ਕਿਸਾਨਾਂ ਲਈ ਵੱਧ ਲਾਹੇਵੰਦ ਨੇ ਪਸ਼ੂਆਂ ਦੀਆਂ ਦੇਸੀ ਨਸਲਾਂ

ਕਿਸਾਨਾਂ ਲਈ ਵੱਧ ਲਾਹੇਵੰਦ ਨੇ ਪਸ਼ੂਆਂ ਦੀਆਂ ਦੇਸੀ ਨਸਲਾਂ

ਦੇਸ਼ ਪੱਧਰ ’ਤੇ ਪਸ਼ੂਆਂ ਦੀਆਂ ਦੇਸੀ ਨਸਲਾਂ ਦੀ ਭਾਲ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਅਜ਼ਾਦੀ ਦੇ 68 ਸਾਲ ਬੀਤ ਜਾਣ ਬਾਅਦ ਸਿਰਫ 20 ਫੀਸਦੀ ਦੇਸੀ ਪਸ਼ੂਆਂ ਦੀਆਂ ਨਸਲਾਂ ਦੀ ਪਹਿਚਾਣ ਕੀਤੀ ਗਈ ਹੈ। ਕੌਮੀ ਅਨੁਵੰਸ਼ਿਕ ਵਸੀਲੇ ਬਿਊਰੋ ਵੱਲੋਂ ਦੇਸੀ ਗਾਵਾਂ ਦੀਆਂ 39 ਤੇ ਮੱਝਾਂ ਦੀਆਂ 13 ਨਸਲਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਜਦੋਂਕਿ 80 ਫੀਸਦੀ ਦੇਸੀ ਪਸ਼ੂਆਂ ਦੀਆਂ ਨਸਲਾਂ ਅਜੇ ਵੀ ਗਾਇਬ ਹਨ। ਸਾਲ 2015 ਤੱਕ ਦੇਸ਼ ਭਰ ’ਚ 19.9 ਕਰੋੜ ਪਸ਼ੂ ਸਨ।

ਜਿਨ੍ਹਾਂ ’ਚੋਂ 16.6 ਕਰੋੜ ਪਸ਼ੂਆਂ ਦੀਆਂ ਦੇਸ਼ੀ ਨਸਲਾਂ ਹਨ। ਸਾਲ 2007 ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 17.61 ਲੱਖ ਗਾਵਾਂ ਅਤੇ 50.03 ਲੱਖ ਮੱਝਾਂ ਸਨ ਤੇ ਪੰਜਾਬ ਦਾ ਦੇਸ਼ ਦੀ ਕੁੱਲ ਦੁੱਧ ਪੈਦਾਵਾਰ ਵਿੱਚ 10 ਫੀਸਦੀ ਦਾ ਯੋਗਦਾਨ ਹੈ। ਪੰਜਾਬ ਵਿੱਚ ਕੁੱਲ ਦੁੱਧ ਉਤਪਾਦਨ 92.73 ਲੱਖ ਟਨ ਦੇ ਕਰੀਬ ਹੈ। ਜਿਸ ’ਚੋਂ 67.46 ਫੀਸਦੀ ਮੱਝਾਂ ਅਤੇ 32 ਫੀਸਦੀ ਗਾਵਾਂ ਤੋਂ ਪ੍ਰਾਪਤ ਹੁੰਦਾ ਹੈ।

ਗੁਣਵੱਤਾਪੂਰਨ ਦੁੱਧ:

ਭਾਵੇਂ ਦੇਸੀ ਨਸਲਾਂ ਦੁੱਧ ਦੀ ਪੈਦਾਵਾਰ ਘੱਟ ਦਿੰਦਿਆਂ ਹਨ ਪਰ ਉਨ੍ਹਾਂ ਦੇ ਦੁੱਧ ’ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਹੁੰਦੀ ਹੈ। ਇੱਥੋਂ ਤੱਕ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਰੋਕਣ ਦੀ ਸ਼ਕਤੀ ਦੇਸੀ ਪਸ਼ੂਆਂ ਦੇ ਦੁੱਧ ’ਚ ਹੁੰਦੀ ਹੈ।

ਵਿਗਿਆਨਕ ਤੱਥ:

ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਦੁੱਧ ਦੇਣ ਵਾਲੀਆਂ ਦੋਗਲੀ ਨਸਲ ਦੀਆਂ ਗਾਵਾਂ ’ਤੇ ਗਲੋਬਲ ਵਾਰਮਿੰਗ ਦਾ ਮਾੜਾ ਪ੍ਰਭਾਵ ਪਵੇਗਾ ਅਤੇ ਇਸ ਨਾਲ ਉਹ ਬਹੁਤੀਆਂ ਉਪਯੋਗੀ ਨਹੀਂ ਰਹਿ ਸਕਦੀਆਂ। ਪਰ ਮੌਸਮ ਦਾ ਅਸਰ ਦੇਸੀ ਗਾਂ ’ਤੇ ਨਹੀਂ ਪਵੇਗਾ। ਜਿਸ ਕਰਕੇ ਦੇਸੀ ਗਾਵਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇੱਕ ਪਾਸੇ ਤਾਂ ਵਿਗਿਆਨਕ ਕਹਿ ਰਹੇ ਹਨ ਕਿ ਦੇਸੀ ਗਾਂ ਦੀਆਂ ਨਸਲਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਗਾਂ ਤੋਂ ਬਿਨਾਂ ਦੇਸ਼ ਵਿੱਚ ਦੁੱਧ ਦੀ ਪੈਦਾਵਾਰ ਦਾ ਹੋਰ ਕੋਈ ਸਾਧਨ ਨਜ਼ਰ ਨਹੀਂ ਆ ਰਿਹਾ

ਗਊ ਮਾਸ ’ਤੇ ਲੱਗੇ ਰੋਕ:

ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਟੈਸਟ ਲੈਬ ਹੀ ਨਹੀਂ ਜਿਸ ਵਿੱਚ ਮਾਸ ਟੈਸਟ ਕਰਵਾ ਕੇ ਇਹ ਗੱਲ ਸਾਬਿਤ ਹੋ ਸਕੇ ਕਿ ਇਹ ਮਾਸ ਗਊ ਦਾ ਹੈ। ਰਾਜ ਦੀਆਂ ਥੱਲੇ ਵਾਲੀਆਂ ਅਦਾਲਤਾਂ ਵਿੱਚੋਂ ਗਊ ਮਾਸ ਵੇਚਣ ਦੇ ਅੱਠ ਮਾਮਲੇ ਖਾਰਜ ਹੋ ਚੁੱਕੇ ਸਨ। ਪਸ਼ੂ ਪਾਲਣ ਵਿਭਾਗ ਕੋਲ ਮਾਸ ਦੀ ਜਾਂਚ ਕਰਨ ਵਾਸਤੇ ਲੈਬ ਹੀ ਨਹੀਂ ਹੈ। ਬਰਾਮਦ ਮਾਸ ਦੇ ਨਮੂਨੇ ਕਰਨਾਟਕ ਅਤੇ ਮਥੁਰਾ ਭੇਜੇ ਜਾਂਦੇ ਹਨ।

ਜੇਕਰ ਗਊ ਹੱਤਿਆ ਸਾਬਿਤ ਹੋ ਜਾਵੇ ਤਾਂ ਵੀ ਸਿਰਫ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ ਜਦੋਂ ਕਿ ਉੱਤਰਾਖੰਡ ਸਰਕਾਰ ਨੇ ਸੰਨ 2007 ਵਿੱਚ ਇਹ ਸਜਾ ਵਧਾ ਕੇ 10 ਸਾਲ ਕਰ ਦਿੱਤੀ ਸੀ। ਉੱਤਰਾਖੰਡ ਵਿੱਚ ਪਹਿਲਾਂ ਗਊ ਹੱਤਿਆ ਕਰਨ, ਮਾਸ ਵੇਚਣ ਤੇ ਗਊ ਦੀ ਤਸਕਰੀ ਕਰਨ ਦੇ 600 ਮਾਮਲੇ ਦਰਜ ਸਨ। ਸਜਾ ਵਧਾਏ ਜਾਣ ਤੋਂ ਬਾਅਦ ਸਿਰਫ 12 ਮਾਮਲੇ ਹੀ ਸਾਹਮਣੇ ਆਏ। ਪੰਜਾਬ ਵਿੱਚ ਗਊ ਤਸਕਰੀ ਨਾਲ ਸਬੰਧਤ ਦਰਜ 193 ਮਾਮਲਿਆਂ ’ਚ 356 ਵਿਅਕਤੀ ਸ਼ਾਮਲ ਹਨ। 185 ਦੇ ਕਰੀਬ ਮਾਮਲੇ ਅਜੇ ਵੀ ਬਾਕੀ ਸਨ।

ਦੁੱਧ ਉਤਪਾਦਨ:

ਜੇਕਰ ਅੰਕੜੇ ਵੇਖੇ ਜਾਣ ਤਾਂ ਨੈਸਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁਤਾਬਕ ਸਾਲ 2006-07 ਵਿੱਚ 10.09 ਕਰੋੜ ਟਨ ਦੁੱਧ ਦਾ ਉਤਪਾਦਨ ਕਰਕੇ ਦੁਨੀਆਂ ਭਰ ਵਿੱਚੋਂ ਨੰਬਰ ਇੱਕ ’ਤੇ ਆ ਗਿਆ ਸੀ। ਦੇਸ਼ ਵਿੱਚ ਹਰ ਸਾਲ 5-6 ਪ੍ਰਤੀਸ਼ਤ ਦੀ ਦਰ ਨਾਲ ਦੁੱਧ ਉਤਪਾਦਨ ਵਧ ਰਿਹਾ ਹੈ। ਪਰ ਗਲੋਬਲ ਵਾਰਮਿੰਗ ਇਹ ਪੈਦਾਵਾਰ ਤੇ ਖੁਸ਼ੀ ਜਿਆਦਾ ਸਮਾਂ ਨਹੀਂ ਰਹਿਣ ਦੇਵੇਗੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਦੋਗਲੀ ਕਿਸਮ ਦੀਆਂ ਮੱਝਾਂ-ਗਾਵਾਂ ਦੇ ਆਸਰੇ ਦੁੱਧ ਉਤਪਾਦਨ ਨੂੰ ਲੈ ਕੇੇ ਆਪਣੀ ਪਿੱਠ ਠੋਕ ਰਹੇ ਪੰਜਾਬ, ਹਰਿਆਣਾ, ਗੁਜਰਾਤ ਅਤੇ ਪੱਛਮੀ ਉਤਰ ਪ੍ਰਦੇਸ਼ ਅਤੇ ਪੂਰਾ ਦੇਸ਼ ਕੁਝ ਦਹਾਕਿਆਂ ਬਾਅਦ ਦੁੱਧ ਦੀ ਭਾਰੀ ਘਾਟ ਨਾਲ ਦੋ-ਚਾਰ ਹੋ ਰਹੇ ਹੋਣਗੇ। ਜਿਸ ਕਰਕੇ ਦੇਸੀ ਨਸਲ ਦੇ ਪਸ਼ੂਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਬਹੁਤ ਜਰੂਰੀ ਹੋ ਗਿਆ ਹੈ। ਇਨ੍ਹਾਂ ਨਸਲਾਂ ’ਤੇ ਬਦਲ ਰਹੇ ਮੌਸਮ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ। ਜੇਕਰ ਦੇਸ਼ ਅੰਦਰ ਪਾਏ ਜਾਂਦੇ ਦੇਸ਼ੀ ਨਸਲ ਦੇ ਪਸ਼ੂਆਂ ’ਚੋਂ ਗਾਂ ਦੀ ਗੱਲ ਕੀਤੀ ਜਾਵੇ ਤਾਂ ਗਾਂ ਦਾ ਗੋਬਰ ਅਤੇ ਦੁੱਧ ਹੀ ਸ਼ੁੱਧ ਨਹੀਂ ਮੰਨਿਆ ਜਾਂਦਾ ਸਗੋਂ ਦੇਸੀ ਗਾਂ ਦੇ ਪਿਸਾਬ ਤੋਂ ਹੀ ਕਈ ਲੋਕ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.