ਐਮਰਜੈਂਸੀ ਡਿਊਟੀ ਵਾਲੇ ਮੈਡੀਕਲ ਅਫ਼ਸਰਾਂ ਲਈ ਤਿਆਰ ਕੀਤੀ ਜਾਵੇਗੀ ਨਵੀਂ ਨੀਤੀ: ਸਿੱਧੂ

New Policy, Prepared, Medical officers, Emergency duty, Sidhu

ਕਿਹਾ, ਸਿਵਲ ਹਸਪਤਾਲ ਬਰਨਾਲਾ ‘ਚ ਜਲਦ ਤਿਆਰ ਕਰਾਂਗੇ ਆਈ.ਸੀ.ਯੂ.

ਜਸਵੀਰ ਸਿੰਘ / ਰਜਿੰਦਰ ਸ਼ਰਮਾ/ਬਰਨਾਲਾ। ‘ਪੰਜਾਬ ਵਿਚ ਐਮਰਜੈਂਸੀ ਡਿਊਟੀ ਕਰਨ ਵਾਲੇ ਮੈਡੀਕਲ ਅਫ਼ਸਰਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਲਈ ਜਲਦ ਹੀ ਪੰਜਾਬ ਸਰਕਾਰ ਵੱਲੋਂ ਨੀਤੀ ਤਿਆਰ ਕੀਤੀ ਜਾਵੇਗੀ, ਜਿਸ ਤਹਿਤ ਉਨਾਂ ਨੂੰ ਤਰੱਕੀ ਤੇ ਹੋਰ ਲਾਭ ਦੇਣ ਦੀ ਕਵਾਇਦ ਨੂੰ ਸੁਖਾਲਾ ਬਣਾਇਆ ਜਾਵੇਗਾ।’ ਇਹ ਗੱਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ‘ਕੌਮੀ ਸਵੈ-ਇੱਛੁਕ ਖ਼ੂਨਦਾਨ ਦਿਵਸ’ ਨੂੰ ਸਮਰਪਿਤ ਸਥਾਨਕ ਇੱਕ ਰਿਜ਼ੋਰਟਸ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਸਮਾਗਮ ਦੌਰਾਨ 15 ਮਹਿਲਾ, 13 ਸਵੈ-ਇੱਛੁਕ ਸੰਸਥਾਵਾਂ, 11 ਪੁਰਸ਼, 3 ਬਲੱਡ ਬੈਂਕਾਂ, ਖ਼ੂਨ ਕੰਪੋਨੈਂਟ ਬਣਾਉਣ ਵਾਲੇ 5 ਬਲੱਡ ਬੈਂਕਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਮੌਕੇ ਸੂਬੇ ‘ਚ ਤੈਨਾਤ ਸਮੂਹ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ।

ਸਮਾਗਮ ਦੌਰਾਨ ਸਵੈ-ਇੱਛੁਕ ਤਰੀਕੇ ਨਾਲ ਖ਼ੂਨਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਤੇ ਕਰਵਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 2018-19 ਦੌਰਾਨ ਸਵੈ-ਇੱਛਾ ਨਾਲ ਟੀਚੇ ਤੋਂ ਵੱਧ 128 ਫ਼ੀਸਦੀ ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਬਰਨਾਲਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਆਈ. ਸੀ. ਯੂ. ਸਥਾਪਿਤ ਕੀਤਾ ਜਾਵੇਗਾ ਜਿਸ ਨਾਲ ਮਰੀਜ਼ਾਂ ਦੀ ਸਿਹਤ ਸੰਭਾਲ ਦੇ ਢੰਗ ਨੂੰ ਕਾਰਗਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇਗਾ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਤੇ ਮੁੱਲਾਂਪੁਰ ਵਿਖੇ ਨਵੀਂਆਂ ਪੀ.ਜੀ.ਆਈ. ਸਿਹਤ ਸੰਸਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ ਤੇ ਅਗਲੇ ਸਾਲ ਤੱਕ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਦਾ ਜਿਕਰ ਵੀ ਕੀਤਾ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ।

ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਸਿਵਲ ਹਸਪਤਾਲ ਦੀ ਸਥਿਤੀ ਸੁਧਾਰਨ ਲਈ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਉਨ੍ਹਾਂ ਭਰੋਸਾ ਦਵਾਇਆ ਕਿ ਖ਼ੂਨਦਾਨ ਦੇ ਖੇਤਰ ਵਿਚ ਬਰਨਾਲਾ ਜ਼ਿਲ੍ਹਾ ਹਮੇਸ਼ਾ ਮੋਹਰੀ ਰੋਲ ਅਦਾ ਕਰੇਗਾ ਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ

ਇੰਨ੍ਹਾਂ ਦਾ ਹੋਇਆ ਵਿਸ਼ੇਸ਼ ਸਨਮਾਨ

ਸਮਾਗਮ ਦੌਰਾਨ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੀਆਂ 13 ਸੰਸਥਾਵਾਂ, 100 ਤੋਂ ਵੱਧ ਵਾਰ ਸਵੈ-ਇੱਛੁਕ 11 ਪੁਰਸ਼ ਖੂਨਦਾਨੀਆਂ, 10 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀਆਂ 15 ਮਹਿਲਾ ਖੂਨਦਾਨੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਲੁਧਿਆਣਾ ਦੀ ਸੰਸਥਾ ਰਹਿਰਾਸ ਸੇਵਾ ਸੁਸਾਇਟੀ ਨੇ 4932 ਯੂਨਿਟ ਇਕੱਠੇ ਕਰਕੇ ਪੰਜਾਬ ‘ਚ ਪਹਿਲਾ, ਫਾਜ਼ਿਲਕਾ ਦੀ ਸੰਸਥਾ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨੇ 4185 ਯੂਨਿਟ ਇਕੱਠਾ ਕਰਕੇ ਦੂਸਰਾ ਸਥਾਨ ਅਤੇ ਫਗਵਾੜਾ ਦੀ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ ਕਲੱਬ ਨੇ 3877 ਬਲੱਡ ਯੂਨਿਟ ਇਕੱਠੇ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਫਤਹਿਗੜ ਸਾਹਿਬ ਦੇ ਅਜੇ ਮਲਹੋਤਰਾ ਨੇ 137 ਵਾਰ ਖੂਨਦਾਨ ਕਰਕੇ ਪੰਜਾਬ ਭਰ ਵਿੱਚ ਪਹਿਲਾ, ਜ਼ਿਲ੍ਹਾ ਜਲੰਧਰ ਦੇ ਐਮ.ਐਸ. ਥਾਪਰ ਨੇ 119 ਯੂਨਿਟ ਖੂਨਦਾਨ ਕਰਕੇ ਦੂਸਰਾ ਅਤੇ ਜ਼ਿਲ੍ਹਾ ਮਾਨਸਾ ਦੇ ਸੰਜੀਵ ਕੁਮਾਰ ਸਿੰਗਲਾ ਨੇ 117 ਵਾਰ ਖੂਨਦਾਨ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।