ਸ਼ੇਰ ਤੇ ਮੱਛਰ : ਪੜ੍ਹ ਕੇ ਤਾਂ ਦੇਖੋ

Lion and Mosquito

ਸ਼ੇਰ ਤੇ ਮੱਛਰ

ਇੱਕ ਦਿਨ ’ਕੱਠੇ ਹੋ ਕੇ ਮੱਛਰ,
ਸ਼ੇਰ ਨੂੰ ਲੱਗੇ ਸਤਾਉਣ।
ਕੰਨਾਂ ਦੇ ਵਿੱਚ ਭੀਂ-ਭੀਂ ਕਰਕੇ,
ਦਿੰਦੇ ਨਾ ਉਸ ਨੂੰ ਸੌਣ।
ਪਰੇਸ਼ਾਨ ਉਹਨਾਂ ਸ਼ੇਰ ਨੂੰ ਕੀਤਾ,
ਉੱਠ ਕਿੱਥੇ ਫਿਰ ਜਾਵੇ।
ਜੇ ਬੈਠੇ ਕਿਤੇ ਦੂਰ ਉਹ ਜਾ ਕੇ,
ਤਾਂ ਵੀ ਮੱਛਰ ਸਤਾਵੇ।
ਉਹ ਸੋਚੇ ਮੈਂ ਜੰਗਲ ਦਾ ਰਾਜਾ,
ਇਹ ਜੀਵ ਕੀ ਕਰਦੇ।
ਦਹਾੜ ਮਾਰਨ ’ਤੇ ਵੱਡੇ-ਵੱਡੇ,
ਜਾਨਵਰ ਮੈਥੋਂ ਡਰਦੇ।
ਬੜਾ ਬੇਚੈਨ ਹੋਇਆ ਰਾਜਾ,
ਉੱਚੀ-ਉੱਚੀ ਦਹਾੜੇ।
ਮੱਛਰਾਂ ਨੂੰ ਇਸ ਤਰ੍ਹਾਂ ਲੱਗਦਾ,
ਜਿੱਦਾਂ ਕੱਢਦਾ ਹੋਵੇ ਹਾੜੇ।
ਮੱਛਰ ਦਾ ਉੱਦੋਂ ਨਿੱਕਲੇ ਹਾਸਾ,
ਜਦ ਸੀ ਦੰਦੀ ਭਰਦਾ।
ਕਿੱਡਾ ਤਾਕਤਵਰ ਸ਼ੇਰ ਹੰਕਾਰੀ,
ਛੋਟੇ ਜੀਵ ਤੋਂ ਡਰਦਾ।
ਸ਼ੇਰ ਬਣ ਕਦੇ ਮਾਣ ਨਾ ਕਰੀਏ,
ਸਭ ਨਾਲ ਰਲ਼ ਕੇ ਰਹੀਏ।
ਸਾਰੇ ਤਕੜੇ ਆਪਣੀ ਥਾਂ ’ਤੇ,
ਮਾੜਾ ਕੀਹਨੂੰ ਕਹੀਏ।
ਬੱਚਿਓ ਇਹ ਸੀ ਮੱਛਰ ਸ਼ੇਰ ਦੀ,
ਛੋਟੀ ਜਿਹੀ ਕਹਾਣੀ।
ਜਦੋਂ ਸੁਣੋਗੇ ਉਦੋਂ ਹੀ ਨਵੀਂ ਹੈ,
ਕਦੇ ਨਾ ਹੋਵੇ ਪੁਰਾਣੀ।
ਪੱਤੋ, ਵਿੱਚ ਇੱਕ, ਪੀਤਾ ਰਹਿੰਦਾ,
ਕਵਿਤਾ ਨਵੀਆਂ ਲਿਖਦਾ।
ਸਾਈਕਲ ਵਰਕਸ ਬੱਸ ਅੱਡੇ ਨੇੜੇ,
ਪੱਕਾ ਟਿਕਾਣਾ ਜਿਸਦਾ।

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ।
ਮੋ. 94658-21417