ਇੰਡਸਟ੍ਰੀ ਨੂੰ ਗਰਮੀ ’ਚ ਕਰਨਾ ਪੈ ਸਕਦੈ ਬਿਜਲੀ ਕਿੱਲਤ ਦਾ ਸਾਹਮਣਾ!

Industry

ਕਹਿੰਦੇ ਨੇ ਕਿਸੇ ਸ਼ੁੱਭ-ਅਸ਼ੁੱਭ ਦਾ ਸੰਕੇਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ, ਬੇਸ਼ੱਕ ਉਹ ਕਿਸੇ ਵੀ ਤਰੀਕੇ ਮਿਲੇ, ਸਿੱਧੇ ਜਾਂ ਅਸਿੱਧੇ। ਅਜਿਹਾ ਹੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਇੰਡਸਟ੍ਰੀ ਨਾਲ। ਸਰਕਾਰਾਂ ਆਪਣੀ ਕਾਰਜਸ਼ੈਲੀ ਨੂੰ ਪ੍ਰਪੱਕ ਦਰਸਾਉਣ ਲਈ ਨਿੱਤ ਨਵਾਂ ਬਿਆਨ ਦੇ ਕੇ ਲੋਕਾਂ ਸਾਹਮਣੇ ਆਪਣੀ ਕਾਰਜਸ਼ੈਲੀ ਨੂੰ ਸਹੀ ਸਾਬਤ ਕਰਨ ਦਾ ਯਤਨ ਕਰਦੀਆਂ ਹਨ। ਪਰ ਕਿਤੇ ਨਾ ਕਿਤੇ ਉਹ ਅਜਿਹਾ ਸੰਕੇਤ ਦੇ ਜਾਂਦੀਆਂ ਹਨ, ਜਿਸ ਤੋਂ ਆਉਣ ਵਾਲੇ ਦਿਨਾਂ ਵਿੱਚ ਸ਼ੁੱਭ-ਅਸ਼ੱੁਭ ਦਾ ਸੰਕੇਤ ਮਿਲ ਹੀ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਸਾਡੀਆਂ ਸਰਕਾਰਾਂ ਨੇ ਅਕਸਰ ਹੀ ਇਹੋ-ਜਿਹੇ ਸੰਕੇਤ ਜਨਤਾ ਨੂੰ ਦਿੱਤੇ ਤੇ ਜਿਨ੍ਹਾਂ ਦਾ ਅਸਰ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇੱਕ ਵੱਡੇ ਵਰਗ ’ਤੇ ਨਜ਼ਰ ਆਇਆ। (Industry)

ਪੰਜਾਬ ਵਿੱਚ 2005 ਤੋਂ ਹੀ ਨਵਾਂ ਰਾਜਨੀਤਿਕ ਬਦਲਾਅ ਲਿਆਉਣ ਦੀ ਗੱਲ ਸ਼ੁਰੂ ਹੋ ਗਈ ਸੀ। ਜਿਸ ਲਈ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਬੜੀ ਜੱਦੋ-ਜਹਿਦ ਕਰਦੀ ਰਹੀ ਤੇ ਆਖੀਰ 2022 ਵਿੱਚ ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਆਸ ਦੀ ਕਿਰਨ ਦੇ ਰੂਪ ਵਿੱਚ ਦੇਖਦੇ ਹੋਏ ਭਾਰੀ ਬਹੁਮਤ ਨਾਲ ਜਿਤਾਇਆ। ਇੱਥੇ ਇਹ ਕਹਿਣਾ ਸਹੀ ਰਹੇਗਾ ਕਿ ਲੋਕਾਂ ਲਈ ਭਾਵੇਂ ਬਦਲਾਅ ਇੱਕ ਸੁਫ਼ਨਾ ਹੀ ਰਿਹਾ ਪਰ ਨਵੇਂ ਬਣੇ 92 ਵਿਧਾਇਕਾਂ ਦਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਸੁਪਨਾ ਜਰੂਰ ਉਨ੍ਹਾਂ ਲਈ ਬਦਲਾਅ ਲੈ ਕੇ ਆਇਆ। ਨਵੀਂ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਚੋਣ ਪ੍ਰਚਾਰ ਦੌਰਾਨ ਜਨਤਾ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਵੱਲ ਕਦਮ ਵਧਾਉਣ ਦਾ ਦਾਅਵਾ ਤਾਂ ਕੀਤਾ, ਪਰ ਸਰਕਾਰ ਬਣੀ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਦਾਅਵੇ ਕਾਗਜੀ ਦਾਅਵੇ ਹੀ ਸਾਬਤ ਹੋਏ।

ਠੋਸ ਕਦਮ ਨਹੀਂ ਦਿੰਦਾ ਦਿਖਾਈ | Industry

ਜਨਤਾ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਸਰਕਾਰ ਨੇ ਇੰਡਸਟ੍ਰੀ ਨੂੰ ਪ੍ਰਫੁੱਲਤ ਕਰਨ ਬਾਰੇ ਕੀਤੇ ਦਾਅਵਿਆਂ ਨੂੰ ਪੂਰਾ ਕਰਨ ਵੱਲ ਹੁਣ ਤੱਕ ਕੋਈ ਠੋਸ ਕਦਮ ਚੁੱਕਿਆ ਹੋਵੇ, ਅਜਿਹਾ ਤਾਂ ਕਿਧਰੇ ਦਿਖਾਈ ਨਹੀਂ ਦਿੰਦਾ। ਉਲਟਾ ਕੋਵਿਡ ਦੌਰਾਨ ਵੱਡੇ ਘਾਟੇ ਵਿੱਚ ਗਈ ਇੰਡਸਟ੍ਰੀ ਨੂੰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੇ ਵੀ ਉੱਪਰ ਨਹੀਂ ੳੱੁਠਣ ਦਿੱਤਾ ਤੇ ਹੁਣ ਇਸ ਨੂੰ ਨਵਾਂ ਝਟਕਾ ਲੱਗਣ ਜਾ ਰਿਹਾ ਹੈ। ਇਹ ਝਟਕਾ ਬਿਜਲੀ ਦੇ ਕਰੰਟ ਵਾਂਗ ਬਿਜਲੀ ਦੀ ਕਮੀ ਦੇ ਰੂਪ ਵਿੱਚ ਲੱਗਣ ਵਾਲਾ ਹੈ, ਜਿਸ ਦਾ ਸੰਕੇਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਜਲੀ ਦੀ ਬੱਚਤ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵੱਡੇ ਫੈਸਲੇ ਤੋਂ ਮਿਲਦਾ ਹੈ।

ਜਿਸ ਵਿੱਚ ਉਨ੍ਹਾਂ ਵੱਲੋਂ 2 ਮਈ ਤੋਂ ਸਰਕਾਰੀ ਦਫ਼ਤਰ ਸਵੇਰੇ ਸਾਢੇ ਸੱਤ ਵਜੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਅਕਸਰ ਉਦੋਂ ਹੀ ਹੁੰਦਾ ਹੈ ਜਦੋਂ ਸੂਬੇ ਵਿੱਚ ਬਿਜਲੀ ਦਾ ਸੰਕਟ ਆਉਣਾ ਹੋਵੇ। ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਕਮੀ ਦੇ ਸੰਭਾਵੀ ਸੰਕਟ ਨਾਲ ਨਿਪਟਣ ਦੀਆਂ ਤਿਆਰੀਆਂ ਦੱਸ ਰਹੀਆਂ ਹਨ ਕਿ ਇੰਡਸਟ੍ਰੀ ਨੂੰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਕਮੀ ਵੱਡਾ ਝਟਕਾ ਦੇਣ ਵਾਲੀ ਹੈ। ਉਤਪਾਦਨ ਘਟਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਦਾ ਵਾਧਾ ਅਤੇ ਸੂਬੇ ਦੀ ਆਰਥਿਕਤਾ ਨੂੰ ਲੱਗਣ ਵਾਲੀ ਢਾਅ ਦਾ ਅੰਦੇਸ਼ਾ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਸਰਕਾਰੀ ਸੂਤਰ ਦਫ਼ਤਰਾਂ ਦਾ ਸਮਾਂ ਬਦਲੇ ਜਾਣ ਨਾਲ 300-350 ਮੈਗਾਵਾਟ ਬਿਜਲੀ ਦੀ ਬੱਚਤ ਹੋਣ ਦਾ ਅਨੁਮਾਨ ਲਾਉਂਦੇ ਹਨ ਪਰ ਇਹ ਬੱਚਤ ਇੰਡਸਟ੍ਰੀ ਦੀਆਂ ਲੋੜਾਂ ਸਾਹਮਣੇ ਨਿਗੂਣੀ ਹੈ।

ਸਰਬਜੀਤ ਲੁਧਿਆਣਵੀ, ਮੋ. 98144-12483

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ