ਗਿਆ।

Women Empowerment
Women Empowerment: ਬਰਾਬਰਤਾ ਦੇ ਰਾਹ ’ਚ ਸੋਚ ਦਾ ਬਦਲਾਅ ਜ਼ਰੂਰੀ

ਇਹ ਘਟਨਾਚੱਕਰ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ ਹੈ, ਇਹ ਉਸ ਮਾਨਸਿਕਤਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਅੱਜ ਵੀ ਪੇਂਡੂ ਅਤੇ ਸ਼ਹਿਰੀ ਔਰਤਾਂ ਵਿਚਾਲੇ ਭੇਦਭਾਵ ਕਰਦੀ ਹੈ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਅਸੀਂ ਅੱਜ ਵੀ ਇਹ ਮੰਨਦੇ ਹਾਂ ਕਿ ਪਿੰਡਾਂ ਦੀਆਂ ਔਰਤਾਂ ਦੀਆਂ ਯੋਗਤਾਵਾਂ ਸੀਮਤ ਹੁੰਦੀਆਂ ਹਨ। ਕੀ ਪ੍ਰਭਾਵਸ਼ਾਲੀ ਭਾਸ਼ਾ ਵਿਚ ਆਪਣੀ ਗੱਲ ਰੱਖਣਾ ਸਿਰਫ਼ ਸ਼ਹਿਰੀ ਔਰਤਾਂ ਦਾ ਵਿਸ਼ੇਸ਼ ਅਧਿਕਾਰ ਹੈ? ਇਹ ਸੁਆਲ ਸਾਡੇ ਅੰਦਰ ਮੌਜ਼ੂਦ ਉਨ੍ਹਾਂ ਪੁਰਾਣੀਆਂ ਧਾਰਨਾਵਾਂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਮੰਨਣਾ ਨਹੀਂ ਚਾਹੁੰਦੇ। ਅਸੀਂ ਬਰਾਬਰੀ ਦੀਆਂ ਗੱਲਾਂ ਤਾਂ ਕਰਦੇ ਹਾਂ, ਪਰ ਵਿਵਹਾਰ ਵਿਚ ਭੇਦਭਾਵ ਅੱਜ ਵੀ ਕਈ ਰੂਪਾਂ ਵਿਚ ਮੌਜ਼ੂਦ ਹੈ। ਨਾਰੀਵਾਦ ਦਾ ਮੂਲ ਉਦੇਸ਼ ਔਰਤਾਂ ਨੂੰ ਬਰਾਬਰ ਅਧਿਕਾਰ, ਇੱਜ਼ਤ ਅਤੇ ਮੌਕੇ ਦਿਵਾਉਣਾ ਹੈ।

Read Also : ਰੇਲ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟ੍ਰੇਨਾਂ ਦਾ ਬਦਲਿਆ ਰੂਟ

ਇਹ ਕਿਸੇ ਖਾਸ ਵਰਗ, ਭਾਸ਼ਾ ਜਾਂ ਖੇਤਰ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਪਰ ਵਰਤਮਾਨ ਸਮੇਂ ਵਿਚ ਨਾਰੀਵਾਦ ਦੇ ਕੁਝ ਰੂਪ ਅਜਿਹੇ ਵੀ ਨਜ਼ਰ ਆ ਰਹੇ ਹਨ, ਜੋ ਸਿਰਫ਼ ਵਿਖਾਵੇ ਅਤੇ ਬਾਹਰੀ ਪ੍ਰਦਰਸ਼ਨ ਤੱਕ ਸੀਮਤ ਹੋ ਗਏ ਹਨ। ਇਨ੍ਹਾਂ ’ਚ ਗੁੱਸਾ ਤਾਂ ਨਜ਼ਰ ਆਉਂਦਾ ਹੈ, ਪਰ ਡੂੰਘਾਈ ਤੇ ਆਤਮ-ਮੰਥਨ ਦੀ ਘਾਟ ਹੁੰਦੀ ਹੈ। ਡਿਜ਼ੀਟਲ ਮੀਡੀਆ ’ਤੇ  ਤੇਜ਼ੀ ਨਾਲ ਫੈਲਣ ਵਾਲੀ ਸਮੱਗਰੀ ’ਚ ਨਾਟਕੀਪੁਣੇ ਨੂੰ ਵਧੇਰੇ ਮਹੱਤਵ ਮਿਲਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਔਰਤਾਂ ਨਾਲ ਜੁੜੇ ਅਸਲ ਮੁੱਦੇ ਪਿਛੇ ਰਹਿ ਜਾਂਦੇ ਹਨ ਤੇ ਬਹਿਸ ਦਾ ਕੇਂਦਰ ਬਦਲ ਜਾਂਦਾ ਹੈ। ਇਹ ਸਥਿਤੀ ਇਸ ਲਈ ਚਿੰਤਾਜਨਕ ਹੈ।

ਕਿਉਂਕਿ ਇਸ ਨਾਲ ਸਮਾਜ ਦੀਆਂ ਅਸਲ ਸਮੱਸਿਆਵਾਂ ’ਤੇ  ਧਿਆਨ ਘੱਟ ਹੋ ਜਾਂਦਾ ਹੈ। ਭਾਰਤ ’ਚ ਅੱਜ ਵੀ ਬਹੁਤ ਵੱਡੀ ਗਿਣਤੀ ਵਿਚ ਔਰਤਾਂ ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਸਾਲ 2022 ਦੇ ਅੰਕੜਿਆਂ ਅਨੁਸਾਰ ਔਰਤਾਂ ਵਿਰੁੱਧ ਚਾਰ ਲੱਖ ਪੈਂਤਾਲੀ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੀ ਤੁਲਨਾ ’ਚ ਵਾਧੇ ਨੂੰ ਦਰਸਾਉਂਦੇ ਹਨ। ਔਸਤਨ ਹਰ ਘੰਟੇ ਔਰਤਾਂ ਵਿਰੁੱਧ ਭਾਰੀ ਗਿਣਤੀ ’ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਦਾਜ ਲਈ ਕਤਲ, ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਅੱਜ ਵੀ ਸਮਾਜ ਦਾ ਹਿੱਸਾ ਹਨ।

ਬਹੁਤ ਸਾਰੀਆਂ ਲੜਕੀਆਂ ਨੂੰ ਪੜ੍ਹਾਈ ਲਈ ਘਰ ਵਿਚ ਹੀ ਸੰਘਰਸ਼ ਕਰਨਾ ਪੈਂਦਾ ਹੈ। ਨੌਕਰੀ ਦੀ ਥਾਂ ’ਤੇ  ਬਰਾਬਰ ਤਨਖਾਹ ਤੇ ਇੱਜ਼ਤ ਲਈ ਉਨ੍ਹਾਂ ਨੂੰ ਲਗਾਤਾਰ ਯਤਨ ਕਰਨੇ ਪੈਂਦੇ ਹਨ। ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਅਜ਼ਾਦੀ ਅਕਸਰ ਸੀਮਤ ਕਰ ਦਿੱਤੀ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਨਾਰੀਵਾਦ ਨੂੰ ਸਿਰਫ਼ ਡਿਜੀਟਲ ਮੀਡੀਆ ਦੇ ਰੁਝਾਨਾਂ ਤੱਕ ਸੀਮਤ ਨਾ ਰੱਖਿਆ ਜਾਵੇ। ਇਸ ਨੂੰ ਜ਼ਮੀਨੀ ਹਕੀਕਤਾਂ ਅਤੇ ਉਨ੍ਹਾਂ ਲੱਖਾਂ ਔਰਤਾਂ ਦੇ ਜੀਵਨ ਨਾਲ ਜੋੜ ਕੇ ਦੇਖਿਆ ਜਾਵੇ ਜੋ ਹਰ ਰੋਜ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਪੇਂਡੂ ਅਤੇ ਸ਼ਹਿਰੀ ਔਰਤਾਂ ਵਿਚਾਲੇ ਫ਼ਰਕ ਸਬੰਧੀ ਵੀ ਸਮਾਜ ਨੂੰ ਆਪਣੀ ਸੋਚ ਬਦਲਣੀ ਹੋਵੇਗੀ।

ਅੱਜ ਪਿੰਡਾਂ ਦੀਆਂ ਔਰਤਾਂ ਵੀ ਸਿੱਖਿਆ ਹਾਸਲ ਕਰ ਰਹੀਆਂ ਹਨ, ਨਵੀਆਂ ਤਕਨੀਕਾਂ ਦੀ ਵਰਤੋਂ ਕਰ ਰਹੀਆਂ ਹਨ ਅਤੇ ਆਪਣੇ ਵਿਚਾਰਾਂ ਨੂੰ ਨਿਡਰਤਾ ਨਾਲ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਘੱਟ ਸਮਝਣਾ ਨਾ ਸਿਰਫ਼ ਅਨੁਚਿਤ ਹੈ, ਸਗੋਂ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਘਟਾਉਂਦਾ ਹੈ। ਜੇਕਰ ਕੋਈ ਪੇਂਡੂ ਔਰਤ ਆਪਣੀ ਮਿਹਨਤ ਤੇ ਪ੍ਰਤਿਭਾ ਸਦਕਾ ’ਤੇ  ਅੱਗੇ ਵਧਦੀ ਹੈ ਤਾਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਬਜਾਏ ਉਸ ਦਾ ਹੌਸਲਾ ਵਧਾਉਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਨਾਰੀਵਾਦ ਦੇ ਨਾਂਅ ’ਤੇ  ਅਤਿਕਥਨੀ ਅਤੇ ਗੈਰਜ਼ਰੂਰੀ ਗੁੱਸੇ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਸ਼ਕਤੀਕਰਨ ਦਾ ਮਤਲਬ ਸਿਰਫ਼ ਵਿਰੋਧ ਕਰਨਾ ਨਹੀਂ, ਸਗੋਂ ਸਮਾਜ ਵਿਚ ਸਾਕਾਰਾਤਮਕ ਤਬਦੀਲੀ ਲਿਆਉਣਾ ਵੀ ਹੈ। ਇਸ ਲਈ ਸੰਵਾਦ, ਸਮਝ ਤੇ ਸੰਵੇਦਨਸ਼ੀਲਤਾ ਦੀ ਲੋੜ ਹੈ। ਜਦੋਂ ਤੱਕ ਅਸੀਂ ਨਾਰੀਵਾਦ ਦੇ ਮੂਲ ਉਦੇਸ਼ ਨੂੰ ਸਹੀ ਰੂਪ ਵਿੱਚ ਨਹੀਂ ਸਮਝਾਂਗੇ, ਉਦੋਂ ਤੱਕ ਇਹ ਅੰਦੋਲਨ ਆਪਣੀ ਦਿਸ਼ਾ ਤੋਂ ਭਟਕਦਾ ਰਹੇਗਾ।

ਅੰਤ ’ਚ ਇਹ ਕਿਹਾ ਜਾ ਸਕਦਾ ਹੈ ਕਿ ਨਾਰੀਵਾਦ ਨੂੰ ਬਾਹਰੀ ਵਿਖਾਵੇ ਤੋਂ ਬਾਹਰ ਕੱਢ ਕੇ ਅਸਲੀਅਤ ਨਾਲ ਜੋੜਨ ਦੀ ਲੋੜ ਹੈ। ਇਹ ਕਿਸੇ ਖਾਸ ਵਰਗ ਤੱਕ ਸੀਮਤ ਨਾ ਰਹਿ ਕੇ ਉਸ ਹਰ ਔਰਤ ਦੀ ਅਵਾਜ਼ ਬਣੇ ਜੋ ਆਪਣੇ ਅਧਿਕਾਰਾਂ ਅਤੇ ਇੱਜ਼ਤ ਲਈ ਸੰਘਰਸ਼ ਕਰ ਰਹੀ ਹੈ। ਸਮਾਜ ਨੂੰ ਵੀ ਆਪਣੀਆਂ ਪੁਰਾਣੀਆਂ ਪੁਰਖੀ ਧਾਰਨਾਵਾਂ ਨੂੰ ਤਿਆਗ ਕੇ ਹਰ ਔਰਤ ਦੀ ਯੋਗਤਾ ਅਤੇ ਪਛਾਣ ਦਾ ਆਦਰ ਕਰਨਾ ਹੋਵੇਗਾ ਉਦੋਂ ਤਾਂ ਹੀ ਸਹੀ ਅਰਥਾਂ ਵਿਚ ਬਰਾਬਰੀ ਤੇ ਨਿਆਂ ਦੀ ਸਥਾਪਨਾ ਹੋ ਸਕੇਗੀ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਸੰਜੀਤ, ਰਾਜਪੁਰਾ

About The Author

Related Posts