ਲੋਕ ਸਭਾ ਜਿਮਨੀ ਚੋਣ ਜਲੰਧਰ, ਕਾਂਗਰਸ ਦੀ ਜੰਗ ਭਖੀ ਬਠਿੰਡਾ ਅੰਦਰ

Lok Sabha by-election Jalandhar

ਬਠਿੰਡਾ ਦੇ ਕੁਝ ਕਾਂਗਰਸੀ ਕੌਂਸਲਰ ਮਨਪ੍ਰੀਤ ਬਾਦਲ ਨਾਲ ਕਰ ਰਹੇ ਨੇ ਜ਼ਿਮਨੀ ਚੋਣ ’ਚ ਭਾਜਪਾ ਦਾ ਪ੍ਰਚਾਰ

ਬਠਿੰਡਾ (ਸੁਖਜੀਤ ਮਾਨ)। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਜਾਣ ਤੋਂ ਬਾਅਦ ਬਠਿੰਡਾ ਦੇ ਕਈ ਕਾਂਗਰਸੀ ਕੌਂਸਲਰ ਦੋ ਬੇੜੀਆਂ ’ਚ ਪੈਰ ਰੱਖ ਰਹੇ ਹਨ। ਅਜਿਹੇ ਕੌਂਸਲਰ ਬਠਿੰਡਾ ’ਚ ਕਾਂਗਰਸੀ ਹਨ ਪਰ ਇਸ ਵੇਲੇ ਜਲੰਧਰ ’ਚ ਭਾਜਪਾ ਦੇ ਹੱਕ ’ਚ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ। ਕੌਂਸਲਰਾਂ ਦੀ ਇਸ ਸਿਆਸਤ ਨੇ ਬਠਿੰਡਾ ਦੇ ਕਾਂਗਰਸੀਆਂ ਨੂੰ ਵੀ ਚੱਕਰਾਂ ’ਚ ਪਾ ਰੱਖਿਆ ਹੈ। ਬਠਿੰਡਾ ਸ਼ਹਿਰੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਅਜਿਹੀਆਂ ਸਿਆਸੀ ਹਰਕਤਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ਹੈ। ਵੇਰਵਿਆਂ ਮੁਤਾਬਿਕ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਬਠਿੰਡਾ ਦੇ ਵਿਧਾਇਕ ਰਹਿ ਚੁੱਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣਾ ਸਿਆਸੀ ਸਫ਼ਰ ਭਾਜਪਾ ’ਚ ਸ਼ੁਰੂ ਹੋਣ ਵੇਲੇ ਤੋਂ ਹੀ ਬਠਿੰਡਾ ਦੇ ਕਾਂਗਰਸੀ ਕੌਂਸਲਰ ਦੋ ਗੁੱਟਾਂ ’ਚ ਵੰਡੇ ਹੋਏ ਹਨ।

ਕੁਝ ਕੌਂਸਲਰ ਸਿੱਧੇ ਤੌਰ ’ਤੇ ਮਨਪ੍ਰੀਤ ਬਾਦਲ ਨਾਲ ਚੱਲ ਰਹੇ ਹਨ ਤੇ ਕੁਝ ਲੁਕਵੇਂ। ਕਈਆਂ ਦਾ ਰਾਜ ਹੁਣ ਜਲੰਧਰ ਲੋਕ ਸਭਾ ਚੋਣ ’ਚ ਸਾਹਮਣੇ ਆ ਗਿਆ ਜਦੋਂ ਉਹ ਮਨਪ੍ਰੀਤ ਸਿੰਘ ਬਾਦਲ ਨਾਲ ਉੱਥੇ ਭਾਜਪਾ ਦੇ ਹੱਕ ’ਚ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ। ਕਾਂਗਰਸੀ ਕੌਂਸਲਰਾਂ ਦੇ ਇਸ ਰਵੱਈਏ ਤੋਂ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਕਾਫ਼ੀ ਖਫ਼ਾ ਦਿਖਾਈ ਦਿੱਤੇ।

ਸ਼ਾਹਕੋਟ ’ਚ ਭਾਜਪਾ ਦਾ ਪ੍ਰਚਾਰ

ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਪਤਾ ਲੱਗਿਆ ਕਿ ਕਾਂਗਰਸ ਦੇ ਕੁਝ ਕੌਂਸਲਰ ਤੇ ਅਹੁਦੇਦਾਰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸ਼ਾਹਕੋਟ ’ਚ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਹਨ ਕਿ ਜੇਕਰ ਉਹ ਕਾਂਗਰਸ ’ਚ ਨਹੀਂ ਰਹਿਣਾ ਚਾਹੁੰਦੇ ਤਾਂ ਕਾਂਗਰਸ ਨੂੰ ਤੁਹਾਡੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ’ਚ ਜਾਣਾ ਚਾਹੁੰਦੇ ਹਨ ਤਾਂ ਜੀਅ ਸਦਕੇ ਜਾਣ ਪਰ ਰੋਜ਼ਾਨਾ ਦੀ ਦੁਵਿਧਾ ਨੂੰ ਖਤਮ ਕਰਕੇ ਆਪੇ ਆਪਣਾ ਰਸਤਾ ਚੁਣ ਲੈਣ ਨਹੀਂ ਤਾਂ ਕਾਂਗਰਸ ਉਨ੍ਹਾਂ ਨੂੰ ਰਸਤਾ ਜ਼ਰੂਰ ਦਿਖਾਏਗੀ।

ਉਹੀ ਹੋਊਗੀ, ਜੋ ਪਹਿਲਾਂ ਹੋਈ ਸੀ

ਉਨ੍ਹਾਂ ਕਿਹਾ ਕਿ ਅਜਿਹੇ ਵਰਕਰਾਂ ਨੂੰ ਨੋਟਿਸ ਇਹੋ ਹੈ ਕਿ ਜੇਕਰ ਉਹ ਕਾਂਗਰਸ ’ਚ ਕੰਮ ਕਰਨਾ ਚਾਹੁੰਦੇ ਹਨ ਤਾਂ ਆਪਣਾ ਵਤੀਰਾ ਬਦਲ ਲੈਣ ਅਤੇ ਸਪੱਸ਼ਟੀਕਰਨ ਦੇਣ , ਜੇਕਰ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨਾਲ ਉਹੀ ਹੋਊਗੀ, ਜੋ ਪਹਿਲਾਂ ਹੋਈ ਸੀ। ਰਾਜਨ ਗਰਗ ਵੱਲੋਂ ਪਹਿਲਾਂ ਹੋਈ ਤੋਂ ਇੱਥੇ ਭਾਵ ਉਨ੍ਹਾਂ ਕਾਂਗਰਸੀ ਕੌਂਸਲਰਾਂ ਜਿਨ੍ਹਾਂ ’ਚ ਮੇਅਰ ਸ੍ਰੀਮਤੀ ਰਮਨ ਗੋਇਲ, ਕੌਂਸਲਰ ਸੁਖਰਾਜ ਸਿੰਘ ਔਲਖ, ਆਤਮਾ ਸਿੰਘ, ਰਤਨ ਰਾਹੀ ਤੇ ਇੰਦਰਜੀਤ ਸਿੰਘ ਇੰਦਰ ਨੂੰ ਮਨਪ੍ਰੀਤ ਬਾਦਲ ਨਾਲ ਨੇੜਤਾ ਰੱਖਣ ’ਤੇ ਕਾਂਗਰਸ ’ਚੋਂ ਬਾਹਰ ਕੱਢ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ