ਐੱਮਐੱਸਐੱਮਈ ਦੀਆਂ ਚੱਲ ਰਹੀਆਂ ਇਕਾਈਆਂ ਨੂੰ ਨਹੀਂ ਕੋਈ ਰਾਹਤ

Budget 2023

ਲੁਧਿਆਣਾ (ਰਘਬੀਰ ਸਿੰਘ)। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ (Budget 2023) ਤੋਂ ਹਰੇਕ ਸੈਕਟਰ ਰਾਹਤ ਦੀ ਆਸ ਲਾਈ ਬੈਠਾ ਹੁੰਦਾ ਹੈ ਪਰ ਬਜਟ ਪੇਸ਼ ਹੋਣ ਤੋਂ ਬਾਅਦ ਰਾਹਤ ਪਾਉਣ ਵਾਲਾ ਸੈਕਟਰ ਕੁਝ ਰਾਹਤ ਮਹਿਸੂਸ ਕਰਦਾ ਹੈ ਅਤੇ ਬਜਟ ਵਿੱਚ ਕੁਝ ਵੀ ਨਾ ਮਿਲਣ ਵਾਲੇ ਸੈਕਟਰ ਮਨ ਮਸੋਸ ਕੇ ਬਹਿ ਜਾਂਦੇ ਹਨ। ਅੱਜ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਕਾਰਨ ਵੱਖ-ਵੱਖ ਸੈਕਟਰਾਂ ਵਿੱਚੋਂ ਵੱਖ-ਵੱਖ ਪ੍ਰਤੀਕਿਰਿਆ ਵੇਖਣ ਨੂੰ ਮਿਲੀ। ਇਸ ਬਜਟ ਬਾਰੇ ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਸਿਹਤ ਖੇਤਰ ਲਈ ਕੁੱਲ ਵੰਡ ਘਟਾਉਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। (ਆਈਡੀਪੀਡੀ ਨੇ ਕਿਹਾ ਕਿ ਪਿਛਲੇ ਸਾਲ ਦੇ 39.45 ਲੱਖ ਕਰੋੜ ਰੁਪਏ ਦੇ ਬਜਟ ਵਿੱਚ ਸਿਹਤ ਖਰਚਾ 86606 ਕਰੋੜ ਰੁਪਏ ਸੀ, ਸੋ ਬਜਟ ਦਾ 2.19 ਫੀਸਦੀ ਬਣਦਾ ਹੈ। ਪਰ ਇਸ ਸਾਲ ਸਿਹਤ ਲਈ ਬੱਜਟ ਦਾ 1.97 ਫੀਸਦੀ ਰੱਖਿਆ ਗਿਆ ਹੈ।

ਕੁੱਲ 45 ਲੱਖ ਕਰੋੜ ਰੁਪਏ ਦੇ ਬਜਟ ਵਿੱਚੋਂ ਭਾਵੇਂ ਪਿਛਲੇ ਸਾਲ ਨਾਲੋਂ ਰਕਮ ਕੁਝ ਵੱਧ ਭਾਵ 88956 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਪਰ ਉੱਚ ਮੁਦਰਾਸਫੀਤੀ ਦੇ ਬਾਵਜ਼ੂਦ 0.22 ਫੀਸਦੀ ਦੀ ਕਮੀ ਆਈ ਹੈ। ਡਾ. ਅਰੁਣ ਮਿੱਤਰਾ -ਸੀਨੀਅਰ ਉਪ ਪ੍ਰਧਾਨ ਆਈਡੀਪੀਡੀ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸਾਡਾ ਸਿਹਤ ਬਜਟ ਦੁਨੀਆ ਦੇ ਸਭ ਤੋਂ ਘੱਟ ਬਜਟਾਂ ਵਿੱਚੋਂ ਇੱਕ ਹੈ। ਇਸੇ ਕਰਕੇ ਸਾਡੇ ਸਿਹਤ ਸੂਚਕ ਤਸੱਲੀਬਖਸ਼ ਤੋਂ ਦੂਰ ਹਨ। ਰਾਸ਼ਟਰੀ ਸਿਹਤ ਮਿਸ਼ਨ ਲਈ ਬਜਟ ਦੀ ਵੰਡ ਵਿੱਚ ਮਾਮੂਲੀ ਯਨੀ 0.21 ਫੀਸਦੀ ਦਾ ਵਾਧਾ ਹੋਇਆ ਹੈ।

ਬਜਟ ਵਿੱਚ ਰੋਲਿੰਗ ਮਿੱਲ ਸੈਕਟਰ ਨੂੰ ਕੋਈ ਰਾਹਤ ਨਹੀਂ ਮਿਲੀ (Budget 2023)

Budget 2023

ਮੰਡੀ ਗੋਬਿੰਦਗੜ੍ਹ ਤੋਂ ਰੋਲਿੰਗ ਮਿੱਲ ਚਲਾ ਰਹੇ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਬਜਟ ਵਿੱਚ ਰੋਲਿੰਗ ਮਿੱਲ ਸੈਕਟਰ ਨੂੰ ਕੋਈ ਰਾਹਤ ਨਹੀਂ ਮਿਲੀ। ਐੱਮਐੱਸਐੱਮਈ ਸੈਕਟਰ ਵਾਸਤੇ ਵੀ ਜੋ 5 ਫੀਸਦੀ ਟੈਕਸ ਵਿੱਚ ਛੋਟ ਦਿੱਤੀ ਗਈ ਹੈ , ਉਹ ਵੀ ਨਵੇਂ ਲੱਗਣ ਵਾਲੇ ਯੂਨਿਟਾਂ ਜਾਂ ਇਕਾਈਆਂ ਵਾਸਤੇ ਛੋਟ ਦਿੱਤੀ ਗਈ ਹੈ। ਕੋਰੋਨਾ ਦੀ ਸਭ ਤੋਂ ਵੱਧ ਮਾਰ ਹੇਠ ਆਉਣ ਵਾਲੇ ਪਹਿਲਾਂ ਤੋਂ ਲੱਗੇ ਐੱਮਐੱਸਐੱਮਈ ਯੂਨਿਟਾਂ ਵਾਸਤੇ ਇਸ ਬੱਜਟ ਵਿੱਚ ਕੋਈ ਰਾਹਤ ਸ਼ਾਮਲ ਨਹੀਂ ਹੈ।ਉਦਯੋਗ ਜਗਤ ਵਿੱਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਇਸ ਸੈਕਟਰ ਨੂੰ ਅਣਗੌਲਿਆਂ ਕਰਨ ਨਾਲ ਰੁਜ਼ਗਾਰ ਦੇ ਮੌਕੇ ਘੱਟ ਪੈਦਾ ਹੋਣਗੇ। ਵੱਡੇ ਉਦਯੋਗਾਂ ਲਈ ਅੱੈਮਅੱੈਸਐੱਮਈ ਰੀੜ ਦੀ ਹੱਡੀ ਵਾਂਗ ਹੈ। ਇਹ ਸੈਕਟਰ ਕੋਰੋਨਾ ਦੀ ਮਾਰ ਝੱਲਣ ਤੋਂ ਬਾਅਦ ਬਜਟ ਤੋਂ ਰਾਹਤ ਦੀ ਆਸ ਲਾਈ ਬੈਠਾ ਸੀ। ਪਰ ਬਜਟ ਨੇ ਇਸ ਸੈਕਟਰ ਨੂੰ ਨਿਰਾਸ਼ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।