ਘੱਗਰ ‘ਚ ਆਏ ਹੜ੍ਹ ਦੀ ਮਾਰ ਹਾਲੇ ਤੱਕ ਝੱਲ ਰਹੇ ਕਈ ਕਿਸਾਨ ਪਰਿਵਾਰ

ਕਈ ਪੀੜਤ ਕਿਸਾਨ ਹਾਲੇ ਵੀ ਮੁਆਵਜ਼ਾ ਰਾਸ਼ੀ ਤੋਂ ਵਿਹੂਣੇ

ਸਰਕਾਰ ਦਾ ਨਹੀਂ ਕੋਈ ਧਿਆਨ

ਮੂਣਕ, (ਮੋਹਨ ਸਿੰਘ ਦੀ ਵਿਸ਼ੇਸ਼ ਰਿਪੋਰਟ) ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ (Farmers) ਨੂੰ ਸਰਕਾਰ ਵੱਲੋਂ ਬੇਸ਼ੱਕ ਕਾਫ਼ੀ ਦੇਰੀ ਨਾਲ ਮੁਆਵਜ਼ਾ ਦਿੱਤਾ ਗਿਆ ਸੀ ਪਰ ਹਾਲੇ ਵੀ ਕਈ ਕਿਸਾਨ ਮੌਜ਼ੂਦ ਹਨ ਜਿਨ੍ਹਾਂ ਦੀ ਫਸਲ ਬਰਬਾਦ ਹੋਣ ਤੋਂ ਬਾਅਦ ਵੀ ਸਰਕਾਰ ਤੋਂ ਮੁਆਵਜ਼ਾ ਨਾ ਮਿਲਣ ਕਾਰਨ ਘੋਰ ਨਿਰਾਸ਼ਾ ਦੇ ਮਾਹੌਲ ਵਿੱਚ ਜ਼ਿੰਦਗੀ ਜਿਉਂ ਰਹੇ ਹਨ

ਜਾਣਕਾਰੀ ਮੁਤਾਬਕ ਪਿਛਲੇ ਸਾਲ ਜੁਲਾਈ 2019 ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਜਿਆਦਾ ਵਧਣ ਕਾਰਨ ਨੇੜਲੇ ਪਿੰਡ ਫੂਲਦ ਵਿਖੇ ਮੂਣਕ ਵਾਲੇ ਪਾਸੇ ਬਹੁਤ ਹੀ ਵੱਡਾ ਪਾੜ ਪੈ ਗਿਆ ਸੀ ਜਿਸ ਨਾਲ ਇਲਾਕੇ ਦੀ ਹਜਾਰਾਂ ਏਕੜ ਝੋਨੇ ਦੀ ਫਸਲ ਪਾਣੀ ਨਾਲ ਡੁੱਬ ਕੇ ਤਬਾਹ ਹੋ ਗਈ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹੜ੍ਹ ਪੀੜਤ ਇਲਾਕੇ ਦਾ ਹੈਲੀਕੈਪਟਰ ਰਾਹੀਂ ਮੂਣਕ ਇਲਾਕੇ ਦਾ ਦੌਰਾ ਕੀਤਾ ਸੀ ਤੇ ਦੌਰੇ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਉਤਰਨ ਤੋਂ ਬਾਅਦ ਸਪੈਸ਼ਲ ਗਿਰਦਾਵਰੀ ਕਰਨ ਦਾ ਆਦੇਸ਼ ਜਾਰੀ ਕੀਤਾ ਸੀ ਤਾਂ ਕਿ ਹੜ੍ਹ ਨਾਲ ਪੀੜ੍ਹਤ ਲੋਕਾਂ ਨੂੰ ਨੁਕਸਾਨ ਦੀ ਭਰਪਾਈ ਲਈ ਮੁਆਵਜਾ ਦਿੱਤਾ ਜਾ ਸਕੇ।

ਉਸ ਸਮੇਂ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ‘ਤੇ ਵੱਖ-ਵੱਖ ਟੀਮਾਂ ਵੱਲੋਂ ਗਿਰਦਾਵਰੀ ਕੀਤੀ ਗਈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਅਨਾਜ ਮੰਡੀ ਵਿਖੇ ਕਰੀਬ ਇੱਕ ਮਹੀਨੇ ਵਿੱਚ ਲੋਕਾਂ ਨੂੰ ਹੜ੍ਹ ਨਾਲ ਮਰੀ ਫਸਲ ਦਾ ਮੁਆਵਜਾ ਦੇਣ ਦੀ ਗੱਲ ਆਖੀ ਸੀ ਪਰ ਕਿਸਾਨਾਂ ਦੇ ਵਾਰ-ਵਾਰ ਰੌਲਾ ਪਾਉਣ ‘ਤੇ ਪੰਜਾਬ ਸਰਕਾਰ ਨੇ ਕਰੀਬ ਛੇ ਸੱਤ ਮਹੀਨਿਆਂ ਬਾਅਦ ਮੁਆਵਜੇ ਦੀ ਰਾਸ਼ੀ ਜਾਰੀ ਕੀਤੀ।

ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਇਲਾਕੇ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਹਾਲੇ ਤੱਕ ਆਪਣੀ ਹੜ੍ਹ ਨਾਲ ਮਰੀ ਫਸਲ ਦਾ ਪੂਰਾ ਮੁਆਵਜਾ ਨਹੀਂ ਮਿਲਿਆ। ਭਾਵੇਂ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਮੁਆਵਜਾ ਰਾਸ਼ੀ ਭੇਜ ਦਿੱਤੀ ਹੈ ਪਰ ਸਹੀ ਗਿਰਦਾਵਰੀ ਨਾ ਹੋਣ ਕਾਰਨ ਕਾਫੀ ਗਿਣਤੀ ਵਿੱਚ ਕਿਸਾਨ ਹਾਲੇ ਵੀ ਆਪਣੀ ਫਸਲ ਦੇ ਪੂਰੇ ਮੁਆਵਜੇ ਦੀ ਉਡੀਕ ਵਿੱਚ ਹਨ।

ਇਸ ਮੌਕੇ ਹੜ੍ਹ ਪੀੜਤ ਕਿਸਾਨ ਦਰਸ਼ਨ ਸਿੰਘ ਮਕੋਰੜ ਨੇ ਦੱਸਿਆ ਕਿ ਉਸਦੀ 11 ਏਕੜ ਝੋਨੇ ਦੀ ਫਸਲ ਹੜ੍ਹ ਨਾਲ ਮਰ ਗਈ ਸੀ ਜਿਸਦਾ ਉਸਨੂੰ ਸਿਰਫ 10 ਹਜਾਰ ਰੁਪਏ ਮੁਆਵਜੇ  ਦੇ ਆਏ ਹਨ ਪਰ ਸਰਕਾਰ ਵੱਲੋਂ ਸੌ ਫੀਸਦੀ ਮਰੀ ਫਸਲ ਦੇ 12 ਹਜਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਮੋਹਣ ਸਿੰਘ ਮਕੋਰੜ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੀ ਜ਼ਮੀਨ ਤੇ ਕੁਝ ਠੇਕੇ ‘ਤੇ ਜ਼ਮੀਨ ਲਈ ਹੋਈ ਸੀ ਜੋ ਕਿ ਕੁੱਲ 21 ਏਕੜ ਦੇ ਕਰੀਬ ਹੈ ਪਰ ਉਸਨੂੰ ਸਿਰਫ 5-6 ਏਕੜ ਦਾ ਹੀ ਮੁਆਵਜਾ ਮਿਲਿਆ ਹੈ ਜਿਸ ਨਾਲ ਦੁਬਾਰਾ ਲਗਾਏ ਝੋਨੇ ਦਾ ਖਰਚਾ ਵੀ ਪੂਰਾ ਨਹੀਂ ਹੋਇਆ।

ਮੰਗਤ ਰਾਮ ਤੇ ਗੁਰਪ੍ਰੀਤ ਸਿੰਘ ਮਕੋਰੜ ਨੇ ਦੱਸਿਆ ਕਿ ਉਸਦੀ 4 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਪਰ ਮੁਆਵਜਾ ਸਿਰਫ ਕਰੀਬ 13700 ਰੁਪਏ ਮਿਲੇ ਹਨ। ਸੀਸਨ ਸਿੰਘ ਨੇ ਦੱਸਿਆ ਉਸਨੇ ਠੇਕੇ ‘ਤੇ 5-6 ਏਕੜ ਜਮੀਨ ਲਈ ਹੋਈ ਸੀ, ਦੋ ਵਾਰ ਝੋਨੇ ਦੀ ਫਸਲ ਪਾਣੀ ਨਾਲ ਮਰ ਗਈ ਸੀ ਪਰ ਮੁਆਵਜਾ ਸਿਰਫ ਪ੍ਰਤੀ ਏਕੜ 12 ਹਜਾਰ ਦੇ ਹਿਸਾਬ ਨਾਲ 4 ਏਕੜ ਤੋਂ ਘੱਟ ਦਾ ਹੀ ਮਿਲਿਆ ਹੈ।ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪੰਜ ਏਕੜ ਪੰਚਾਇਤੀ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਹੜ੍ਹ ਨਾਲ ਸਾਰੀ ਸੌ ਫੀਸਦੀ ਫਸਲ ਮਰ ਗਈ ਸੀ ਪਰ ਹਾਲੇ ਤੱਕ ਮੁਆਵਜਾ ਕੁਝ ਵੀ ਨਹੀਂ ਮਿਲਿਆ।

ਗਿਆਨ ਸਿੰਘ, ਭਾਨ ਸਿੰਘ, ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸਦੇ ਮਾਲਕੀ ਤੇ ਠੇਕੇ ਵਾਲੀ ਜ਼ਮੀਨ ਵਿੱਚੋਂ 6 ਏਕੜ ਦਾ ਹਾਲੇ ਤੱਕ ਮੁਆਵਜਾ ਨਹੀਂ ਮਿਲਿਆ ਮੂਣਕ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਘੱਗਰ ਦਰਿਆ ‘ਚ ਪਿਛਲੇ ਸਾਲ ਹੜ੍ਹ ਆ ਜਾਣ ਕਾਰਨ ਝੋਨੇ ਦੀ ਫਸਲ ਸੌ ਫੀਸਦੀ ਤਬਾਹ ਹੋ ਗਈ ਸੀ

ਜਿਸ ਵਿੱਚ ਉਹਨਾ ਨੂੰ ਸੌ ਫੀਸਦੀ ਮੁਆਵਜਾ ਮਿਲਣ ਦੀ ਥਾਂ ਕੁਝ ਮਾਤਰ ਹੀ ਮੁਆਵਜਾ ਮਿਲਿਆ ਹੈ। ਇਲਾਕੇ ਦੇ ਹੜ੍ਹ ਪੀੜਤ ਕਿਸਾਨ ਮੁਆਵਜਾ ਰਾਸੀ ਤੋਂ ਸੰਤੁਸ਼ਟ ਨਹੀਂ ਹਨ।ਜਿੰਨੀ ਕਿਸਾਨਾਂ ਦੀ ਫਸਲ ਹੜ੍ਹ ਨਾਲ ਡੁੱਬ ਕੇ ਮਰ ਗਈ ਸੀ ਉਨੀ ਫਸਲ ਦਾ ਮੁਆਵਜਾ ਨਹੀਂ ਮਿਲਿਆ।ਉਹ ਹਰ ਰੋਜ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿੰਨ੍ਹਾ ਕਿਸਾਨਾਂ ਨੂੰ ਪੂਰਾ ਮੁਆਵਜਾ ਨਹੀਂ ਮਿਲਿਆ ਉਹਨਾਂ ਨੂੰ ਬਣਦਾ ਹੱਕ ਜਲਦ ਦਿੱਤਾ ਜਾਵੇ।

ਦੋ ਤਿੰਨ ਦਿਨਾਂ ‘ਚ ਮਿਲ ਜਾਵੇਗਾ ਮੁਆਵਜਾ

ਇਸ ਸਬੰਧੀ ਐਸ ਡੀ ਐਮ ਮੂਣਕ ਕੇ.ਆਰ. ਕਾਂਸਲ ਨੇ ਦੱਸਿਆ ਕਿ ਮੁਆਵਜੇ ਲਈ 6 ਕਰੋੜ ਰਾਸ਼ੀ ਆਈ ਸੀ ਜਿਸ ਵਿੱਚੋਂ ਕਰੀਬ 10 ਲੱਖ ਰੁਪਏ ਰਹਿੰਦੇ ਹਨ ਜੋ ਕਿ ਜਿੰਨ੍ਹਾਂ ਕਿਸਾਨਾਂ ਦੇ ਬੈਂਕ ਖਾਤੇ ਆਦਿ ‘ਚ ਕੁਝ ਕਮੀਆਂ ਸਨ ਉਹਨਾਂ ਨੂੰ ਪੂਰਾ ਕਰਦੇ ਹੋਏ ਦੋ ਤਿੰਨ ਦਿਨਾਂ ਤੱਕ ਸਾਰੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲ ਜਾਵੇਗੀ। ਹਰ ਇੱਕ ਕਿਸਾਨ ਨੂੰ ਪੰਜ ਏਕੜ ਤੱਕ ਕਰੀਬ 60 ਹਜਾਰ ਰੁਪਏ ਮਿਲਣਗੇ। ਇਸ ਤੋਂ ਵੱਧ ਕਿਸੇ ਨੂੰ ਹੋਰ ਨਹੀਂ ਮਿਲਣਾ। ਮੁਆਵਜੇ ਲਈ ਕਰੀਬ 70 ਕਿਸਾਨ ਰਹਿੰਦੇ ਹਨ ਜੋ ਕਿ ਦੋ ਤਿੰਨ ਦਿਨਾਂ ਤੱਕ ਪ੍ਰਕਿਰਿਆ ਪੂਰੀ ਕਰਕੇ ਮੁਆਵਜਾ ਬੈਂਕ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।