ਕੈਪਟਨ ਦੇ ਗੜ੍ਹ ’ਚ ਹੀ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਵਰ੍ਹੇ

ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੋਦੀ ’ਚ ਜਾ ਬੈਠੇ

  • ਹਰੀਸ ਚੌਧਰੀ, ਲਾਲ ਸਿੰਘ, ਸਾਧੂ ਸਿੰਘ ਧਰਮਸੌਤ ਸਮੇਤ ਵਿਧਾਇਕਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ’ਚ ਅੱਜ ਇਕੱਠੇ ਹੋਏ ਕਾਂਗਰਸ ਦੇ ਦਿੱਗਜ ਆਗੁੂਆਂ ਵੱਲੋਂ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਭੜਾਸ ਕੱਢੀ ਗਈ। ਇੱਥੋਂ ਤੱਕ ਕਿ ਜ਼ਿਲ੍ਹੇ ਦੇ ਜਿਹੜੇ ਆਗੂ ਕਦੇ ਅਮਰਿੰਦਰ ਸਿੰਘ ਦੀ ਹਾਂ ਨਾਲ ਹਾਂ ਮਿਲਾਉਂਦੇ ਸਨ, ਅੱਜ ਉਨ੍ਹਾਂ ਵੱਲੋਂ ਵੀ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਅਮਰ ਵੇਲ ਕਰਾਰ ਦੇ ਦਿੱਤਾ। ਕਾਂਗਰਸ ਹਾਈਕਮਾਂਡ ਕੈਪਟਨ ਦੇ ਜ਼ਿਲ੍ਹੇ ’ਚ ਆਪਣਾ ਅਸਰ ਰਸੂਖ ਬਣਾਈ ਰੱਖਣ ਲਈ ਹਰ ਦਾਅ ਲਾ ਰਹੀ ਹੈ ਤਾ ਜੋਂ ਅਮਰਿੰਦਰ ਸਿੰਘ ਨੂੰ ਉਸਦੇ ਜ਼ਿਲ੍ਹੇ ਅੰਦਰ ਅਲੱਗ ਥਲੱਗ ਕੀਤਾ ਜਾ ਸਕੇ।

ਜਾਣਕਾਰੀ ਅਨੁਸਾਰ ਅੱਜ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਹਰੀਸ ਚੌਧਰੀ, ਪੰਜਾਬ ਕਾਂਗਰਸ ਦੇ ਸਹਿ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਕੈਬਨਿਟ ਮੰਤਰੀ ਅਤੇ ਪਟਿਆਲਾ ਇੰਚਾਰਜ ਰਾਜ ਕੁਮਾਰ ਵੇਰਕਾ ਸਮੇਤ ਪਟਿਆਲਾ ਜਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਸਮੇਤ ਹੋਰ ਵੱਡੇ ਛੋਟੇ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਕਾਂਗਰਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਹਰੀਸ ਚੌਧਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਤੇ ਪੰਜਾਬੀਅਤ ਨੇ ਹਮੇਸ਼ਾ ਹੀ ਹਿੱਤਾਂ ਦੀ ਲੜਾਈ ਲੜੀ ਹੈ।

ਉਨ੍ਹਾਂ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪਟਿਆਲਾ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਲੋਕਾਂ ਦਾ ਗੜ੍ਹ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ, ਉਸ ਨੇ ਪੰਜਾਬ ਨਾਲ ਧੋਖਾ ਕਰਦਿਆ ਭਾਰਤੀ ਜਨਤਾ ਪਾਰਟੀ ਨਾਲ ਰੱਲਦਿਆ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੋਦੀ ’ਚ ਜਾ ਬੈਠਿਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਜੋਂ ਪਾਰਟੀ ਬਣਾਈ ਜਾ ਰਹੀ ਹੈ, ਉਨ੍ਹਾਂ ਦਾ ਸਿੰਗਲ ਏਜੰਡਾ ਕਾਂਗਰਸ ਨੂੰ ਹਰਾਉਣਾ ਹੈ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਪੰਜਾਬ ਵਿਰੋਧੀ ਏਜੰਡੇ ਨੂੰ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਚ ਕਾਮਯਾਬ ਨਹੀਂ ਹੋਣ ਦੇਣਗੇ ਅਤੇ 2022 ਦਾ ਚੋਣ ਨਤੀਜਾ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਕਰ ਦੇਵੇਗਾ।

ਪੱਤਰਕਾਰਾਂ ਨਾਲ ਗੱਲ ਕਰਦਿਆ ਚੌਧਰੀ ਨੇ ਕਿਹਾ ਕਿ ਅੱਜ ਦੀ ਬੈਠਕ ਦਾ ਮਕਸਦ ਸਿਰਫ ਆਗੂਆਂ ਤੇ ਵਰਕਰਾਂ ਦੀ ਗੱਲ ਸੁਣਨਾ ਹੈ। ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਇਸ ਮੀਟਿੰਗ ਵਿੱਚ ਨਾ ਪੁੱਜਣ ਦੇ ਸਵਾਲ ਤੇ ਚੌਧਰੀ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਆਗੂ ਤੇ ਵਰਕਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮੰਡੀ ਬੋਰਡ ਦੇ ਚੇਅਰਮੈਨ ਤੇ ਕੈਪਟਨ ਦੇ ਕਰੀਬੀ ਰਹੇ ਲਾਲ ਸਿੰਘ ਨੇ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ 4 ਸਾਲਾਂ ਦੌਰਾਨ ਵਰਕਰ ਤਾਂ ਬਹੁਤ ਦੂਰ ਦੀ ਗੱਲ ਉਹ ਵਿਧਾਇਕਾਂ ਨੂੰ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰ ਵੇਲ ਦੀ ਤਰ੍ਹਾਂ ਕਾਂਗਰਸ ਦੇ ਭਾਰੂ ਪੈ ਗਏ, ਉਨ੍ਹਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਦਕਿ ਕਾਂਗਰਸ ਨੂੰ ਕਮਜੋਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਤਾ ਕੈਪਟਨ ਅਮਿਤ ਸਾਹ ਤੋਂ ਲੱਡੂ ਖਾ ਰਿਹਾ ਹੈ, ਪਰ ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀ, ਕਾਂਗਰਸ ਨੂੰ ਪਹਿਲਾ ਨਾਲੋਂ ਵੀ ਜਿਆਦਾ ਮਜ਼ਬੂਤ ਕਰਨਗੇ। ਲਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਸਲਾਘਾ ਕਰਦਿਆਂ ਕਿਹਾ ਕਿ ਜੇਕਰ ਚੰਨੀ ਪਹਿਲਾਂ ਮੁੱਖ ਮੰਤਰੀ ਹੁੰਦੇ ਤਾਂ ਅੱਜ ਪੰਜਾਬ ਦਾ ਨਕਸ਼ਾ ਹੋਰ ਹੋਣਾ ਸੀ।

ਇਸ ਦੌਰਾਨ ਕੈਪਟਨ ਦੇ ਨੇੜਲੇ ਸਾਧੂ ਸਿੰਘ ਧਰਮਸੌਤ ਨੇ ਵੀ ਕਾਂਗਰਸ ਨਾਲ ਖੜ੍ਹਨ ਦੀ ਗੱਲ ਕੀਤੀ ਅਤੇ ਕਿਹਾ ਕਿ ਕੈਪਟਨ ਦਾ ਕੋਈ ਵਜ਼ੂਦ ਨਹੀਂ ਹੈ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੋਤੀ ਮਹਿਲਾ ’ਚ ਕਿਸੇ ਦੀ ਪੁੱਛ ਪ੍ਰਤੀਤ ਨਹੀਂ ਸੀ ਅਤੇ ਉਨ੍ਹਾਂ ਦੇ ਓਐਸਡੀ ਸਮੇਤ ਰਿਸਤੇਦਾਰ ਹੀ ਸਰਕਾਰ ਚਲਾ ਰਹੇ ਸਨ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਪਾਰਟੀ ਨਾਲ ਹਨ ਅਤੇ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੈ। ਇਸ ਦੌਰਾਨ ਮੀਤ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੂਰੀ ਕਾਂਗਰਸ ਇੱਕਜੁੱਟ ਹੈ ਅਤੇ ਆ ਰਹੀਆਂ ਚੋਣਾਂ ਵਿੱਚ ਕਾਂਗਰਸ ਵਿਕਾਸ ਕੰਮਾਂ ਦੇ ਨਾਮ ਤੇ ਚੋਣਾਂ ਲੜੇਗੀ। ਇਸ ਮੌਕੇ ਸੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮਹਿਤ ਮਹਿੰਦਰਾ, ਚੈਅਰਪਰਸ਼ਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਸਮੇਤ ਜ਼ਿਲ੍ਹੇ ਦੇ ਕਾਂਗਰਸੀ ਮੌਜ਼ੂਦ ਸਨ। ਪ੍ਰੋਗਰਾਮ ਦੌਰਾਨ ਪੱਕੇ ਮੋਰਚੇ ’ਤੇ ਬੈਠੇ ਕੋਰੋਨਾ ਵਲੰਟੀਅਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਰਾਜ ਕੁਮਾਰ ਵੇਰਕਾ ਨੂੰ ਮੰਗ ਪੱਤਰ ਸੌਂਪਿਆ।

ਪਰਨੀਤ ਕੌਰ ਸਮੇਤ ਕੈਪਟਨ ਧੜੇ ਦੇ ਕਈ ਆਗੂ ਰਹੇ ਗੈਰ-ਹਾਜ਼ਰ

ਅੱਜ ਦੀ ਮੀਟਿੰਗ ਵਿੱਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੀਆਰਟੀਸੀ ਦੇ ਚੇਅਰਮੈਂਨ ਕੇ.ਕੇ. ਸ਼ਰਮਾ, ਪਟਿਆਲਾ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਆਦਿ ਆਗੂ ਨਹੀਂ ਪੁੱਜੇ। ਪਰਨੀਤ ਕੌਰ ਪਟਿਆਲਾ ’ਚ ਹੀ ਮੌਜੂਦ ਸਨ, ਪਰ ਫਿਰ ਵੀ ਉਹ ਮੀਟਿੰਗ ’ਚ ਨਾ ਪੁੱਜੇ। ਇਸ ਤੋਂ ਇਲਾਵਾ ਕਈ ਕੌਸਲਰ ਵੀ ਮੀਟਿੰਗ ਤੋਂ ਨਦਾਰਦ ਰਹੇ। ਇੱਧਰ ਪਟਿਆਲਾ ਦੇ ਮੇਅਰ ਸਮੇਤ ਕੈਪਟਨ ਧੜ੍ਹੇ ਦੇ ਕਈ ਆਗੂਆਂ ਨੂੰ ਅਹੁਦਿਆ ਤੋਂ ਛਾਂਗਣ ਦੀ ਚਰਚਾ ਵੀ ਭਾਰੂ ਰਹੀ।

ਵੇਰਕਾ ਪਟਿਆਲਾ ’ਚ ਬੈਠਣਗੇ ਹਫ਼ਤੇ ’ਚ ਦੋ ਦਿਨ

ਇਸ ਮੌਕੇ ਜ਼ਿਲ੍ਹਾ ਪਟਿਆਲਾ ਇੰਚਾਰਜ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਹਫ਼ਤੇ ਵਿੱਚ ਘੱਟੋ ਘੱਟ 2 ਦਿਨ ਸਰਕਟ ਹਾਊਸ ਵਿੱਚ ਬੈਠਣਗੇ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹਰ ਗੱਲ ਦੀ ਸੁਣਵਾਈ ਕਰਨਗੇ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੰਗੇ ਫੈਸਲੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਲਏ ਹਨ ਜੋ ਲੋਕ ਹਿਤੈਸ਼ੀ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸੁਣੀ ਜਾਵੇਗੀ ਅਤੇ ਹੁਣ ਚਿੜੀ ਵੀ ਚੂੰ ਨਹੀਂ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ