ਹੁਣ ਨੀ ਲੱਗਦੇ ਦਾਤੀ ਨੂੰ ਘੁੰਗਰੂ

ਹੁਣ ਨੀ ਲੱਗਦੇ ਦਾਤੀ ਨੂੰ ਘੁੰਗਰੂ

ਹਾੜੀ ਦਾ ਸੀਜਨ ਆਉਦਿਆਂ ਹੀ ਭਾਵੇ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿੱਚ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸਾਂਭਣ ਲਈ ਭੱਜਨੱਠ ਸ਼ੁਰੂ ਹੋ ਜਾਦੀ ਹੈ ਪਰ ਇਸ ਵਿੱਚ ਪਹਿਲਾ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀ ਮਿਲਦੀ। ਜੇਕਰ ਢਾਈ-ਤਿੰਨ ਦਹਾਕੇ ਪਹਿਲਾ ਦੀ ਗੱਲ ਕਰੀਏ ਤਾਂ ਉਸ ਸਮੇ ਅੱਜ ਵਾਂਗ ਕਣਕ ਦੀ ਫ਼ਸਲ ਵੱਢਣ ਲਈ ਐਨੇ ਸਾਧਨ ਮੌਜੂਦ ਨਹੀ ਸਨ। ਉਸ ਸਮੇ ਕਿਸਾਨਾਂ ਵਲੋਂ ਆਪਸੀ ਭਾਈਚਾਰੇ ਨਾਲ ਕਣਕ ਦੀ ਫ਼ਸਲ ਵੱਢੀ ਜਾਦੀ ਸੀ।

ਵਾਢੀ ਦਾ ਸਾਰਾ ਕੰਮ ਹੀ ਲੱਗਭੱਗ ਹੱਥੀ ਕੀਤਾ ਜਾਦਾ ਸੀ। ਆਪਸੀ ਸਹਿਯੋਗ ਨਾਲ ਆਪਸ ਵਿੱਚ ਕਣਕ ਦੀ ਫ਼ਸਲ ਵੱਢਣ ਨੂੰ ਮਾਲਵਾ ਖਿੱਤੇ ਵਿੱਚ ਮੰਗ ਪਾਈ ਆਖਿਆ ਜਾਦਾ ਸੀ। ਜਿਸ ਘਰ ਵਲੋਂ ਮੰਗ ਪਾਈ ਜਾਦੀ ਸੀ ਉਸ ਘਰ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਸੀ। ਘਰ ਵਿੱਚ ਜਲੇਬੀਆਂ ਅਤੇ ਰੋਟੀਆਂ ਦਾ ਖੁੱਲਾ ਲੰਗਰ ਚਲਦਾ ਸੀ। ਆਥਣ ਵੇਲੇ ਕਣਕ ਵੱਢਕੇ ਆਏ ਵਾਢਿਆਂ ਲਈ ਵਿਸ਼ੇਸ ਖੁਰਾਕ ਦਾ ਪ੍ਰਬੰਧ ਵੀ ਜਰੂਰੀ ਤੌਰ ਤੇ ਕੀਤਾ ਜਾਦਾ ਸੀ ਤਾਂ ਕਿ ਪਿੰਡ ਵਿੱਚ ਉਨਾਂ ਨੂੰ ਕਿਸੇ ਗੱਲੋਂ ਨੀਂਵਾ ਨਾ ਵੇਖਣਾ ਪਵੇ। ਜਲੇਬੀਆਂ,ਲੰਗਰ ਵਰਤਾਉਣ ਦਾ ਕੰਮ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੂੰ ਸ਼ੌਪਿਆਂ ਜਾਦਾ ਸੀ। ਉਸ ਸਮੇ ਲੋਕ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਵੀ ਲੋਕਾਂ ਨੂੰ ਲੈ ਕੇ ਕਣਕ ਵੱਢਣ ਲਈ ਚਲੇ ਜਾਦੇ ਸਨ।

ਅਜਿਹੇ ਸਮੇ ਵਿੱਚ ਕਣਕ ਵੱਢਣ ਆਏ ਮਹਿਮਾਨਾਂ ਦੀ ਵੀ ਖੂਬ ਸੇਵਾ ਹੁੰਦੀ ਸੀ। ਇੱਕਠੇ ਹੋਏ ਲੋਕ ਆਪਸੀ ਭਾਈਚਾਰੇ ਅਤੇ ਸਾਂਝ ਨਾਲ ਇੱਕ ਦਿਨ ਵਿੱਚ ਹੀ ਕਈ-ਕਈ ਏਕੜ ਕਣਕ ਦੀ ਵਾਢੀ ਕਰ ਦਿੰਦੇ ਸਨ। ਕਣਕ ਦੇ ਵਾਢਿਆਂ ਵਿੱਚ ਪੂਰਾ ਦਮ-ਖਮ ਹੁੰਦਾ ਸੀ। ਕਣਕ ਵੱਢਦਿਆ ਹੀ ਲੋਕ ਆਪਸ ਵਿੱਚ ਸ਼ਰਤਾਂ ਵੀ ਲਾਉਦੇ ਸਨ ਅਤੇ ਵੱਧ ਥਾਂ ਵੱਢਣ ਵਾਲੇ ਨੂੰ ਘਿਉ ਦਾ ਪੀਪਾ ਦੇ ਕੇ ਉਸਦਾ ਸਨਮਾਨ ਵੀ ਕੀਤਾ ਜਾਦਾ ਸੀ। ਵਾਢੀ ਤੋ ਬਾਅਦ ਲੋਕ ਆਪਣੀ ਆਪਣੀ ਕਣਕ ਨੂੰ ਪਿੰਡ ਵਿੱਚ ਲੱਗੀ ਮਸ਼ੀਨ ਕੋਲ ਇੱਕਠੀ ਕਰਦੇ ਅਤੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ। ਪਿੰਡਾਂ ਵਿੱਚ ਉਸ ਸਮੇ ਕਣਕ ਕੱਢਣ ਵਾਲੀਆ ਕੇਵਲ ਇੱਕ- ਦੋ ਮਸ਼ੀਨਾਂ ਹੀ ਹੁੰਦੀਆ ਸਨ।

ਜਿਨਾਂ ਘਰਾਂ ਦੀ ਕਣਕ ਜ਼ਿਆਦਾ ਹੁੰਦੀ ਉਹ ਲਗਾਤਾਰ ਦਿਨ-ਰਾਤ ਕਣਕ ਦੀ ਕਢਾਈ ਵਿੱਚ ਲੱਗੇ ਰਹਿੰਦੇ। ਕਣਕ ਕੱਢਣ ਤੋ ਬਾਅਦ ਲੋਕ ਆਪਸੀ ਮਿਲਵਰਤਨ ਨਾਲ ਹੀ ਤੂੜੀ ਨੂੰ ਪੰਡਾਂ ਵਿੱਚ ਬੰਨ-ਬੰਨਕੇ ਆਪਣੇ ਸਿਰਾਂ ਤੇ ਰੱਖਕੇ ਆਪਣੇ ਆਪਣੇ ਘਰਾਂ ਤੱਕ ਪਹੁੰਚਾਉਦੇ। ਹਾੜੀ ਦੇ ਸੀਜਨ ਦੌਰਾਨ ਉਸ ਸਮੇ ਔਰਤਾਂ ਵੀ ਬਰਾਬਰ ਦਾ ਸਾਥ ਨਿਭਾਉਦੀਆਂ ਸਨ। ਇਸ ਤਰਾਂ ਕਣਕ ਦਾ ਇਹ ਸੀਜਨ ਲਗਾਤਾਰ ਦੋ-ਦੋ ਮਹੀਨੇ ਤੱਕ ਚਲਦਾ ਰਹਿੰਦਾ। ਆਥਣ ਵੇਲੇ ਹਾੜੀ ਵੱਢਕੇ ਆਏ ਕਾਮਿਆਂ ਦਾ ਥਕੇਵਾ ਲਾਹੁੰਣ ਲਈ ਆਮ ਘਰਾਂ ਵਿੱਚ ਉਨਾਂ ਨੂੰ ਸ਼ੱਕਰ ਅਤੇ ਘਿਉ ਦਿੱਤਾ ਜਾਦਾ ਤਾਂ ਕਿ ਸਰੀਰ ਦੀ ਤਾਕਤ ਲਗਾਤਾਰ ਬਣੀ ਰਹੇ। ਹਾੜੀ ਦਾ ਸਾਰਾ ਕੰਮ ਹੀ ਦਾਤੀਆਂ ਨਾਲ ਹੋਣ ਕਾਰਨ ਆਥਣ ਵੇਲੇ ਦਾਤੀਆਂ ਦੇ ਦੰਦੇ ਕਢਾਉਣ ਲਈ ਪਿੰਡਾਂ ਵਿੱਚ ਸੇਪੀ ਵਾਲੇ ਲੁਹਾਰਾਂ ਕੋਲ ਵੀ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ। ਆਮ ਲੋਕਾਂ ਨੂੰ ਦਾਤੀਆਂ ਦੇ ਦੰਦੇ ਕਢਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ।

ਸ਼ੌਕੀਨ ਵਾਢੇ ਤਾਂ ਆਪਣੀਆਂ ਦਾਤੀਆਂ ਨੂੰ ਘੁੰਗਰੂ ਵੀ ਲਗਵਾ ਕੇ ਰੱਖਦੇ ਪਰ ਹੁਣ ਤਾਂ ਆਮ ਘਰਾਂ ਵਿੱਚੋਂ ਦਾਤੀਆਂ ਵੀ ਗਾਇਬ ਹੋ ਰਹੀਆ ਹਨ। ਹੁਣ ਨਾ ਹੀ ਹਾੜੀ ਵੱਢਣ ਵਾਲੇ ਉਹ ਤਕੜੇ ਜੁਸਿੱਆਂ ਵਾਲੇ ਲੋਕ ਰਹੇ ਹਨ ਅਤੇ ਨਾ ਹੀ ਉਹ ਖੁਰਾਕਾਂ। ਘਰ ਘਰ ਵਿੱਚ ਖੜੀ ਮਸ਼ੀਨਰੀ ਨੇ ਹੁਣ ਕਣਕ ਦੀ ਵਾਢੀ ਦੇ ਕੰਮ ਨੂੰ ਅਤਿ ਸੁਖਾਲਾ ਬਣਾ ਦਿੱਤਾ ਹੈ। ਅਜੋਕੇ ਸਮੇ ਵਿੱਚ ਮਸ਼ੀਨਰੀ ਦੀ ਵਧੀ ਆਮਦ ਕਾਰਨ ਹੁਣ ਹਾੜੀ ਦਾ ਇਹ ਸੀਜਨ ਸਿਰਫ਼ 15 ਦਿਨਾਂ ਵਿੱਚ ਨਿਬੜ ਜਾਦਾ ਹੈ। ਹਾੜੀ ਦਾ ਸੀਜਨ ਸ਼ੁਰੂ ਹੁੰਦਿਆ ਹੀ ਕੰਬਾਇਨਾਂ ਦਿਨਾਂ ਵਿੱਚ ਹੀ ਖੇਤਾਂ ਨੂੰ ਖਾਲੀ ਕਰਦੀਆਂ ਹੋਈਆ ਅੱਗੇ ਵਧਦੀਆ ਹਨ ਤਾਂ ਪਿੱਛੋ ਤੂੜੀ ਬਣਾਉਣ ਵਾਲੀਆ ਮਸ਼ੀਨਾਂ ਤੂੜੀ ਬਣਾਕੇ ਟਰਾਲੀਆਂ ਵਿੱਚ ਪਾਉਦੀਆਂ ਨਜ਼ਰ ਆਉਦੀਆ ਹਨ।

ਪਿੰਡਾਂ ਵਿੱਚ ਰਹਿੰਦੇ ਆਰਥਿਕ ਪੱਖੋ ਕਮਜ਼ੋਰ ਲੋਕ ਅੱਜ ਵੀ ਹਾੜੀ ਦੇ ਸੀਜਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਕਿ ਇਸ ਸੀਜਨ ਦੌਰਾਨ ਹੀ ਉਨਾਂ ਨੇ ਆਪਣੇ ਪਰਿਵਾਰਾਂ ਲਈ ਪੂਰੇ ਸਾਲ ਦੀ ਕਣਕ ਦਾ ਜੁਗਾੜ ਕਰਨਾ ਹੁੰਦਾ ਹੈ ਪਰ ਦਿਨੋ ਦਿਨ ਕੰਮ ਦਾ ਮਸ਼ੀਨੀਕਰਨ ਹੋਣ ਨਾਲ ਇਨਾਂ ਕਾਮਿਆਂ ਨੂੰ ਵੀ ਹੁਣ ਵੱਡੀ ਮਾਰ ਪਈ ਹੈ। ਜਿੱਥੇ ਹਰੇਕ ਕਾਮੇ ਨੂੰ ਆਪਣੀ ਸਾਲ ਭਰ ਦੀ ਕਣਕ ਇੱਕਠੀ ਕਰਨ ਦਾ ਫ਼ਿਕਰ ਹੁੰਦਾ ਹੈ ਉੱਥੇ ਹੀ ਕਿਸਾਨ ਵੀ ਜਲਦੀ ਜਲਦੀ ਆਪਣੇ ਖੇਤ ਖਾਲੀ ਕਰਕੇ ਅਗਲੀ ਫ਼ਸਲ ਬੀਜਣ ਲਈ ਕਾਹਲੇ ਹੁੰਦੇ ਹਨ। ਮਸ਼ੀਨੀਕਰਨ ਦੇ ਇਸ ਯੁੱਗ ਨੇ ਭਾਵੇ ਕੰਮਾਂ ਨੂੰ ਹੁਣ ਬਹੁਤ ਹੀ ਸੁਖਾਲਾ ਬਣਾ ਦਿੱਤਾ ਹੈ ਪਰ ਹੱਥੀ ਮਿਹਨਤ ਕਰਕੇ ਆਪਣੇ ਸਾਲ ਭਰ ਦੇ ਦਾਣੇ ਇੱਕਠੇ ਕਰਨ ਵਾਲੇ ਕਿਰਤੀ ਲੋਕ ਮੁਸ਼ਕਲਾਂ ਵਿੱਚ ਹਨ।

ਏਲਨਾਬਾਦ, ਜ਼ਿਲਾ ਸਿਰਸਾ ( ਹਰਿਆਣਾ )
ਸੰਪਰਕ ਨੰ. 094670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.