ਮਜ਼ਦੂਰਾਂ ਨੇ ਥਾਣੇ ਮੂਹਰੇ ਦਿੱਤਾ ਧਰਨਾ

Laborers,  Police station, Front

ਸੜਕ ਹਾਦਸੇ ‘ਚ ਜ਼ਖਮੀ ਹੋਣ ਉਪਰੰਤ ਫੌਤ ਹੋਏ ਮਜ਼ਦੂਰ ਕਾਰਨ ਰੋਹ ‘ਚ ਆਏ ਮਜ਼ਦੂਰ ਸਾਥੀ

ਵਿਜੈ ਸਿੰਗਲਾ/ਭਵਾਨੀਗੜ੍ਹ। ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜਖਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ ਭਵਾਨੀਗੜ੍ਹ ਦੇ ਮੁੱਖ ਗੇਟ ਅੱਗੇ ਲਗਾਇਆ ਧਰਨਾ 24 ਘੰਟੇ ਬੀਤ ਜਾਣ ‘ਤੇ ਵੀ ਜਾਰੀ ਰਿਹਾ।ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਮਜਦੂਰ ਸਾਰੀ ਰਾਤ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।

ਧਰਨਾਕਾਰੀ ਮੰਗ ਕਰ ਰਹੇ ਹਨ ਕਿ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।ਅੱਜ ਦੂਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਨਪ੍ਰੀਤ ਸਿੰਘ ਭੱਟੀਵਾਲ, ਟਰੇਡ ਯੂਨੀਅਨ ਆਗੂ ਕ੍ਰਿਸਨ ਸਿੰਘ ਭੜੋ, ਘੁਮੰਡ ਸਿੰਘ ਉਗਰਾਹਾਂ, ਦਲਜੀਤ ਸਿੰਘ ਅਤੇ ਅਮਰ ਸਿੰਘ ਰੇਤਗੜ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਕਾਨੂੰਨ ਲਾਗੂ ਹੋ ਚੁੱਕਾ ਹੈ।

ਜਿਸ ਕਾਰਨ ਇੱਥੇ ਕਿਸੇ ਵੀ ਮਜਲੂਮ ਦੀ ਸੁਣਵਾਈ ਨਹੀਂ ਹੋ ਰਹੀ। ਬੁਲਾਰਿਆਂ ਨੇ ਦੱਸਿਆ ਕਿ ਬੀਤੀ 8 ਨਵੰਬਰ ਨੂੰ ਪਿੰਡ ਰੇਤਗੜ ਦੇ ਦਲਿਤ ਨੌਜਵਾਨ ਸਤਨਾਮ ਸਿੰਘ, ਲੱਖੀ ਸਿੰਘ ਅਤੇ ਬੱਬੂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਫੱਗੂਵਾਲਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਤੇਜ ਰਫਤਾਰ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ। ਇਸ ਵਿਚ ਸਤਨਾਮ ਸਿੰਘ ਗੰਭੀਰ ਜਖਮੀ ਹੋ ਗਿਆ ਸੀ, ਜਿਸ ਨੂੰ ਪੀਜੀਆਈ ਵਿਚ ਦਾਖਲ ਕਰਵਾਉਣਾ ਪਿਆ। ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ ।ਪਰ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ, ਜਿਸ ਕਾਰਨ ਬੀਤੀ ਸ਼ਾਮ ਨੂੰ ਥਾਣੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਜੋ ਕਿ ਲਗਾਤਾਰ ਜਾਰੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਨਵੰਬਰ ਤੋਂ ਡੀਐੱਸਪੀ ਭਵਾਨੀਗੜ ਦੇ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।ਸਾਰੀ ਰਾਤ ਥਾਣੇ ਅੱਗੇ ਧਰਨੇ  ਵਿਚ ਸ਼ਾਮਲ ਮ੍ਰਿਤਕ ਸਤਨਾਮ ਸਿੰਘ ਦੇ ਪਿਤਾ ਲਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਤਾੜਨਾ ਕੀਤੀ ਕਿ ਜਦੋਂ ਤੱਕ ਦੋਸੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਨਹੀਂ ਹੁੰਦਾ, ਉਸ ਸਮੇਂ ਤੱਕ ਉਹ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।

ਇਸ ਮੌਕੇ ਬੀਰਬਲ ਲੇਹਲ ਕਲਾਂ, ਫੱਲੜ ਸਿੰਘ ਲੱਡਾ, ਲਾਲ ਸਿੰਘ, ਪ੍ਰੇਮ ਸਿੰਘ, ਲਾਭ ਕੌਰ, ਗੁਰਵਿੰਦਰ ਕੌਰ, ਹਰਬੰਸ ਕੌਰ ਅਤੇ ਹਰਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਲੋਕ ਹਾਜਰ ਸਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਪੁਲੀਸ ਨੇ ਸੜਕ ਹਾਦਸੇ ਸਬੰਧੀ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਅਤੇ ਹੁਣ ਪੀੜਤ ਪਰਿਵਾਰ ਦੇ ਬਿਆਨ ‘ਤੇ ਟ੍ਰੈਕਟਰ ਚਾਲਕ ਦਾ ਨਾਂਅ ਵੀ ਪਰਚੇ ਵਿੱਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।