ਸਹਿਣਸ਼ੀਲਤਾ ਘੱਟ ਹੋਣ ਦੇ ਨਤੀਜੇ ਪੈ ਰਹੇ ਨੇ ਜ਼ਿੰਦਗੀ ‘ਤੇ ਭਾਰੂ

ਸਹਿਣਸ਼ੀਲਤਾ ਘੱਟ ਹੋਣ ਦੇ ਨਤੀਜੇ ਪੈ ਰਹੇ ਨੇ ਜ਼ਿੰਦਗੀ ‘ਤੇ ਭਾਰੂ

ਮਨੁੱਖ ਵਿੱਚ ਬਹੁਤ ਸਾਰੇ ਗੁਣ ਤੇ ਔਗੁਣ ਹੁੰਦੇ ਹਨ ਪਰ ਸਹਿਣਸ਼ੀਲਤਾ ਮਨੁੱਖ ਦਾ ਬਹੁਤ ਵੱਡਾ ਗੁਣ ਮੰਨਿਆ ਜਾਂਦਾ ਹੈ। ਕਈ ਵਾਰ ਮਨੁੱਖ ਬਹੁਤ ਵੱਡੀਆਂ–ਵੱਡੀਆਂ ਘਟਨਾਵਾਂ ਵੀ ਸਹਿਣ ਕਰ ਜਾਂਦਾ ਹੈ। ਜਿੰਦਗੀ ਵਿੱਚ ਬੜੀਆਂ ਕਠਿਨਾਈਆਂ ਵੀ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਉਹਨਾਂ ਨੂੰ ਸਹਿਣ ਕਰਨਾ ਪੈਂਦਾ ਹੈ। ਮਨੁੱਖ ਧਰਤੀ ‘ਤੇ ਇੱਕੋ–ਇੱਕ ਸਮਝਦਾਰ ਜੀਵ ਹੈ, ਜਿਸ ਨੇ ਸਮਾਜ ਤੇ ਉਸ ਤੋਂ ਅੱਗੇ ਤਾਣੇ–ਬਾਣੇ ਬਣਾਏ ਹੋਏ ਹਨ। ਮਨੁੱਖ ਆਪਣੀਆਂ ਗੱਲਾਂ ‘ਚ ਪ੍ਰਭਾਵ ਪਾ ਕੇ ਦੂਜੇ ਨੂੰ ਆਪਣੇ ਨੇੜੇ ਲੈ ਆਉਂਦਾ ਹੈ। ਪਰ ਅਜੋਕੇ ਸਮੇਂ ਵਿੱਚ ਝਾਤ ਮਾਰੀਏ ਤਾਂ ਮਨੁੱਖਾਂ ਵਿੱਚ ਅਸਹਿਣਸ਼ੀਲਤਾ ਭਾਰੂ ਹੁੰਦੀ ਜਾ ਰਹੀ ਹੈ।  ਗੱਲ ਆਪਾਂ ਆਪਣੇ ਪਰਿਵਾਰਕ ਜੀਵਨ ਤੋਂ ਸ਼ੁਰੂ ਕਰੀਏ ਤਾਂ ਹਰ ਘਰ ਵਿੱਚ ਕੋਈ ਨਾ ਕੋਈ ਕਲੇਸ਼ ਛੋਟੀ-ਮੋਟੀ ਗੱਲ ਨੂੰ ਲੈ ਕੇ ਅਕਸਰ ਹੁੰਦਾ ਹੀ ਰਹਿੰਦਾ ਹੈ। ਆਮ ਕਹਾਵਤ ਵੀ ਬਣੀ ਹੈ ਕਿ ਜਿੱਥੇ ਦੋ ਭਾਂਡੇ ਹੋਣਗੇ ਉਹ ਆਪਸ ਵਿੱਚ ਠਹਿਕਣਗੇ ਵੀ ਜਰੂਰ। ਪਰ ਹੁਣ ਉਹ ਕਹਾਵਤਾਂ ਤਾਂ ਬਹੁਤ ਪਿੱਛੇ ਰਹਿ ਗਈਆਂ ਹਨ।

ਹੁਣ ਤਾਂ ਤੁਸੀਂ ਆਪਣੇ ਆਸੇ–ਪਾਸੇ ਹੀ ਵੇਖ ਲਓ ਕੀ ਪਿਆ ਹੁੰਦਾ ਏ। ਆਪਾਂ ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਜੇਕਰ ਝਾਤ ਮਾਰੀਏ ਤਾਂ ਕਈ ਵਾਰ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਗੱਲਾਂ ਸੁਣ ਕੇ। ਹਰ ਰੋਜ਼ ਅਖਬਾਰਾਂ, ਸੋਸ਼ਲ ਮੀਡੀਆ ਤੇ ਹੋਰ ਸੰਚਾਰ ਦੇ ਸਾਧਨਾਂ ਰਾਹੀਂ ਸਾਨੂੰ ਪੜ੍ਹਨ ਤੇ ਸੁਣਨ ਨੂੰ ਅਕਸਰ ਹੀ ਮਿਲਦਾ ਹੈ ਕਿ ਰਸਤੇ ਵਿੱਚ ਦੋ ਜਣੇ ਆਹਮੋ-ਸਾਹਮਣਿਓਂ ਆਪਣੇ–ਆਪਣੇ ਸਾਧਨਾਂ ‘ਤੇ ਲੰਘ ਰਹੇ ਹੁੰਦੇ ਨੇ। ਇੱਕ ਆਖਦਾ ਹੈ ਪਹਿਲਾਂ ਮੈਂ ਲੰਘਣਾ ਹੈ ਦੂਸਰਾ ਕਹਿੰਦਾ ਪਹਿਲਾਂ ਮੈਂ ਲੰਘਣਾ ਹੈ। ਬੱਸ ਇੰਨੀ ਕੁ ਗੱਲ ਨੂੰ ਲੈ ਕੇ ਗਾਲ੍ਹੋ-ਗਾਲ੍ਹੀ ਤੇ ਫਿਰ ਗੋਲਿਓ–ਗੋਲੀ ਹੋ ਜਾਂਦੇ ਹਨ। ਉਹ ਇੱਕ-ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ ਬੱਸ ਅਸਹਿਣਸ਼ੀਲਤਾ ਘੱਟ ਹੋਣ ਕਰਕੇ  ਨੁਕਸਾਨ ਕਰ ਬੈਠਦੇ ਹਨ। ਫਿਰ ਸਾਰੀ ਉਮਰ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਤੇ ਪਛਤਾਉਂਦੇ ਹੀ ਰਹਿੰਦੇ ਹਨ।

ਬੱਚੇ ਉਸ ਨੂੰ ਆਪਣੀ ਬੇਇੱਜਤੀ ਸਮਝਣ ਲੱਗ ਪੈਂਦੇ ਹਨ

ਜਦੋਂ ਕਿ ਸਮਾਂ ਲੰਘ ਚੁੱਕਾ ਹੁੰਦੈ ਫਿਰ ਹੋਰ ਅੱਗੇ ਚੱਲ੍ਹ ਪਈਏ ਤਾਂ ਮਾਪਿਆਂ ਤੋਂ ਅਗਲਾ ਕੰਮ ਸ਼ੁਰੂ ਹੁੰਦਾ ਹੈ ਕਿ ਬੱਚਿਆਂ ਨੂੰ ਹਰ ਪੱਖ ਤੋਂ ਵੇਖਣਾ। ਪਰ ਕਦੀ–ਕਦੀ ਮਾਪਿਆਂ ਨੂੰ ਕਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਉਹ ਬੱਚਿਆਂ ਨੂੰ ਸਮਝਾਉਂਦੇ ਹਨ। ਪਰ ਬੱਚੇ ਉਸ ਨੂੰ ਆਪਣੀ ਬੇਇੱਜਤੀ ਸਮਝਣ ਲੱਗ ਪੈਂਦੇ ਹਨ। ਕਈ ਵਾਰ ਵੇਖਣ-ਸੁਣਨ ‘ਚ ਆਇਆ ਕਿ ਬੱਚੇ ਇੰਨਾ ਵੱਡਾ ਗਲਤ ਕਦਮ ਪੁੱਟ ਲੈਂਦੇ ਹਨ ਕਿ ਜੋ ਜਿੰਦਗੀ ਦੀ ਲੀਲ੍ਹਾ ਹੀ ਖਤਮ ਕਰ ਲੈਂਦੇ ਹਨ। ਮਾਂ-ਪਿਓ ਤੋਂ ਬਾਅਦ ਬੱਚਿਆਂ ਨੂੰ ਅਧਿਆਪਕਾਂ ਕੋਲ ਸਿੱਖਿਆ ਲੈਣ ਲਈ ਭੇਜਣਾ ਪੈਂਦਾ ਹੈ।

ਅਧਿਆਪਕ ਦਾ ਕੰਮ ਹੁੰਦੈ ਬੱਚਿਆਂ ਨੂੰ ਸਿੱਖਿਆ ਦੇਣੀ ਭਾਵੇਂ ਦੁਨਿਆਵੀ ਹੋਵੇ ਜਾਂ ਕਿਤਾਬੀ ਪਰ ਥੋੜ੍ਹਾ ਜਿਹਾ ਹੀ ਅਧਿਆਪਕ ਨੇ ਪੜ੍ਹਾਉਂਦਿਆਂ ਜਾਂ ਸਿੱਖਿਆ ਦੇਣ ਦੌਰਾਨ ਥੋੜ੍ਹਾ ਬਹੁਤਾ ਘੂਰਿਆ ਜਾਂ ਕਿਹਾ ਤਾਂ ਬੱਚੇ ਖੁਦਕੁਸ਼ੀ ਤੱਕ ਦਾ ਰਾਹ ਫੜ੍ਹ ਲੈਂਦੇ ਹਨ। ਕਈ ਤੇ ਬੱਚੇ ਇਹੋ-ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਨਿਆਣੀ ਉਮਰ ਵਿੱਚ ਇਹ ਵੀ ਨਹੀਂ ਪਤਾ ਹੁੰਦਾ ਕਿ ਮੌਤ ਕੀ ਹੁੰਦੀ ਹੈ ਪਰ ਅਸਹਿਣਸ਼ੀਲਤਾ ਦੀ ਘਾਟ ਕਾਰਨ ਉਹ ਇਸ ਰੰਗਲੀ ਦੁਨੀਆ ਨੂੰ ਵੀ ਛੱਡ ਜਾਂਦੇ ਹਨ।

ਅਕਸਰ ਪੈਲਸਾਂ ‘ਚ ਵਿਆਹ ਸ਼ਾਦੀਆਂ ਦੌਰਾਨ ਲੋਕ ਇੱਕ-ਦੂਜੇ ਦੀਆਂ ਗੱਲਾਂ ਨੂੰ ਲੈ ਕੇ ਭੜਕ ਪੈਂਦੇ ਹਨ ਰਸ ‘ਚ ਬੇਰਸੀ ਕਰ ਦਿੰਦੇ ਹਨ। ਹੋਰ ਤਾਂ ਹੋਰ ਕੋਈ ਕਹਿੰਦਾ ਹੈ ਡੀ.ਜੇ. ‘ਤੇ ਗਾਣਾ ਮੇਰੀ ਪਸੰਦ ਦਾ ਚੱਲਣਾ ਚਾਹੀਦਾ ਹੈ। ਕੋਈ ਕਹਿੰਦੈ ਗੀਤ ਸਾਡੀ ਪਸੰਦ ਦੇ ਲੱਗਣੇ ਚਾਹੀਦੇ ਹਨ। ਬੱਸ ਉੱਥੇ ਹੀ ਬਹਿਸ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਗੋਲੀ ਚੱਲ ਜਾਂਦੀ ਹੈ ਤੇ ਕਈ ਆਰਕੈਸਟਰਾ ਵਾਲੀਆਂ ਕੁੜੀਆਂ ਵੀ ਮਾਰੀਆਂ ਗਈਆਂ ਤੇ ਕਈ ਰਿਸ਼ਤੇਦਾਰ ਵੀ ਮਾਰੇ ਗਏ ਤੁਸੀਂ ਆਮ ਹੀ ਸੁਣਿਆ ਹੋਵੇਗਾ।

ਮਾਪੇ ਬੱਚਿਆਂ ਦਾ ਵਿਆਹ ਖੁਸ਼ੀਆਂ ਨਾਲ ਖੁੱਲ੍ਹਾ ਖਰਚ ਕਰਕੇ ਕਰਦੇ ਹਨ

ਮਾਪੇ ਬੱਚਿਆਂ ਦਾ ਵਿਆਹ ਖੁਸ਼ੀਆਂ ਨਾਲ ਖੁੱਲ੍ਹਾ ਖਰਚ ਕਰਕੇ ਕਰਦੇ ਹਨ। ਪਰ ਬੱਚਿਆਂ ‘ਚ ਨਿੱਕੀਆਂ–ਨਿੱਕੀਆਂ ਗੱਲਾਂ ਨੂੰ ਲੈ ਕੇ ਵਿਆਹ ਤੋਂ ਬਾਅਦ ਇੰਨੀ ਤਲਖੀ ਵਧ ਜਾਂਦੀ ਹੈ ਕਿ ਇੱਕ-ਦੂਜੇ ਦੀ ਗੱਲ ਹੀ ਨਹੀਂ ਸਹਾਰਦੇ ਤੇ ਗੱਲ ਤਲਾਕਾਂ ਤੱਕ ਪਹੁੰਚ ਜਾਂਦੀ ਹੈ। ਆਮ ਕਿੰਨੀਆਂ ਹੀ ਕਚਹਿਰੀਆਂ ਵਿੱਚ ਇਹ ਵੇਖਣ ਨੂੰ ਮਿਲਦਾ ਹੈ ਤੇ ਕਚਹਿਰੀਆਂ ਤਲਾਕਾਂ ਵਾਲੀਆਂ ਜੋੜੀਆਂ ਨਾਲ ਭਰੀਆਂ ਨਜਰ ਆਉਂਦੀਆਂ ਹਨ। ਇਹ ਕੀ ਹੈ, ਬੱਸ ਅਸਹਿਣਸ਼ੀਲਤਾ ਦੀ ਘਾਟ ਦੀਆਂ ਨਿਸ਼ਾਨੀਆਂ ਹਨ।

ਜੇ ਇਸ ਤੋਂ ਹੋਰ ਥੋੜ੍ਹਾ ਜਿਹਾ Àੁੱਪਰ ਝਾਤੀ ਮਾਰੀਏ ਤਾਂ ਸੰਸਦ ਵਿੱਚ ਕੁਰਸੀਆਂ ਮਾਰਦੇ ਹੋਏ ਸਾਡੇ ਚੁਣੇ ਹੋਏ ਨੁਮਾਇੰਦੇ ਦਿਸਦੇ ਹਨ। ਸੰਸਦ ਵਿੱਚ ਗਾਲੀ–ਗਲੋਚ ਤੇ ਮਾਰ-ਕੁਟਾਈ ਇਹ ਕੀ ਹੈ ਸਭ ਅਸਹਿਣਸ਼ੀਲਤਾ। ਇੱਕ-ਦੂਜੇ ਦੀ ਗੱਲ ਨਾ ਸੁਣਨੀ ਤੇ ਨਾ ਮੰਨਣੀ।

ਕਿਸੇ ਕਾਰਨ ਕਰਕੇ ਕੋਈ ਹਾਦਸਾ ਵਾਪਰ ਜਾਵੇ

ਕਈ ਵਾਰ ਵੇਖਿਆ ਹੋਵੇਗਾ ਕਿ ਕਿਸੇ ਕਾਰਨ ਕਰਕੇ ਕੋਈ ਹਾਦਸਾ ਵਾਪਰ ਜਾਵੇ ਤਾਂ ਲੋਕ ਜਖਮੀਆਂ ਨੂੰ ਤਾਂ ਚੁੱਕਦੇ ਨਹੀਂ ਪਰ ਡਰਾਇਵਰਾਂ ਨੂੰ ਜਰੂਰ ਕੁੱਟਣ ਲੱਗ ਜਾਂਦੇ ਹਨ। ਗੱਡੀਆਂ ਨੂੰ ਅੱਗ ਦੇ ਹਵਾਲੇ ਕਰਨਾ ਆਮ ਜਿਹੀ ਗੱਲ ਬਣ ਗਈ ਹੈ। ਜੇ ਕੋਈ ਹਸਪਤਾਲ ਵਿੱਚ ਰੋਗੀ ਭਾਵੇਂ ਕਿਸੇ ਵੀ ਬਿਮਾਰੀ ਕਾਰਨ ਮਰ ਜਾਵੇ ਤਾਂ ਲੋਕ ਉਹਨਾਂ ਦੇ ਪਰਿਵਾਰ ਨੂੰ ਹੌਂਸਲਾ ਦੇਣ ਦੀ ਬਜਾਏ ਹਸਪਤਾਲ ਤੋੜ ਦਿੰਦੇ ਹਨ। ਡਾਕਟਰਾਂ ਤੇ ਹੋਰ ਕਰਮਚਾਰੀਆਂ ਨਾਲ ਮਾਰ-ਕੁਟਾਈ ਕਰਨ ‘ਤੇ ਉੱਤਰ ਪੈਂਦੇ ਹਨ।

ਹੋਰ ਪਤਾ ਨਹੀਂ ਕੀ–ਕੀ ਕਰ ਦਿੰਦੇ ਹਨ।   ਸਮਾਜ ਲਈ ਇਹੋ-ਜਿਹਾ ਮਾਹੌਲ ਸਿਰਜਣਾ, ਛੋਟੀਆਂ ਗੱਲਾਂ ਵਿੱਚ ਉਲਝਾਈ ਰੱਖਣਾ। ਇਸ ਪ੍ਰਤੀ ਲੋਕਾਂ ਨੂੰ ਵਧੇਰੇ ਚੌਕੰਨਾ ਹੋਣ ਦੀ ਲੋੜ ਹੈ। ਹਰ ਮਾਮਲੇ ਨੂੰ ਅਰਾਮ ਨਾਲ ਵਿਚਾਰ ਕੇ ਵੀ ਹੱਲ ਕੀਤਾ ਜਾ ਸਕਦਾ ਹੈ। ਹਰ ਮਸਲਾ ਅਸਲੇ ਨਾਲ ਹੱਲ ਨਹੀਂ ਹੁੰਦਾ ਹੋਰ ਵੀ ਕਈ ਪੱਖ ਹਨ ਜਿਨ੍ਹਾਂ ਨੂੰ ਲੈ ਕੇ ਛੋਟੀਆਂ-ਮੋਟੀਆਂ ਜਿੰਦਗੀ ਵਿੱਚ ਆਈਆਂ ਔਕੜਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇ ਲੋਕਾਂ ਦਾ ਸੁਭਾਅ ਇਸੇ ਤਰ੍ਹਾਂ ਹੀ ਰੁੱਖਾ ਤੇ ਖਰ੍ਹਵਾ ਹੁੰਦਾ ਰਿਹਾ ਤਾਂ ਅਸਹਿਣਸ਼ੀਲਤਾ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਸਿੱਧ ਹੋਵੇਗੀ। ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ।

 ਜਸਵਿੰਦਰ ਸਿੰਘ ਭੁਲੇਰੀਆ

ਮਮਦੋਟ (ਫਿਰੋਜਪੁਰ)  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ