ਕਾਗਜ਼ੀ ਵਾਅਦਿਆਂ ਨਾਲ ਘਰਾਂ ਦੀਆਂ ਛੱਤਾਂ ਨਹੀਂ ਪੈਂਦੀਆਂ

Budget 2023

ਬਠਿੰਡਾ (ਸੁਖਜੀਤ ਮਾਨ)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਪ੍ਰਤੀ ਰਲਵੀਆਂ-ਮਿਲਵੀਆਂ ਟਿੱਪਣੀਆਂ ਸਾਹਮਣੇ ਆਈਆਂ ਹਨ। ਸੱਤਾ ਧਿਰ ਨਾਲ ਸਬੰਧਿਤ ਆਗੂਆਂ ਵੱਲੋਂ ਬਜ਼ਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਬਜਟ ਨੂੰ ਅਮਲੀ ਜਾਮਾ ਨਾ ਪਹਿਨਾਉਣ ਦਾ ਜ਼ਿਕਰ ਕਰਕੇ ਕਈ ਜਥੇਬੰਦੀਆਂ ਵੱਲੋਂ ਇਸ ਨੂੰ ਸਿਰਫ ਕਾਗਜ਼ੀ ਬਜਟ ਕਰਾਰ ਦਿੱਤਾ ਜਾ ਰਿਹਾ ਹੈ। ਪੀਐੱਮ ਆਵਾਸ ਯੋਜਨਾ ਤਹਿਤ ਬਣਾਏ ਜਾਣ ਵਾਲੇ ਘਰਾਂ ਲਈ ਬਜਟ ’ਚ 66 ਫੀਸਦੀ ਵਾਧਾ ਕੀਤਾ ਹੈ, ਇਸ ਵਾਧੇ ਨਾਲ ਪੀਐੱਮ ਆਵਾਸ ਯੋਜਨਾ ਦਾ ਬਜਟ ਕਰੀਬ 79 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। (Budget 2023)

ਇਸ ਵਾਧੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਸਿਰਫ ਕਾਗਜ਼ੀ ਵਾਧਾ ਕਰਾਰ ਦਿੰਦਿਆਂ ਕਿਹਾ ਕਿ ਗਰੀਬਾਂ ਦੀ ਝੋਲੀ ਕੁਝ ਵੀ ਨਹੀਂ ਪੈਣਾ ਵੇਰਵਿਆਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ’ਚ ਬੇਘਰੇ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਪੈਸੇ ਇਕੱਠੇੇ ਦੇਣ ਦੀ ਥਾਂ ਤਿੰਨ ਕਿਸ਼ਤਾਂ ’ਚ ਮਿਲਦੇ ਹਨ, ਇੱਕ ਮਕਾਨ ਲਈ 1.20 ਲੱਖ ਰੁਪਏ ਮਿਲਦੇ ਹਨ। ਕਿਸ਼ਤਾਂ ’ਚ ਪੈਸੇ ਮਿਲਦੇ ਹੋਣ ਕਾਰਨ ਪੰਜਾਬ ’ਚ ਹਜ਼ਾਰਾਂ ਲੋਕਾਂ ਦੇ ਘਰ ਬਿਨਾਂ ਛੱਤਾਂ ਤੋਂ ਅਧੂਰੇ ਪਏ ਹਨ। (Budget 2023)

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ‘ਪੀਐੱਮ ਆਵਾਸ ਯੋਜਨਾ’ ਪ੍ਰਤੀ ਬਜਟ ’ਤੇ ਕੀਤੀ ਟਿੱਪਣੀ

ਕੇਂਦਰ ਸਰਕਾਰ ਵੱਲੋਂ ਸਾਲ 2024 ਤੱਕ ਦੇਸ਼ ਭਰ ਵਿੱਚ 2.95 ਕਰੋੜ ਮਕਾਨ ਬਣਾ ਕੇ ਦੇਣ ਦਾ ਟੀਚਾ ਮਿਥਿਆ ਗਿਆ ਸੀ। ਪੰਜਾਬ ਲਈ ਇਸ ਸਕੀਮ ਤਹਿਤ 41 ਹਜ਼ਾਰ 117 ਮਕਾਨ ਬਣਾ ਕੇ ਦੇਣ ਦਾ ਟੀਚਾ ਮਿਥਿਆ ਸੀ, ਜਿਸ ’ਚੋਂ ਪ੍ਰਵਾਨਗੀ 38,705 ਮਕਾਨਾਂ ਨੂੰ ਦਿੱਤੀ ਗਈ ਸੀ। ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਬੇਸ਼ੱਕ ਵਾਧਾ ਕਰ ਦਿੱਤਾ ਪਰ ਇਹ ਗੱਲ ਸਿਰਫ ਕਹਿਣ ਦੀ ਹੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਸਕੀਮ ਦੇ ਲਾਹੇ ਲਈ ਆਪਣੇ ਘਰ ਢਾਹ ਲਏ ਪਰ ਉਨ੍ਹਾਂ ਦੀਆਂ ਛੱਤਾਂ ਨਹੀਂ ਪਈਆਂ ਮਜ਼ਦੂਰ ਆਗੂ ਨੇ ਕਿਹਾ ਕਿ ਪਿੰਡਾਂ ਵਾਲੇ ਮਜ਼ਦੂਰ ਜਦੋਂ ਕਿਸ਼ਤਾਂ ਪੁੱਛਣ ਲਈ ਜਾਂਦੇ ਹਨ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਪੋਰਟਲ ਨਹੀਂ ਖੁੱਲ੍ਹ ਰਿਹਾ ਨਗਰ ਪੰਚਾਇਤ ਵਾਲੇ ਖੇਤਰਾਂ ’ਚ ਕੁਝ ਪੈਸੇ ਆਏ ਹਨ ਪਰ ਉੱਥੇ ਬਣਾਏ ਮਕਾਨਾਂ ’ਚੋਂ ਕਈਆਂ ਦਾ ਪਲਸਤਰ ਨਹੀਂ ਹੋਇਆ ਕਈਆਂ ਦਾ ਹੋਰ ਕੰਮ ਬਾਕੀ ਹੈ। ਉਨ੍ਹਾਂ ਕਿਹਾ ਕਿ ਕਾਗਜ਼ੀ ਵਾਧੇ ਨਾਲ ਮਕਾਨਾਂ ਦੀਆਂ ਛੱਤਾਂ ਨਹੀਂ ਪੈਦੀਆਂ, ਉਸ ਲਈ ਤਾਂ ਮਟੀਰੀਅਲ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਗਰੀਬਾਂ ਨੂੰ ਰਿਝਾਉਣ ਲਈ ਕੀਤੇ ਜਾਂਦੇ ਐਲਾਨ ਸਿਰਫ ਚੋਣ ਪ੍ਰਚਾਰ ਲਈ ਵਰਤੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।