ਮੁੱਖ ਮੰਤਰੀ ਨਾਲ ਕਰਵਾਓ ਮੀਟਿੰਗ, ਨਹੀਂ ਤਾਂ ਵੱਡਾ ਇਕੱਠ ਕਰਕੇ ਚੰਡੀਗੜ ਦੀਆਂ ਸੜਕਾਂ ਕਰਾਂਗੇ ਜਾਮ

Ludhiana News
ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚੇ ਸਬ ਏਕੋ ਨੂਰ ਦਿਵਿਆਂਗ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ।

ਸਬ ਏਕੋ ਨੂਰ ਦਿਵਿਆਂਗ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਦਿੱਤੀ ਚੇਤਾਵਨੀ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਬ ਏਕੋ ਨੂਰ ਦਿਵਿਆਂਗ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਇੱਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੀ ਮੰਗ ਰੱਖੀ। ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨਾਲ ਜਲਦ ਮੀਟਿੰਗ ਨਾ ਕਰਵਾਈ ਗਈ ਤਾਂ ਉਹ ਚੰਡੀਗੜ ’ਚ ਸੜਕਾਂ ਜਾਮ ਕਰਨਗੇ। ਕਿਉਂਕਿ ਉਨਾਂ ਨਾਲ ਕੀਤਾ ਇੱਕ ਵੀ ਵਾਅਦਾ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ। (Ludhiana News)

ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਹਿਲਾਂ ਕੀਤੇ ਗਏ ਸੰਘਰਸ਼ ਦੀ ਬਦੌਲਤ ਉਨਾਂ ਦੀਆਂ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇੰਨਾਂ ਮੀਟਿੰਗਾਂ ’ਚ ਉਨਾਂ ਦੀ ਕਿਸੇ ਵੀ ਇੱਕ ਮੰਗ ਦਾ ਹੱਲ ਨਹੀਂ ਹੋ ਸਕਿਆ। ਜਿਸ ਕਰਕੇ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੀ ਮੀਟਿੰਗ ਕਰਨਗੇ ਅਤੇ ਉਨਾਂ ਤੋਂ ਹੀ ਆਪਣੀਆਂ ਮੰਗਾਂ ਦਾ ਹੱਲ ਮੰਗਣਗੇ। ਉਨਾਂ ਦੱਸਿਆ ਕਿ ਉਨਾਂ ਦਾ ਬੈਕਲਾਗ ਦਾ ਡਾਟਾ ਹੀ ਇੰਨਾਂ ਜਿਆਦਾ ਪਿਆ ਹੈ ਕਿ ਕੋਈ ਭਰਤੀ ਨਹੀਂ ਹੋ ਰਹੀ। ਕਿਸੇ ਵੀ ਮਹਿਕਮੇ ’ਚ ਦਿਵਿਆਂਗਾਂ ਲਈ ਕੋਈ ਨੌਕਰੀ ਨਹੀਂ ਕੱਢੀ ਜਾ ਰਹੀ। ਜਿਸ ਕਰਕੇ ਪੜੇ-ਲਿਖੇ ਦਿਵਿਆਂਗ ਨਿਰਾਸਾ ’ਚ ਹਨ ਅਤੇ ਆਪਣੀਆਂ ਮੰਗਾਂ ਦੇ ਹੱਲ ਲਈ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ। ਬਾਵਜੂਦ ਇਸਦੇ ਉਨਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ।

ਬੈਕਲਾਗ ਜਲਦ ਭਰੇ ਜਾਣ ਦਾ ਐਲਾਨ ਕੀਤਾ ਪਰ ਹੋਇਆ ਕੁੱਝ ਵੀ ਨਹੀਂ

ਸੁਸਾਇਟੀ ਦੇ ਜਨਰਲ ਸੈਕਟਰੀ ਜਗਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਦਿਵਿਆਂਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬੇਸ਼ੱਕ ਇਸ ਸਰਕਾਰ ਨੇ ਜੁਲਾਈ ’ਚ ਅਖ਼ਬਾਰਾਂ ’ਚ ਇੱਕ ਪੱਤਰ ਜਾਰੀ ਕਰਵਾਏ ਕੇ ਬੈਕਲਾਗ ਜਲਦ ਭਰੇ ਜਾਣ ਦਾ ਐਲਾਨ ਕੀਤਾ ਸੀ ਪਰ ਹੋਇਆ ਕੁੱਝ ਵੀ ਨਹੀਂ। ਉਨਾਂ ਦੱਸਿਆ ਕਿ ਪੰਜਾਬ ਭਰ ’ਚ ਉਨਾਂ ਦੀ ਗਿਣਤੀ 13 ਲੱਖ ਦੇ ਕਰੀਬ ਹੈ। ਜਿੰਨਾਂ ਬਾਰੇ ਸਰਕਾਰ ਬਿੱਲਕੁੱਲ ਵੀ ਨਹੀਂ ਸੋਚ ਰਹੀ। ਗੁਰਜੰਟ ਸਿੰਘ ਨੇ ਕਿਹਾ ਕਿ ਦਿਵਿਆਂਗਾਂ ਨੂੰ ਸਿਰਫ਼ 15 ਸੌ ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸ ਮਹਿੰਗਾਈ ਦੇ ਦੌਰ ’ਚ ਗੁਜ਼ਾਰਾ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਉਨਾਂ ਦੱਸਿਆ ਕਿ ਵੱਖ ਵੱਖ ਜ਼ਿਲਿਆਂ ’ਚ ਲਿਮਕੋ ਕੰਪਨੀ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਜਿੱਥੇ ਉਨਾਂ ਦੇ ਕੁੱਝ ਸਾਥੀਆਂ ਨੂੰ ਸਮਾਨ ਮੁਹੱਈਆ ਕਰਵਾਇਆ ਤਾਂ ਦਿਖਾਇਆ ਗਿਆ ਹੈ ਪਰ ਦਿੱਤਾ ਨਹੀਂ ਗਿਆ। ਸਮਾਨ ਕਿੱਥੇ ਗਿਆ, ਇਸ ਬਾਰੇ ਵੀ ਉਹ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚੇ ਹਨ।

ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ

ਉਨਾਂ ਦੱਸਿਆ ਕਿ ਇੱਕ ਸਾਲ ਦੇ ਅਰਸੇ ਦੌਰਾਨ ਸਬ ਕਮੇਟੀ ਨਾਲ ਹੋਈਆਂ ਮੀਟਿੰਗਾਂ ’ਚ ਉਨਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਵੀ ਨਹੀਂ ਮਿਲਿਆ। ਇਸ ਲਈ ਸੁਸਾਇਟੀ ਵੱਲੋਂ ਸੂਬਾ ਪੱਧਰੀ ਫੈਸਲਾ ਕਰਕੇ ਜਲਦ ਹੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਉਨਾਂ ਮੰਗ ਕੀਤੀ ਕਿ ਪਹਿਲ ਦੇ ਅਧਾਰ ’ਤੇ ਜਿੱਥੇ ਉਨਾਂ ਦੀ ਸੁਸਾਇਟੀ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਈ ਜਾਵੇ ਉੱਥੇ ਹੀ ਉਨਾਂ ਦਾ ਬੈਕਲਾਗ ਤੁਰੰਤ ਭਰਿਆ ਜਾਵੇ ਤੇ ਬੇਰੁਜਗਾਰ ਦਿਵਿਆਂਗਾਂ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ। ਉਕਤ ਸਮੇਤ ਸਮੂਹ ਹਾਜਰੀਨ ਦਿਵਿਆਂਗਾਂ ਨੇ ਮੀਟਿੰਗ ਨਾਲ ਮਿਲਣ ’ਤੇ ਸੂਬੇ ਭਰ ਦੀਆਂ ਦਿਵਿਆਗਾਂ ਨਾਲ ਸਬੰਧੀ ਜਥੇਬੰਦੀਆਂ ਨੂੰ ਨਾਲ ਲੈ ਕੇ ਚੰਡੀਗੜ ਵਿਖੇ ਸੜਕਾਂ ਜਾਮ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ। ਇਸ ਮੌਕੇ ਉਨਾਂ ਨਾਲ ਕੁਲਦੀਪ ਸਿੰਘ, ਰਮੇਸ ਕੁਮਾਰ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।