ਸੀਵਰੇਜ਼ ਦੀ ਸਫਾਈ ਦੌਰਾਨ ਗੈਸ ਚੜ੍ਹਨ ਕਾਰਨ ਇੱਕ ਦੀ ਮੌਤ, ਤਿੰਨ ਦੀ ਹਾਲਤ ਗੰਭੀਰ

Gurdaspur News
ਗੁਰਦਾਸਪੁਰ : ਮ੍ਰਿਤਕ ਐਲਾਨਣ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰ ਕੱਨਈਆ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਤੇ ਸਟਾਫ਼।

ਲੰਮੇ ਸਮੇਂ ਤੱਕ ਮੱਦਦ ਲਈ ਕੋਈ ਨਾ ਬਹੁੜਿਆ, ਲੋਕ ਦੇਖਦੇ ਰਹੇ ਤਮਾਸ਼ਾ

  • ਤਹਿਸੀਲਦਾਰ ਵੱਲੋਂ ਜਾਂਚ ਕਰਵਾਉਣ ਦਾ ਭਰੋਸਾ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਚਾਵਾ ਵਿਖੇ ਸੀਵਰੇਜ਼ ਦੀ ਸਫ਼ਾਈ ਦੌਰਾਨ ਅੱਜ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਲੱਗੇ ਦੋ ਹੋਰ ਲੋਕ ਵੀ ਬੇਹੋਸ਼ ਹੋ ਗਏ। ਜਿਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਕਨਈਆ ਵਾਸੀ ਭਰਤਪੁਰ ਜ਼ਿਲ੍ਹਾ ਰਾਜਸਥਾਨ ਵਜੋਂ ਹੋਈ ਹੈ ਜਦੋਂਕਿ ਉਸਦੇ ਨਾਲ ਕੰਮ ਕਰਨ ਵਾਲਿਆਂ ’ਚ ਉਸਦਾ ਭਣੇਵਾ ਨੇਮੀ ਅਤੇ ਭਰਾ ਮੋਨੂੰ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। Gurdaspur News

ਜਾਣਕਾਰੀ ਅਨੁਸਾਰ ਇਹ ਲੋਕ ਨਵਾਂ ਨੌਸ਼ਹਿਰਾ ਵਿਖੇ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਅੱਜ ਸਵੇਰੇ ਚਾਵਾ ਪਿੰਡ ਦੀ ਇੱਕ ਗਲੀ ਵਿੱਚ ਸੀਵਰੇਜ਼ ਦੇ ਬੰਦ ਹੋਣ ਕਾਰਨ ਕਿਸੇ ਵਿਅਕਤੀ ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਨੂੰ ਸੀਵਰੇਜ਼ ਦੀ ਸਫ਼ਾਈ ਲਈ ਸੱਦਿਆ ਗਿਆ ਅਤੇ ਜਦੋਂ ਕਨੱਈਆ ਸੀਵਰੇਜ਼ ਵਿੱਚ ਉੱਤਰਿਆ ਤਾਂ ਗੈਸ ਚੜਣ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਬਚਾਉਣ ਲਈ ਉਸਦੇ ਦੋਵੇਂ ਰਿਸ਼ਤੇਦਾਰ ਵੀ ਸੀਵਰੇਜ਼ ਵਿੱਚ ਉੱਤਰ ਗਏ। ਜਿਨਾਂ ਦਾ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਕਨੱਈਆ ਦੀ ਪਤਨੀ ਨੀਰੂ ਅਨੁਸਾਰ ਉਹ ਉਨ੍ਹਾਂ ਨੂੰ ਬਚਾਉਣ ਲਈ ਕਾਫ਼ੀ ਸਮੇਂ ਤੱਕ ਲੋਕਾਂ ਦੇ ਤਰਲੇ ਕਰਦੀ ਰਹੀ ਪਰ ਕਿਸੇ ਨੇ ਵੀ ਐਨ ਮੌਕੇ ’ਤੇ ਉਨ੍ਹਾਂ ਦੀ ਮੱਦਦ ਕਰਨ ਦੀ ਹਿੰਮਤ ਨਹੀਂ ਦਿਖਾਈ ਅਤੇ ਸਭ ਤਮਾਸ਼ਾ ਦੇਖਦੇ ਰਹੇ।

ਜਿਸ ਕਾਰਨ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਦੇ ਪਤੀ ਕਨੱਈਆ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬਾਅਦ ਵਿੱਚ ਪਿੰਡ ਦੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਤੇ ਹੋਰਨਾਂ ਲੋਕਾਂ ਦੀ ਮੱਦਦ ਨਾਲ ਕਾਫ਼ੀ ਮਸ਼ੱਕਤ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਕੱਨਈਆ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮੋਨੂੰ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੱਡੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਕੋਠੀ ਵੇਚ ਕੇ 58 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਮਹਿਲਾ ਸਣੇ ਦੋ ਕਾਬੂ

ਓਧਰ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਦੀਨਾਨਗਰ ਗੁਰਮੀਤ ਸਿੰਘ ਮਿਚਰਾ ਨੇ ਕਿਹਾ ਕਿ ਫ਼ਿਲਹਾਲ ਦੂਜੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਹੈ ਅਤੇ ਇਨਾਂ ਦੀ ਸਰਕਾਰੀ ਸਹਾਇਤਾ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿਸਨੇ ਇਨਾਂ ਮਜ਼ਦੂਰਾਂ ਨੂੰ ਪ੍ਰਾਈਵੇਟ ਤੌਰ ’ਤੇ ਬਿਨਾਂ ਕਿਸੇ ਸੇਫ਼ਟੀ ਦੇ ਸੀਵਰੇਜ਼ ਸਾਫ਼ ਕਰਨ ਲਈ ਲਗਾਇਆ ਸੀ। ਉਨਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਸਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਗਈ ਹੈ ਪਰ ਉਹ ਆਪਣੇ ਤੌਰ ’ਤੇ ਸਾਰੇ ਮਾਮਲੇ ਦੀ ਪੜਤਾਲ ਕਰਵਾਉਣਗੇ। Gurdaspur News