ਮੀਡੀਆ ਨੇ ਫੜੀ ਪੀੜਤ ਪਰਿਵਾਰ ਦੀ ਬਾਂਹ

Media, Hand, With, Victim, Family

ਮੀਡੀਆ ਵੈੱਲਫੇਅਰ ਐਸੋਸੀਏਸ਼ਨ ਨੇ ਕੁਲਦੀਪ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮੱਦਦ | Patiala News

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਚਮਾਰਹੇੜੀ ਪੈਟਰੋਲ ਪੰਪ ਦੀ ਲੁੱਟ ਸਮੇਂ ਗੋਲੀ ਮਾਰ ਕੇ ਮਾਰੇ ਗਏ ਦੌਣ ਕਲਾਂ ਦੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿਚ ਮਾਲੀ ਮੱਦਦ ਦਿੱਤੀ ਗਈ । ਇਸ ਪਰਿਵਾਰ ਦਾ ਕੁਲਦੀਪ ਸਿੰਘ ਇਕਲੌਤਾ ਕਮਾਉਣ ਵਾਲਾ ਸੀ ਜਦ ਕਿ ਕੁਲਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਵੱਡੇ ਭਰਾ ਦੇ ਪਰਿਵਾਰ ਦਾ ਵੀ ਪਾਲਣ-ਪੋਸ਼ਣ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਦੀ ਵੀ ਮਜ਼ਦੂਰੀ ਕਰਦੇ ਸਮੇਂ ਮੌਤ ਹੋ ਗਈ ਸੀ। ਪਰਿਵਾਰ ਵਿੱਚ ਪਿੱਛੇ ਵਿਧਵਾ ਮਾਂ ਅਤੇ ਵਿਧਵਾ ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਇਹਨਾਂ ਦੇ ਨਾਲ ਕੁਲਦੀਪ ਸਿੰਘ ਦੀ ਪਤਨੀ ਅਤੇ ਦੋ ਛੋਟੇ-ਛੋਟੇ ਮਾਸੂਮ ਬੱਚੇ ਹਨ ਬੇਟੇ ਦੀ ਉਮਰ ਢਾਈ ਸਾਲ ਅਤੇ ਬੇਟੀ ਦੀ ਉਮਰ 6 ਮਹੀਨੇ ਹੈ। ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ।

ਪੈਟਰੋਲ ਪੰਪ ਲੁੱਟ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਕੁਲਦੀਪ ਸਿੰਘ

ਇਸ ਵੇਲੇ ਪਿੰਡ ਦੌਣ ਕਲਾਂ ਵਿੱਚ ਪੀੜਤ ਪਰਿਵਾਰ ਨੂੰ ਮਾਲੀ ਮੱਦਦ ਦੇਣ ਵੇਲੇ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਅਤੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਕਿਸੇ ਪੀੜਤ ਪਰਿਵਾਰ ਦੀ ਪੱਤਰਕਾਰਾਂ ਵੱਲੋਂ ਆਪਣੀ ਜੇਬ੍ਹ ਵਿਚੋਂ ਮਾਲੀ ਮੱਦਦ ਕਰਨ ਦਾ ਇਹ ਨਿਵੇਕਲਾ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਪੱਤਰਕਾਰ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਲਈ ਲੋਕਾਂ ਨੂੰ ਮਹਿਜ਼ ਜਾਗਰੂਕ ਹੀ ਨਹੀਂ ਕਰਦੇ ਸਗੋਂ ਆਪਣੀ ਜੇਬ੍ਹ ਵਿਚੋਂ ਵੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। (Patiala News)

ਇਸ ਵੇਲੇ ਪ੍ਰਵਾਸੀ ਮੀਡੀਆ ਵਿਚ ਕੰਮ ਕਰਨ ਵਾਲੇ ਚਰਚਿਤ ਪੱਤਰਕਾਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਲੋੜਵੰਦ ਪੀੜਤ ਪਰਿਵਾਰਾਂ ਲਈ ਜਿੱਥੇ ਪੱਤਰਕਾਰ ਭਾਈਚਾਰੇ ਨੇ ਯੋਗਦਾਨ ਪਾਇਆ ਹੈ, ਉੱਥੇ ਹੀ ਇਸ ਸਬੰਧੀ ਸਾਰਿਆਂ ਨੂੰ ਸੋਚਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੀ ਧਰਤੀ ‘ਤੇ ਕੋਈ ਭੁੱਖਾ ਨਾ ਰਹੇ। ਇਸ ਵੇਲੇ ਪਿੰਡ ਦੌਣ ਕਲਾਂ ਦੇ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੂੰ ਮੱਦਦ ਕਰਨ ਲਈ ਜੋ ਮੀਡੀਆ ਨੇ ਲੋਕਾਂ ਨੂੰ ਜਾਗ ਲਾਇਆ ਹੈ ਉਹ ਸ਼ਲਾਘਾਯੋਗ ਹੈ। ਇਸ ਮੌਕੇ ਗਗਨਦੀਪ ਸਿੰਘ ਅਹੂਜਾ, ਮਨਦੀਪ ਸਿੰਘ ਜੋਸਨ, ਇੰਦਰਪਾਲ ਸਿੰਘ ਸਨੀ, ਬਲਿੰਦਰ ਸਿੰਘ ਬਿੰਨੀ, ਚਰਨਜੀਤ ਸਿੰਘ ਕੋਹਲੀ, ਸਰਬਜੀਤ ਸਿੰਘ ਹੈਪੀ, ਮੋਹਨ ਲਾਲ ਕੂਕੀ, ਪੀਐਸ ਗਰੇਵਾਲ, ਹਰਵਿੰਦਰ ਸਿੰਘ ਰਿੰਕੂ ਆਦਿ ਨੇ ਵੀ ਸ਼ਮੂਲੀਅਤ ਕੀਤੀ। (Patiala News)