ਮਨਜਿੰਦਰ ਸਰਸਾ ਵੱਲੋਂ ਨਵਜੋਤ ਸਿੱਧੂ ‘ਤੇ ਵਿਅੰਗ

Manjinder, Sarsa, Satiricals, Navjot,Sidhu

ਇਮਰਾਨ ਖਾਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਲਈ ‘ਵੱਡੇ ਅਹੁਦਿਆਂ ‘ਤੇ ਬੈਠੇ ਛੋਟੇ ਵਿਅਕਤੀ’ ਟਿੱਪਣੀ ਦਾ ਠੋਕਵਾਂ ਜਵਾਬ ਦਿੱਤਾ ਜਾਵੇ

ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜਿਗਰੀ ਯਾਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੇ ਟਵੀਟ ਬਾਰੇ ਕੋਈ ਜਵਾਬ ਕਿਉਂ ਨਹੀਂ ਦੇ ਰਹੇ। ਇਮਰਾਨ ਖਾਨ ਨੇ ਆਪਣੇ ਟਵੀਟ ‘ਚ ਨਰਿੰਦਰ ਮੋਦੀ ਨੂੰ ‘ਵੱਡੇ ਅਹੁਦਿਆਂ ‘ਤੇ ਬੈਠੇ ਛੋਟੇ ਵਿਅਕਤੀ’ ਕਰਾਰ ਦਿੱਤਾ ਹੈ। ਇੱਥੇ ਹੀ ਅਕਾਲੀ ਦਲ ਨੇ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਭਾਰਤੀ ਫੌਜ ਵੱਲੋਂ ਮਾਰੇ ਅੱਤਵਾਦੀਆਂ ਦੇ ਨਾਂਅ ‘ਤੇ ਡਾਕ ਟਿਕਟਾਂ ਜਾਰੀ ਕਰਨ ਦੀ  ਪਾਕਿਸਤਾਨ ਸਰਕਾਰ ਦੀ ਨੀਤੀ ਦੀ ਨਿਖੇਧੀ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਭਾਰਤੀ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਸਿੱਧੂ ਉਹਨਾਂ ਲੋਕਾਂ ਦੇ ਬੁਲਾਰੇ ਬਣੇ ਹੋਏ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨੂੰ ‘ਛੋਟੇ ਲੋਕ’ ਕਰਾਰ ਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਢੁੱਕਵਾਂ ਸਮਾਂ ਹੈ ਕਿ ਸਿੱਧੂ ਆਪਣੇ ਜਿਗਰੀ ਮਿੱਤਰ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਅਤੇ ਦੱਸਣ ਕਿ ਭਾਰਤੀ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਮਾਸੂਮ ਭਾਰਤੀਆਂ ਦੀ ਹੱਤਿਆ ਤੇ ਆਪਣੇ ਪ੍ਰਧਾਨ ਮੰਤਰੀ ਖਿਲਾਫ ਅਪਮਾਨਜਨਕ ਭਾਸ਼ਾ ਵਰਤੇ ਜਾਣ ਦੀ ਕੀਮਤ ‘ਤੇ ਨਹੀਂ।
ਸਿਰਸਾ ਨੇ ਇਹ ਵੀ ਆਖਿਆ ਕਿ ਭਾਵੇਂ ਆਮ ਸਾਧਾਰਨ ਭਾਰਤੀ ਦਾ ਮੰਨਣਾ ਹੈ ਕਿ ਕੋਈ ਵੀ ਪਾਰਟੀ ਪਾਕਿਸਤਾਨ ‘ਤੇ ਰਾਜ ਕਰੇ, ਇਹ ਭਾਰਤ ਪ੍ਰਤੀ ਆਪਣੇ ਤੌਰ ਤਰੀਕੇ ਤੇ ਰਵੱਈਆ ਨਹੀਂ ਬਦਲ ਸਕਦੀ ਪਰ ਫਿਰ ਵੀ ਜੇਕਰ ਸਿੱਧੂ ਸਮਝਦੇ ਹਨ ਕਿ ਉਹਨਾਂ ਦੇ ਮਿੱਤਰ ਜਾਦੂ ਕਰ ਸਕਦੇ ਹਨ ਤੇ ਸ਼ਾਂਤੀ ਤੇ ਦੋਸਤਾਨਾ ਸਬੰਧਾਂ ਵਾਲਾ ਮਾਹੌਲ ਬਣਾ ਸਕਦੇ ਹਨ, ਭਾਵੇਂ ਉਹ ਪਹਿਲੇ ਹੀ ਯਤਨ ‘ਚ ਅਸਫਲ ਰਹੇ ਹਨ, ਤਾਂ ਉਹਨਾਂ ਨੂੰ ਅੱਗੇ ਵਧਣਾ  ਚਾਹੀਦਾ ਹੈ ਤੇ ਆਪਣੇ ਮਿੱਤਰ ਨੂੰ ਦੱਸਣਾ ਚਾਹੀਦਾ ਹੈ ਕਿ ਗੁਆਂਢੀਆਂ ਵਾਲੇ ਸਬੰਧਾਂ ਦਾ ਹਰ ਇੱਕ ‘ਤੇ ਕੀ ਅਸਰ ਹੁੰਦਾ ਹੈ। ਉਨ੍ਹਾਂ ਆਖਿਆ ਕਿ ਭਾਵੇਂ ਸਾਰੀ ਦੁਨੀਆਂ ਦਾਅਵੇ ਕਰ ਰਹੀ ਹੈ ਕਿ ਇਮਰਾਨ ਖਾਨ ਨੂੰ ਪਾਕਿਤਸਾਨੀ ਫੌਜ ਤੇ ਆਈਐੱਸਆਈ ਨੇ ਪ੍ਰਧਾਨ ਮੰਤਰੀ ਬਣਾਇਆ  ਹੈ, ਪਰ ਭਾਰਤੀਆਂ ਨੂੰ ਸਿੱਧੂ ਦੇ ਬੋਲਾਂ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਮੰਨਣਾ ਚਾਹੀਦਾ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਪਾਕਿਸਤਾਨੀ ਫੌਜ ਦੀਆਂ ਸਾਜਿਸ਼ਾਂ ਦੀ ਬਦੌਲਤ ਹੁਣ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।