ਪੀਸੀਐੱਸ ਨਤੀਜੇ: ਦੇਵ ਦਰਸ਼ਦੀਪ ਸਿੰਘ ਨੇ ਮੱਲਿਆ ਪਹਿਲਾ ਸਥਾਨ

PCS Results, Dev Darshdeep Singh, Topped, List

ਆਪਣੇ ਪੁੱਤਰ ਦੀ ਪ੍ਰਾਪਤੀ ‘ਤੇ ਮਾਪਿਆਂ ਨੂੰ ਫਖਰ

ਆਈਐੱਫਐੱਸ ‘ਚ ਕਰ ਚੁੱਕਾ ਦੇਸ਼ ਭਰ ਚੋਂ 12 ਸਥਾਨ

ਬਿਨਾ ਕਿਸੇ ਕੋਚਿੰਗ ਦੇ ਪਹਿਲੀ ਵਾਰ ਹੀ ਸਰ ਕੀਤੀ ਮੰਜਿਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੰਜਾਬ ਸਟੇਟ ਸਿਵਲ ਸਰਵਿਸਿਜ਼ ਦੇ ਦੇਰ ਸ਼ਾਮ ਐਲਾਨੇ ਨਤੀਜਿਆਂ ਵਿੱਚ ਪੰਜਾਬ ਭਰ ‘ਚੋਂ ਪਟਿਆਲਾ ਦੇ ਦੇਵ ਦਰਸ਼ਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਆਸਟ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੇਵ ਦਰਸ਼ਦੀਪ ਸਿੰਘ ਦੀ ਇਸ ਉਪਲੱਬਧੀ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ। ਦੇਵ ਦਰਸ਼ਦੀਪ ਸਿੰਘ ਵੱਲੋਂ ਪਹਿਲਾ ਸਥਾਨ ਮੱਲਣ ‘ਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਦੱਸਣਯੋਗ ਹੈ ਕਿ ਦੇਵ ਦਰਸ਼ਦੀਪ ਸਿੰਘ ਨੇ ਇਸ ਤੋਂ ਪਹਿਲਾ ਆਈਐੱਫਐੱਸ ਵਿੱਚੋਂ ਦੇਸ਼ ਭਰ ‘ਚੋਂ 12ਵਾਂ ਸਥਾਨ ਜਦਕਿ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੇਵ ਦਰਸ਼ਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਉਸ ਨੇ 9 ਤੋਂ ਲੈ ਕੇ 10 ਘੰਟੇ ਤੱਕ ਪੜ੍ਹਾਈ ਕੀਤੀ ਹੈ।

ਉਸ ਨੇ ਦੱਸਿਆ ਕਿ ਪੀਸੀਐੱਸ ਦੀ ਇਹ ਪ੍ਰੀਖਿਆ ਬਿਨਾ ਕਿਸੇ ਕੋਚਿੰਗ ਤੋਂ ਦਿੱਤੀ ਹੈ ਤੇ ਇਸ ‘ਚ ਪਹਿਲਾ ਸਥਾਨ ਹਾਸਲ ਕਰਨਾ ਉਸ ਦੀ ਮਿਹਨਤ ਦਾ ਹੀ ਫ਼ਲ ਹੈ। ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਹੀ ਉਸ ਵੱਲੋਂ ਇਹ ਪ੍ਰੀਖਿਆ ਦਿੱਤੀ ਗਈ ਸੀ। ਦੇਵ ਦਰਸ਼ਦੀਪ ਸਿੰਘ ਦੇ ਪਿਤਾ ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸਟ ਜੋਂ ਪੰਜਾਬੀ ਯੂਨੀਵਰਸਿਟੀ ‘ਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਇਸ ਕਾਮਯਾਬੀ ‘ਤੇ ਮਾਣ ਹੈ। ਦੇਵ ਦਰਸ਼ਦੀਪ ਦੀ ਮਾਤਾ ਰਾਜਵੰਤ ਕੌਰ ਵੀ ਪੰਜਾਬੀ ਯੂਨੀਵਰਸਿਟੀ ‘ਚ ਪ੍ਰੋਫੈਸਰ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਹੁਤ ਮਿਹਨਤੀ ਤੇ ਆਗਿਆਕਾਰੀ ਹੈ, ਜਿਸ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਤੈਅ ਕਰਨਗੇ ਕਿ ਕੇਂਦਰ ‘ਚ ਨੌਕਰੀ ਕਰਨੀ ਹੈ ਜਾਂ ਪੰਜਾਬ ਅੰਦਰ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।