ਆਪ ਵਿਧਾਇਕਾ ਬਲਜਿੰਦਰ ਕੌਰ ਨੇ ਖਹਿਰਾ ਦੇ ਬਿਆਨ ‘ਤੇ ਚੁੱਪ ਵੱਟੀ

MLA, Baljinder Kaur, Silenced Khaira, Statement

ਕਿਹਾ, ਖਹਿਰਾ ਦੀ ਥਾਂ ਪੰਜਾਬ ਦੇ ਮੁੱਦੇ ਪਿਆਰੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਬੁਲਾਰਾ ਪ੍ਰੋ.ਬਲਜਿੰਦਰ ਕੌਰ ਨੇ ਕਾਂਗਰਸੀ ਮੰਤਰੀ ਦੇ ‘ਆਪ’ ਖਿਲਾਫ ਦਿੱਤੇ ਬਿਆਨ ਦੇ ਪ੍ਰਤੀਕਰਮ ‘ਚ ਆਖਿਆ ਹੈ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿਸ ਪਾਰਟੀ ਦੇ ਸਿਆਸੀ ਅੰਬ ਚੂਪੇ ਜਾ ਚੁੱਕੇ ਹਨ। ਉਹ ਖਹਿਰਾ ਮਾਮਲੇ ‘ਤੇ ਕੁਝ ਵੀ ਨਹੀਂ ਬੋਲੇ ਅਤੇ ਕਿਹਾ ਕਿ ਖਹਿਰਾ ਦੀ ਬਜਾਏ ਉਨ੍ਹਾਂ ਲਈ ਪੰਜਾਬ ਦੇ ਹਿੱਤ ਸਭ ਤੋਂ ਅੱਗੇ ਹਨ। ਉਹ ਅੱਜ ਇਥੇ ਸਾਂਝਾ ਅਧਿਆਪਕ ਮੋਰਚੇ ਦੇ ਪੱਕੇ ਧਰਨੇ ‘ਚ ਅਧਿਆਪਕਾਂ ਦੀਆਂ ਮੰਗਾਂ ਦੇ ਹੱਕ ‘ਚ ਅਵਾਜ਼ ਬੁਲੰਦ ਕਰਨ ਲਈ ਪੁੱਜੇ ਹੋਏ ਸਨ।

ਦੱਸਣਯੋਗ ਹੈ ਕਿ ਲੰਘੇ ਕੱਲ੍ਹ ਕਾਂਗਰਸ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਆਪ ਦਾ ਹੁਣ ਸਿਆਸੀ ਵਜ਼ੂਦ ਖਤਮ ਹੋ ਚੁੱਕਾ ਹੈ। ਕਾਂਗਰਸੀ ਮੰਤਰੀ ਨੇ ਮੀਡੀਆ ਦੇ ਰੁਬਰੂ ਹੁੰਦਿਆਂ ਅਜਿਹੇ ਕਥਨ ‘ਚ ਇਹ ਵੀ ਆਖ ਦਿੱਤਾ ਸੀ ਕਿ ‘ਆਪ ਦੇ ਅੰਬ ਹੁਣ ਚੂਪੇ ਜਾ ਚੁੱਕੇ ਹਨ’। ਵਿਧਾਇਕ ਪ੍ਰੋ.ਬਲਜਿੰਦਰ ਕੌਰ ਨੇ ਕਾਂਗਰਸੀ ਮੰਤਰੀ ਦੇ ਅਜਿਹੇ ਬਿਆਨ ਨੂੰ ਜਿਥੇ ਹੋਛਾ ਕਰਾਰ ਦਿੱਤਾ ਉਥੇ ਇਹ ਵੀ  ਦਾਅਵਾ ਕੀਤਾ ਕਿ ਆਪ ਅਜੋਕੇ ਮਾਹੌਲ ‘ਚ ਵੀ ਪੰਜਾਬ ਦੇ ਸਿਆਸੀ ਮੰਚ ‘ਤੇ ਪੂਰੇ ਦਮਖ਼ਮ ‘ਚ ਹੈ।

ਉਨ੍ਹਾਂ ਆਖਿਆ ਕਿ ਅਸਲ ‘ਚ ਕਾਂਗਰਸ ਖੁਦ ਹੀ ਡਾਵਾਂਡੋਲ ਹੋਈ ਪਈ ਹੈ, ਇਹਨਾਂ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਜੋ ਵਾਅਦੇ ਜਨਤਾ ਨਾਲ ਕੀਤੇ ਸਨ, ਹਾਲੇ ਤੱਕ ਇੱਕ ਵੀ ਪੂਰਾ ਨਹੀ ਕੀਤਾ ਜਾ ਸਕਿਆ।  ਅਜਿਹੇ ਬਣੇ ਮਾਹੌਲ ‘ਚ ਕਾਂਗਰਸ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਦਿਨ ਬ ਦਿਨ ਵਧ ਰਿਹਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਦੇ ਜਿਹੜੇ ਪੰਜ ਲੋਕ ਸਭਾ ਉਮੀਦਵਾਰਾਂ ਦਾ ਫੈਸਲਾ ਕੀਤਾ ਹੈ, ਉਹ ਅਗਾਊਂ ਨਹੀ ਬਲਕਿ ਸਿਆਸੀ ਲਿਹਾਜ਼ ਤੋਂ ਢੁੱਕਵੇਂ ਸਮੇਂ ਤੇ ਹੈ।

ਉਨ੍ਹਾਂ ਦੱਸਿਆ ਕਿ ਨਵੰਬਰ ਦੇ ਅਖੀਰ ‘ਚ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਬਾਕੀ ਰਹਿੰਦੇ ਲੋਕ ਸਭਾ ਉਮੀਦਵਾਰਾਂ ਦਾ ਵੀ ਫੈਸਲਾ ਕਰ ਦਿੱਤਾ ਜਾਵੇਗਾ। ਜਦੋਂ ਉਨ੍ਹਾਂ ਤੋਂ ਖਹਿਰਾ ਦੇ ਬਿਆਨ ਕਿ ਇਨ੍ਹਾਂ ਪੰਜ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ ਤਾ ਉਨ੍ਹਾਂ ਇਸ ਸਬੰਧੀ ਕੁਝ ਵੀ ਬੋਲਣ ਦੀ ਥਾਂ ਕਿਹਾ ਕਿ ਉਹ ਖਹਿਰਾ ਦੀ ਬਜਾਏ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ।

ਆਪ ਤੋਂ ਮੁਅੱਤਲ ਚੱਲ ਰਹੇ ਡਾ ਧਰਮਵੀਰ ਗਾਂਧੀ ਸਬੰਧੀ ਉਹਨਾਂ ਆਖਿਆ ਕਿ ਜੇਕਰ ਉਹ ਆਪ ਲੀਡਰਸ਼ਿਪ ਨਾਲ ਸੁਰ ਸਾਂਝ ਰੱਖਣਗੇ ਤਾਂ ਪਟਿਆਲਾ ਤੋਂ ਟਿਕਟ ਸਬੰਧੀ ਉਹਨਾਂ ਬਾਰੇ ਵੀ ਵਿਚਾਰਿਆ ਜਾ ਸਕਦਾ ਹੈ, ਨਹੀ ਤਾਂ ਪਾਰਟੀ ਵੱਲੋਂ ਪਟਿਆਲਾ ਤੋਂ ਕਿਸੇ ਹੋਰ ਢੁੱਕਵੇਂ ਉਮੀਦਵਾਰ ਦੀ ਭਾਲ ਲਈ ਪ੍ਰੀਕ੍ਰਿਆ ਵੱਖਰੇ ਤੌਰ ‘ਤੇ ਜਾਰੀ ਹੈ। ਇਸ ਫੇਰੀ ਦੌਰਾਨ ਪਹਿਲਾਂ ਉਹਨਾਂ ਪੱਕੇ ਮੋਰਚੇ ਦੇ ਧਰਨੇ ‘ਤੇ ਬੈਠੇ ਅਧਿਆਪਕਾਂ ਨਾਲ ਅੱਧਾ ਘੰਟਾ ਦੇ ਕਰੀਬ ਬੈਠਕ ਕੀਤੀ ਤੇ ਭਰੋਸਾ ਦਿਵਾਇਆ ਕਿ ਆਪ ਵਿਧਾਇਕ ਉਹਨਾਂ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਵਿਧਾਨ ਸਭਾ ‘ਚ ਜੋਰ ਸ਼ੋਰ ਨਾਲ ਮਾਮਲਾ ਉਠਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।