ਏਸ਼ੀਆਡ ‘ਚ 9 ਸਾਲ ਦੀ ਨੋਵੇਰੀ ਸਭ ਤੋਂ ਛੋਟੀ ਤਾਂ 85 ਸਾਲਾ ਯਾਂਗ ਉਮਰਦਰਾਜ

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ‘ਚ ਕੱਲ੍ਹ ਸ਼ੁਰੂ ਹੋਈਆਂ 18ਵੀਆਂ ਏਸ਼ੀਆਈ ਖੇਡਾਂ ‘ਚ ਫਿਲੀਪੀਂਸ ਦੇ ਕੋਂਗ ਟੀ ਯਾਂਗ ਸਭ ਤੋਂ ਉਮਰਦਰਾਜ਼ ਅਥਲੀਟ ਹੋਣਗੇ ਜਦੋਂਕਿ ਇੰਡੋਨੇਸ਼ੀਆ ਦੇ ਅਲੀਕਾ ਨੋਵੇਰੀ ਸਭ ਤੋਂ ਛੋਟੀ ਅਥਲੀਟ ਹੈ ਅਤੇ ਦੋਵਾਂ ਦਰਮਿਆਨ ਉਮਰ ਦਾ ਫ਼ਰਕ 76 ਸਾਲ ਦਾ ਹੈ 85 ਸਾਲ ਦੇ ਫਿਲੀਪੀਂਸ ਦੇ ਬ੍ਰਿਜ ਖਿਡਾਰੀ ਦਾ ਜਨਮ 1933 ‘ਚ ਹੋਇਆ ਸੀ ਜਦੋਂਕਿ ਸਕੇਟਬੋਰਡਰ ਅਲੀਕਾ ਸਿਰਫ਼ 9 ਸਾਲ ਦੀ ਹੈ ਜਿਸ ਦਾ ਜਨਮ 2009 ‘ਚ ਹੋਇਆ ਹੈ ਮੌਜ਼ੂਦਾ ਏਸ਼ੀਆਈ ਖੇਡਾਂ ‘ਚ ਇਹਨਾਂ ਦੋਵਾਂ ਹੀ ਖੇਡਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ ਏਸ਼ੀਆਡ ‘ਚ ਦੋਵਾਂ ਹੀ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੈ ਹਾਲਾਂਕਿ ਸਕੇਟਬੋਰਡਰ ਅਤੇ ਬ੍ਰਿਜ ਖੇਡਾਂ ਲਈ ਅੰਤਰਰਾਸ਼ਟਰੀ ਮਹਾਂਸੰਘ ਖ਼ੁਦ ਉਮਰ ਦਾ ਪੈਮਾਨਾ ਤੈਅ ਕਰਦੇ ਹਨ ਤਾਸ਼ ਦੀ ਖੇਡ ‘ਚ ਸ਼ਰੀਰਕ ਸਮਰੱਥਾ ਦੀ ਬਜਾਏ ਮਾਨਸਿਕ ਮਜ਼ਬੂਤੀ ਦੀ ਜਰੂਰਤ ਹੁੰਦੀ ਹੈ ਇਸ ਲਈ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਰਗਾਂ ‘ਚ ਹੀ ਉਮਰਦਰਾਜ਼ ਖਿਡਾਰੀ ਹਿੱਸਾ ਲੈ ਰਹੇ ਹਨ। (Asian Games)

17000 ਖਿਡਾਰੀਆਂ ‘ਚ ਵੀ ਸਭ ਤੋਂ ਅਮੀਰ ਅਥਲੀਟ ਬ੍ਰਿਜ ਚ ਲਵੇਗਾ ਹਿੱਸਾ

ਏਸ਼ੀਆਡ ‘ਚ ਇਸ ਵਾਰ ਬ੍ਰਿਜ਼ ‘ਚ ਸਭ ਤੋਂ ਤਜ਼ਰਬੇਕਾਰ ਖਿਡਾਰੀਆਂ ਦਾ ਇਕੱਠ ਰਹੇਗਾ ਜਿਸ ਵਿੱਚ 11 ਖਿਡਾਰੀ 70 ਤੋਂ 79 ਸਾਲ ਦੀ ਉਮਰ ਦੇ ਹਨ ਜਿਸ ਵਿੱਚ ਇੰਡੋਨੇਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬੰਬਾਂਗ ਹਰਤੋਨੋ ਵੀ ਸ਼ਾਮਲ ਹਨ ਜੋ 79 ਸਾਲ ਦੇ ਹਨ ਇਸ ਤੋਂ ਇਲਾਵਾ ਬ੍ਰਿਜ ਦੀ ਖੇਡ ‘ਚ 30 ਖਿਡਾਰੀਆਂ ਦੀ ਉਮਰ 60 ਤੋਂ 69 ਸਾਲ ਦਰਮਿਆਨ ਹੈ। (Asian Games)

ਹਾਰਤੋਨੋ ਏਸ਼ੀਆਈ ਖੇਡਾਂ ‘ਚ ਹਿੱਸਾ ਲੈ ਰਹੇ 17000 ਖਿਡਾਰੀਆਂ ‘ਚ ਵੀ ਸਭ ਤੋਂ ਅਮੀਰ ਅਥਲੀਟ ਹਨ ਜਿੰਨ੍ਹਾਂ ਦੀ ਕੁੱਲ ਆਮਦਨ 16.7 ਅਰਬ ਡਾਲਰ ਹੈ ਹਾਰਤੋਨੋ ਨੇ ਕਿਹਾ ਕਿ ਮੈਂ ਖੇਡ ਆਪਣਾ ਦਿਮਾਗ ਤੇਜ਼ ਰੱਖਣ ਲਈ ਖੇਡਦਾ ਹਾਂ ਅਤੇ ਮੈਂ ਛੇ ਸਾਲ ਦੀ ਉਮਰ ਤੋਂ ਖੇਡ ਰਿਹਾ ਹਾਂ ਹਾਰਤੋਨੋ ਨੇ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਜੇਕਰ ਉਹ ਏਸ਼ੀਆਡ ‘ਚ ਸੋਨ ਤਗਮਾ ਜਿੱਤਦੇ ਹਨ ਤਾਂ ਆਪਣੀ ਇਨਾਮੀ ਰਾਸ਼ੀ ਨੂੰ ਅਥਲੀਟ ਟਰੇਨਿੰਗ ਪ੍ਰੋਗਰਾਮ ਨੂੰ ਦਾਨ ਕਰ ਦੇਣਗੇ। (Asian Games)

ਸਕੇਟਬੋਰਡਿੰਗ ਇਸ ਵਾਰ 2020 ਦੀਆਂ ਟੋਕੀਓ ਓਲੰਪਿਕ ‘ਚ ਵੀ ਸ਼ਾਮਲ

ਬ੍ਰਿਜ ‘ਚ ਪੁਰਸ਼, ਮਹਿਲਾ, ਪੁਰਸ਼ ਡਬਲਜ਼, ਮਿਕਸਡ ਡਬਲਜ਼, ਮਿਕਸਡ ਟੀਮ ਅਤੇ ਸੁਪਰ ਮਿਕਸਡ ਟੀਮ ਵਰਗ ‘ਚ ਪੰਜ ਸੋਨ ਤਗਮੇ ਦਾਅ ‘ਤੇ ਹਨ ਇੰਡੋਨੇਸ਼ੀਆਈ ਏਸ਼ੀਆਈ ਖੇਡ ਪ੍ਰਬੰਧਕੀ ਕਮੇਟੀ (ਆਈਐਨਏਐਸਜੀਓਸੀ) ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਕਿ ਸਕੇਟਬੋਰਡਿੰਗ ਦੀ ਖੇਡ ‘ਚ ਖਿਡਾਰੀਆਂ ਨੂੰ ਕੌਸ਼ਲ, ਫੁਰਤੀ, ਸੰਤੁਲਨ ਅਤੇ ਤੇਜ਼ੀ ਦੀ ਜਰੂਰਤ ਹੁੰਦੀ ਹੈ ਇਹ ਖੇਡ ਨੌਜਵਾਨਾਂ ‘ਚ ਕਾਫ਼ੀ ਪਸੰਦੀਦਾ ਹੈ। (Asian Games)

ਇਸ ਵਿੱਚ ਹਿੱਸਾ ਲੈਣ ਵਾਲੇ 60 ਫੀਸਦੀ ਅਥਲੀਟ 20 ਸਾਲ ਤੋਂ ਘੱਟ ਉਮਰ ਦੇ ਹਨ 9 ਸਾਲ ਦੀ ਨੋਵੇਰੀ ਏਸ਼ੀਆਡ ‘ਚ ਹਿੱਸਾ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਹੈ ਜਿਸਨੇ ਸੱਤ ਸਾਲ ਦੀ ਉਮਰ ਤੋਂ ਇਸ ਖੇਡ ਨੂੰ ਸ਼ੁਰੂ ਕੀਤਾ ਸੀ ਸਕੇਟਬੋਰਡਿੰਗ ‘ਚ ਇਸ ਵਾਰ ਚਾਰ ਸੋਨ ਤਗਮੇ ਦਾਅ ‘ਤੇ ਹਨ ਜਿਸ ਵਿੱਚ ਇੰਡੋਨੇਸ਼ੀਆ ਨੂੰ ਤਿੰਨ ਸੋਨ ਤਗਮਿਆਂ ਦੀ ਆਸ ਹੈ ਸਕੇਟਬੋਰਡਿੰਗ ਦੀ ਖੇਡ ਨੂੰ ਇਸ ਵਾਰ 2020 ਦੀਆਂ ਟੋਕੀਓ ਓਲੰਪਿਕ ‘ਚ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਕਾਰਨ ਇਸ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ।