ਮੂਸੇਵਾਲਾ ਕਤਲ ਮਾਮਲਾ: ਸ਼ੂਟਰ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਦਾ ਮਿਲਿਆ ਛੇ ਦਿਨ ਦਾ ਪੁਲਿਸ ਰਿਮਾਂਡ

Sidhu Moosewala

ਦੇਰ ਰਾਤ ਮਾਨਸਾ ਲੈ ਕੇ ਪੁੱਜੀ ਸੀ ਪੁਲਿਸ

17 ਸਤੰਬਰ ਨੂੰ ਮੁੜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

ਮਾਨਸਾ। (ਸੁਖਜੀਤ ਮਾਨ) ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫਤਾਰ ਸੰਦੀਪ ਮੁੰਡੀ ਤੇ ਉਸਦੇ ਦੋਵੇਂ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਪੁਲਿਸ ਦਿੱਲੀ ਤੋਂ ਚੰਡੀਗੜ੍ਹ ਹੁੰਦੇ ਹੋਏ ਦੇਰ ਰਾਤ ਮਾਨਸਾ ਲੈ ਕੇ ਪੁੱਜੀ। ਅੱਜ ਸਵੇਰੇ ਪੁਲਿਸ ਨੇ ਤਿੰਨਾਂ ਦਾ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਤਿੰਨਾਂ ਮੁਲਜਮਾਂ ਨੂੰ ਹੁਣ 17 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਉਕਤ ਤਿੰਨਾਂ ਨੂੰ ਭਾਰਤ-ਨੇਪਾਲ ਸਰਹੱਦ ਨੇੜਿਓਂ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲੀਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ ਸੀ।

ਵੇਰਵਿਆਂ ਮੁਤਾਬਿਕ ਦੀਪਕ ਮੁੰਡੀ ਦੀ ਇਸ ਕਤਲ ਵਿੱਚ ਸਿਧੇ ਤੌਰ ਸ਼ੂਟਰ ਵਜੋਂ ਪਹਿਚਾਣ ਕੀਤੀ ਗਈ ਸੀ ਜਦੋੰਕਿ ਉਸਦੇ ਨਾਲ ਗ੍ਰਿਫਤਾਰ ਕੀਤੇ ਗਏ ਕਪਿਲ ਤੇ ਜੋਕਰ ਤੇ ਦੋਸ਼ ਹਨ ਕਿ ਉਹਨਾਂ ਨੇ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਹਥਿਆਰ ਮੁਹਈਆ ਕਰਵਾਉਣ ਤੋਂ ਇਲਾਵਾ ਵੱਖ -ਵੱਖ ਥਾਵਾਂ ਤੇ ਪਨਾਹ ਦਿੱਤੀ ਸੀ । ਨੇਪਾਲ ਬਾਰਡਰ ਤੋਂ ਗ੍ਰਿਫਤਾਰ ਇਹ ਮੁਲਜਮ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਸੀ । ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਵਿੱਚ ਸ਼ਾਰਪ ਸ਼ੂਟਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ।

6ਸ਼ੂਟਰਾਂ ਵਿੱਚੋਂ 4 ਗ੍ਰਿਫਤਾਰ, 2 ਦੀ ਹੋ ਚੁੱਕੀ ਹੈ ਮੌਤ

ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਮੁਤਾਬਿਕ 6 ਸ਼ੂਟਰ ਮੁੱਖ ਸੀ, ਜਿੰਨ੍ਹਾਂ ਵਿੱਚੋਂ ਪੁਲਿਸ ਨੇ ਪਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਜਦੋਂਕਿ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਅੰਮ੍ਰਿਤਸਰ ਕੋਲ ਇੱਕ ਪਿੰਡ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਸੀ ਤੇ ਹੁਣ ਛੇਵੇਂ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰ ਲਿਆ ।
ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਤੇ ਭਾਣਜੇ ਸਚਿਨ ਨੂੰ ਵੀ ਵਿਦੇਸ਼ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿੰਨ੍ਹਾਂ ਨੂੰ ਭਾਰਤ ਲਿਆਉਣ ਲਈ ਪੁਲਿਸ ਵੱਲੋਂ ਕਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ