ਚੰਡੀਗੜ੍ਹ ਨਹੀਂ ਹੁਣ ਜ਼ਿਲ੍ਹਿਆਂ ’ਚ ਲੱਗੇਗਾ ‘ਜਨਤਾ ਦਰਬਾਰ’, ਹੰਗਾਮੇ ਤੋਂ ਬਾਅਦ ਭਗਵੰਤ ਮਾਨ ਖ਼ੁਦ ਲਿਆ ਫੈਸਲਾ

bagwant maan
ਮੁੱਖ ਮੰਤਰੀ ਭਗਵੰਤ ਮਾਨ ਦੀ ਫਾਈਲ ਫੋਟੋ

ਜ਼ਿਲ੍ਹਿਆਂ ਵਿੱਚ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਲੱਗੇਗਾ ਜਨਤਾ ਦਰਬਾਰ (Janata Darbar)

ਐਸਐਸਪੀ ਅਤੇ ਡਿਪਟੀ ਕਮਿਸ਼ਨਰ ਸਣੇ ਸਾਰੇ ਵਿਭਾਗਾਂ ਦੇ ਜ਼ਿਲਾ ਮੁੱਖੀ ਰਿਹਾ ਕਰਨਗੇ ਹਾਜ਼ਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਲਗਾਇਆ ਗਿਆ ਜਨਤਾ ਦਰਬਾਰ (Janata Darbar) ਪਸੰਦ ਨਹੀਂ ਆਇਆ ਹੈ, ਜਿਸ ਕਾਰਨ ਹੁਣ ਤੋਂ ਬਾਅਦ ਭਗਵੰਤ ਮਾਨ ਇਸ ਤਰਾਂ ਦਾ ਜਨਤਾ ਦਰਬਾਰ ਨਹੀਂ ਕਰਨਗੇ, ਸਗੋਂ ਇਹੋ ਜਿਹੇ ਜਨਤਾ ਦਰਬਾਰ ਚੰਡੀਗੜ੍ਹ ਵਿੱਚ ਹੋਣ ਦੀ ਥਾਂ ’ਤੇ ਜ਼ਿਲ੍ਹਿਆਂ ਵਿੱਚ ਲੱਗਿਆ ਕਰਨਗੇ। ਪੰਜਾਬ ਦੇ ਹਰ ਜ਼ਿਲ੍ਹ ਵਿੱਚ ਜਨਤਾ ਦਰਬਾਰ ਲਗਾਏ ਜਾਣਗੇ ਅਤੇ ਚੰਡੀਗੜ੍ਹ ਤੋਂ ਕੈਬਨਿਟ ਮੰਤਰੀ ਸ਼ਿਕਾਇਤਾਂ ਸੁਣਨ ਲਈ ਜਾਣਗੇ ਤਾਂ ਜ਼ਿਲ੍ਹਾ ਦੇ ਸਾਰੇ ਵਿਭਾਗਾਂ ਦੇ ਮੁਖੀਆ ਸਣੇ ਐਸਐਸਪੀ ਤੇ ਡਿਪਟੀ ਕਮਿਸ਼ਨਰ ਮੌਕੇ ’ਤੇ ਮੌਜੂਦ ਰਹਿਣਗੇ। ਇਸ ਤਰ੍ਹਾਂ ਦੇ ਜਨਤਾ ਦਰਬਾਰ ਦਾ ਐਲਾਨ ਅਗਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਏਗਾ। ਪੰਜਾਬ ਵਿੱਚੋਂ ਆਉਣ ਵਾਲੀ ਸ਼ਿਕਾਇਤਾਂ ਜ਼ਿਆਦਾਤਰ ਉਸੇ ਜ਼ਿਲ੍ਹੇ ਨਾਲ ਹੀ ਸਬੰਧਿਤ ਹੁੰਦੀਆਂ ਹਨ, ਜਿਸ ਕਾਰਨ ਜ਼ਿਲ੍ਹੇ ਵਿੱਚ ਜਲਦੀ ਹੱਲ਼ ਨਿਕਲੇਗਾ।

ਜਾਣਕਾਰੀ ਅਨੁਸਾਰ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਕੋਲ ਬੀਤੇ ਦੋ ਮਹੀਨੇ ਦੌਰਾਨ ਕਾਫ਼ੀ ਜਿਆਦਾ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਦੇ ਪੱਧਰ ’ਤੇ ਆਦੇਸ਼ ਵੀ ਜਾਰੀ ਕੀਤੇ ਗਏ ਸਨ ਪਰ ਕਾਫ਼ੀ ਸ਼ਿਕਾਇਤਾਂ ਨੂੰ ਠੀਕ ਢੰਗ ਨਾਲ ਨਹੀਂ ਸੁਣਿਆ ਗਿਆ ਤਾਂ ਉਨਾਂ ਆਮ ਲੋਕਾਂ ਦੀ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਜਨਤਾ ਦਰਬਾਰ ਲਗਾਇਆ ਗਿਆ ਸੀ, ਜਿਸ ਵਿੱਚ ਸ਼ਿਕਾਇਤਾਂ ਕਰਤਾ ਨੂੰ ਸੱਦ ਕੇ ਉਨਾਂ ਦੀ ਪਰੇਸ਼ਾਨੀਆਂ ਸੁਣੀ ਗਈਆਂ ਸਨ ਤਾਂ ਮੌਕੇ ’ਤੇ ਉਨਾਂ ਸ਼ਿਕਾਇਤਾਂ ਦਾ ਹਲ਼ ਵੀ ਕੀਤਾ ਗਿਆ ਸੀ ਪਰ ਇਸ ਦੌਰਾਨ ਬਿਨਾਂ ਸੱਦੇ ਸ਼ਿਕਾਇਤ ਲੈ ਕੇ ਆਏ ਆਮ ਲੋਕਾਂ ਵੱਲੋਂ ਕਾਫ਼ੀ ਜਿਆਦਾ ਹੰਗਾਮਾ ਵੀ ਕੀਤਾ ਗਿਆ, ਜਿਸ ਕਾਰਨ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਨੇ ਨਿਸ਼ਾਨੇ ’ਤੇ ਲੈਂਦੇ ਹੋਏ ਕਾਫ਼ੀ ਕੁਝ ਵੀ ਕਿਹਾ ਸੀ।

ਜ਼ਿਲਾ ਪੱਧਰ ’ਤੇ ਜਨਤਾ ਦਰਬਾਰ ਲਗਾਏ ਜਾਣਗੇ

ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੌਕੇ ’ਤੇ ਹੀ ਅਧਿਕਾਰੀਆਂ ਨਾਲ ਵਿਚਾਰ ਕੀਤਾ ਗਿਆ ਕਿ ਜਨਤਾ ਦਰਬਾਰ ਚੰਡੀਗੜ੍ਹ ਲਗਾਉਣ ਦੀ ਥਾਂ ’ਤੇ ਪੰਜਾਬ ਵਿੱਚ ਲਗਾਏ ਜਾਣ ਅਤੇ ਇਹ ਸਾਰੇ ਜਨਤਾ ਦਰਬਾਰ ਜ਼ਿਲ੍ਹਾ ਪੱਧਰ ’ਤੇ ਹੀ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਹੁਣ ਇਸ ਖਾਕਾ ਤਿਆਰ ਕਰਨ ਸਬੰਧੀ ਜਲਦ ਹੀ ਕਾਰਵਾਈ ਉਲੀਕੀ ਜਾਏਗੀ। ਜਿਸ ਤੋਂ ਬਾਅਦ ਜ਼ਿਲਾ ਪੱਧਰ ’ਤੇ ਇਹ ਜਨਤਾ ਦਰਬਾਰ ਲਗਾਏ ਜਾਣਗੇ। ਜ਼ਿਲ੍ਹਾ ਪੱਧਰ ’ਤੇ ਜਨਤਾ ਦਰਬਾਰ ਵਿੱਚ ਕੈਬਨਿਟ ਮੰਤਰੀ ਜਾਣਗੇ ਤਾਂ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਣੇ ਬਾਕੀ ਸਾਰੇ ਵਿਭਾਗਾਂ ਦੇ ਜ਼ਿਲਾ ਮੁਖੀਆ ਨੂੰ ਵੀ ਇਸ ਜਨਤਾ ਦਰਬਾਰ ਵਿੱਚ ਸੱਦਿਆ ਜਾਏਗਾ ਤਾਂ ਕਿ ਉਨਾਂ ਦੀ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ