ਭਾਰਤ ਧਰਮ ਨਿਰਪੱਖ ਸੀ, ਹੈ ਅਤੇ ਰਹੇਗਾ

ਭਾਰਤ ਧਰਮ ਨਿਰਪੱਖ ਸੀ, ਹੈ ਅਤੇ ਰਹੇਗਾ

ਖੁਦ ਨੂੰ ‘ਦੇਸ਼ ਦਾ ਆਗੂ’ ਦੱਸਣ ਅਤੇ ਪ੍ਰਗਟ ਕਰਨ ਵਾਲੇ ਕੁਝ ਅਪਰਾਧਿਕ ਮਾਨਸਿਕਤਾ ਦੇ ਸਿਰਫ਼ਿਰਿਆਂ ਨੇ ਮੰਨੋ ਦੇਸ਼ ‘ਚ ਅਸ਼ਾਂਤੀ ਫੈਲਾਉਣ ਦਾ ਠੇਕਾ ਲੈ ਰੱਖਿਆ ਹੋਵੇ ਆਏ ਦਿਨ ਕੋਈ ਨਾ ਕੋਈ ਕਥਿਤ ਆਪੂੰ ਬਣਿਆ ਆਗੂ ਸਮਾਜ ਨੂੰ ਤੋੜਨ ਵਾਲਾ ਕੋਈ ਨਾ ਕੋਈ ਬਿਆਨ ਦੇ ਦਿੰਦਾ ਹੈ ਉੱਧਰ ਕਾਰੋਬਾਰੀ ਮੀਡੀਆ ਆਪਣੀ ਟੀਆਰਪੀ ਸਵਾਰ ਕੇ, ਉਸ ਨੂੰ ਹੋਰ ਜ਼ਿਆਦਾ ਭੜਕਾਊ ਅਤੇ ਅੱਗ ਲਾਊ ਬਣਾ ਕੇ ਪੇਸ਼ ਕਰਦਾ ਹੈ ਕੁਝ ‘ਬਦਨਾਮ’ ਟੀ.ਵੀ. ਐਂਕਰ, ਜਿਨ੍ਹਾਂ ਨੂੰ ਗੰਭੀਰ ਪੱਤਰਕਾਰਤਾ ਤੋਂ ਜ਼ਿਆਦਾ ਚੀਕਣ-ਚਿਲਾਉਣ ਅਤੇ ਨਾਟਕ ਕਰਨ ‘ਚ ਮੁਹਾਰਤ ਹਾਸਲ ਹੈ, ਉਹ ਇਨ੍ਹਾਂ ਬਿਆਨਾਂ ਦੀ ‘ਸਰਜ਼ਰੀ’ ਸ਼ੁਰੂ ਕਰ ਦਿੰਦੇ ਹਨ ਫਿਰ ਪੁੱਛੋ ਨਾ, ਗੱਲ ਕਿਤੇ ਵੀ ਜਾ ਸਕਦੀ ਹੈ ‘ਆਦਿ ਤੋਂ ਅੰਤ’ ਤੱਕ ਦੀ ਇੱਕ ਲੰਮੀ ਬਹਿਸ ਛਿੜ ਜਾਂਦੀ ਹੈ

ਟੀ.ਵੀ. ‘ਤੇ ਆਪਣਾ ਚਿਹਰਾ ਚਮਕਾਉਣ ਦੀ ਇੱਛਾ ਰੱਖਣ ਵਾਲੇ ਕੁਝ ਲੋਟੂ ਘੱਟ-ਗਿਆਨੀ ਲੋਕ ਇਸ ਨੂੰ ਹਵਾ ਦੇਣ ਦਾ ਕੰਮ ਕਰਦੇ ਹਨ ਅਤੇ ਦੇਸ਼ ਦੇ ਘਰ-ਘਰ ‘ਚ ਛਿੜ ਜਾਂਦੀਆਂ ਹਨ, ਕੁਝ ਅਜਿਹੀਆਂ ਬਹਿਸਾਂ ਜਿਨ੍ਹਾਂ ਨਾਲ ਦੇਸ਼ ਅਤੇ ਸਮਾਜ ਨਹੀਂ ਸਗੋਂ ਘਰ ਦੇ ਰਿਸ਼ਤੇ ਵੀ ਤਿੜਕ ਜਾਂਦੇ ਹਨ ਅਤੇ ਅਫ਼ਸੋਸ ਤਾਂ ਇਹ ਕਿ ਇਹ ਸਭ ਕੁਝ ‘ਪ੍ਰਗਟਾਵੇ ਦੀ ਅਜ਼ਾਦੀ’ ਦੇ ਨਾਂਅ ‘ਤੇ ਹੀ ਕੀਤਾ ਜਾਂਦਾ ਹੈ ‘ਜ਼ਹਿਰ ਘੋਲਣ’ ਨੂੰ ਹੀ ਅਜਿਹੇ ਲੋਕ ‘ਪ੍ਰਗਟਾਵੇ ਦੀ ਅਜ਼ਾਦੀ’ ਦਾ ਨਾਂਅ ਦਿੰਦੇ ਹਨ

ਪਰੰਤੂ ਕੀ ਇਨ੍ਹਾਂ ਚੰਦ ਸਿਰਫ਼ਿਰਿਆਂ ਨੂੰ ਪ੍ਰਗਟਾਵੇ ਦੇ ਨਾਂਅ ‘ਤੇ ਇਹ ਹੱਕ ਵੀ ਹਾਸਲ ਹੈ ਕਿ ਉਹ ਖੁਦ ਨੂੰ ਆਪੇ ਕਿਸੇ ਸਮਾਜ ਜਾਂ ਧਰਮ ਵਿਸ਼ੇਸ਼ ਦਾ ਪ੍ਰਤੀਨਿੱਧ ਆਗੂ ਮੰਨਣ ਲੱਗ ਜਾਣ? ਕੀ ਅਜਿਹੇ ਲੋਕਾਂ ਨੂੰ ਕਿਸੇ ਧਰਮ ਜਾਂ ਸਮਾਜ ਦੇ ‘ਆਪੂੰ ਬਣੇ ਬੁਲਾਰੇ’ ਦੇ ਰੂਪ ‘ਚ ਆਪਣੇ ਦਿਮਾਗ ‘ਚ ਪਲਣ ਵਾਲੀ ਗੰਦਗੀ ਨੂੰ ਸਮਾਜ ‘ਚ ਘੋਲਣ ਦਾ ਹੱਕ ਵੀ ਹਾਸਲ ਹੈ? ਇਸ ਤਰ੍ਹਾਂ ਦੀਆਂ ਗੱਲਾਂ ਕੀ ਕਿਸੇ ਇੱਕ ਧਰਮ ਜਾਂ ਸਮਾਜ ਵੱਲੋਂ ਕੀਤੀਆਂ ਜਾ ਰਹੀਆਂ ਹਨ ਜਾਂ ਸੱਤਾ ਸੁਰੱਖਿਆ ‘ਚ ਵੀ ਅਜਿਹੇ ਹੀ ‘ਜ਼ਹਿਰੀਲੇ ਉਤਪਾਦ’ ਤਿਆਰ ਕੀਤੇ ਜਾ ਰਹੇ ਹਨ?

ਦੇਸ਼ ਨੇ ਪਿਛਲੇ ਦਿਨੀਂ ਪਹਿਲੀ ਵਾਰ ਵਾਰਿਸ ਪਠਾਨ ਨਾਂਅ ਦੇ ਕਿਸੇ ਆਗੂ ਦਾ ਨਾਂਅ ਸੁਣਿਆ ਜੇਕਰ ਇਹ ਵਿਅਕਤੀ ਸਮਾਜ ‘ਚ ਭਾਈਚਾਰਾ ਵਧਾਉਣ ਵਾਲਾ ਕੋਈ ਬਿਆਨ ਦਿੰਦਾ ਤਾਂ ਸ਼ਾਇਦ ਤੁਸੀਂ ਵਾਰਿਸ ਪਠਾਨ ਨਾਂਅ ਦੇ ਕਿਸੇ ਆਗੂ ਨੂੰ ਜਾਣਦੇ ਵੀ ਨਾ ਪਰ ਕਿਉਂਕਿ ਉਸ ਨੇ ਬਹੁਤ ਬੇਹੁਦਾ, ਭੜਕਾਊ ਬਿਆਨ ਦਿੱਤਾ ਸੀ ਇਸ ਲਈ ‘ਮੁੱਖਧਾਰਾ’ ਦੇ ਮੀਡੀਆ  ਨੇ ਇਸ ਬਿਆਨ ਨੂੰ ਇੱਕ ਮੌਕੇ ਦੇ ਰੂਪ ‘ਚ ਲੈਂਦੇ ਹੋਏ ਇਸ ਨੂੰ ‘ਸਜਾ-ਸਵਾਰ’ ਕੇ ਤੁਹਾਡੇ ਤੱਕ ਪਹੁੰਚਾਉਣ ‘ਚ ਕੋਈ ਕਸਰ ਨਹੀਂ ਛੱਡੀ ਵਾਰਸ ਪਠਾਨ ਹੋਵੇ ਜਾਂ ਅਸਦੂਦੀਨ ਓਵੈਸੀ, ਆਜ਼ਮ ਖਾਨ ਹੋਵੇ ਜਾਂ ਮੁਖ਼ਤਿਆਰ ਅੱਬਾਸ ਨਕਵੀ ਜਾਂ ਆਰਿਫ਼ ਮੁਹੰਮਦ ਖਾਨ ਜਾਂ ਫ਼ਿਰ ਮਰਹੂਮ ਸਈਅਦ ਸ਼ਹਾਬੂਦੀਨ ਵਰਗੇ ਆਗੂ ਰਹੇ ਹੋਣ ਕਿਸੇ ਨੂੰ ਵੀ ਇਸ ਵਹਿਮ ‘ਚ ਨਹੀਂ ਰਹਿਣਾ ਚਾਹੀਦਾ ਹੈ ਕਿ ਉਹ ਭਾਰਤੀ ਮੁਸਲਮਾਨਾਂ ਦੀ ਅਗਵਾਈ ਕਰਦੇ ਹਨ ਜਾਂ ਭਾਰਤੀ ਮੁਸਲਮਾਨਾਂ ਨੇ ਆਪਣੀ ਅਗਵਾਈ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦਿੱਤਾ ਹੈ

ਜੇਕਰ ਪ੍ਰਚਾਰ ਤੰਤਰ ਦੀ ਮੰਨੀਏ ਤਾਂ ਅਣਵੰਡੇ ਭਾਰਤ ‘ਚ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਮੁਸਲਿਮ ਆਗੂ ਦਾ ਨਾਂਅ ਮੁਹੰਮਦ ਅਲੀ ਜਿਨ੍ਹਾ ਸੀ ਬੇਸ਼ੱਕ ਉਹ ਏਨੇ ਸ਼ਕਤੀਸ਼ਾਲੀ ਸਨ ਕਿ ਭਾਰਤੀ ਮੁਸਲਮਾਨਾਂ ਦੇ ਇੱਕ ਵਰਗ ਨੂੰ ‘ਧਰਮ ਦੀ ਅਫ਼ੀਮ’ ਚਖਾਉਣ ਦੇ ਆਪਣੇ ਮਕਸਦ ‘ਚ ਕਾਮਯਾਬ ਰਹੇ ਪਰੰਤੂ ਉਹ  ਓਨੇ ਤਾਕਤਵਰ ਅਤੇ ਵੱਡੇ ਜਨਾਧਰ ਵਾਲੇ ਆਗੂ ਵੀ ਨਹੀਂ ਸਨ ਕਿ ਅਣਵੇੰਡੇ ਭਾਰਤ ਦਾ ਜ਼ਿਆਦਾਤਰ ਮੁਸਲਮਾਨ ਉਨ੍ਹਾਂ ਨਾਲ ਖੜ੍ਹਾ ਹੁੰਦਾ ਸਿਰਫ਼ ਉੱਤਰ ਭਾਰਤ ਖਾਸਕਰ ਪੰਜਾਬ ਅਤੇ ਦਿੱਲੀ ਦੇ ਹੀ ਮੁਸਲਮਾਨ ਉਨ੍ਹਾਂ ਦੇ ਬਹਿਕਾਵੇ ‘ਚ ਆਉਣ ਅੰਕੜਿਆਂ ਮੁਤਾਬਿਕ ਮੁਸਲਮਾਨਾਂ ਦਾ 78 ਫ਼ੀਸਦੀ ਪਲਾਇਨ ਮੁੱਖ ਤੌਰ ‘ਤੇ ‘ਕੱਲੇ ਪੰਜਾਬ ਤੋਂ ਹੀ ਹੋਇਆ ਸੀ

ਭਾਵ 1947 ‘ਚ ਵੀ ਜ਼ਿਆਦਾਤਰ ਭਾਰਤੀ ਮੁਸਲਮਾਨਾਂ ਨੇ ਆਪਣੀ ਹੀ ਮਾਤਭੁਮੀ ਭਾਰਤ ‘ਚ ਹਿੰਦੂ ਭਰਾਵਾਂ ਦੇ ਨਾਲ ਹੀ ਮਿਲ-ਜੁਲ ਕੇ ਰਹਿਣਾ ਯਕੀਨੀ ਕੀਤਾ ਧਰਮ ਦੇ ਨਾਂਅ ‘ਤੇ ਬਣਾਇਆ ਜਾਣ ਵਾਲਾ ਦੇਸ਼ ਪਾਕਿਸਤਾਨ ਉਸ ਸਮੇਂ ਵੀ ਵਤਨਪ੍ਰਸਤ ਭਾਰਤੀ ਮੁਸਲਮਾਨਾਂ ਦੇ ਗਲੇ ਨਹੀਂ ਉੱਤਰਿਆ

ਭਾਰਤੀ ਮੁਸਲਮਾਨਾਂ ਨੇ ਉਸ ਸਮੇਂ ਵੀ ਅਸ਼ਫ਼ਾਕਉਲ੍ਹਾ ਖਾਨ ਅਤੇ ਮੌਲਾਨਾ ਅਬੁਲ ਕਲਾਮ ਆਜਾਦ ਵਰਗੇ ਆਗੂਆਂ ਨੂੰ ਆਪਣਾ ਆਦਰਸ਼ ਮੰਨਿਆ ਅਤੇ ਮੁਹੰਮਦ ਅਲੀ ਜਿਨ੍ਹਾ ਦੇ ਮੁਸਲਿਮ ਰਾਸ਼ਟਰ ਦੇ ਝੂਠੇ ਸੁਫ਼ਨੇ ‘ਚ ਉਲਝਣ ਤੋਂ ਜ਼ਿਆਦਾ ਗਾਂਧੀ ਦੀ ਅਗਵਾਈ ਅਤੇ ਉਨ੍ਹਾਂ ਦੇ ਭਰੋਸੇ ‘ਤੇ ਧਰਮ-ਨਿਰਪੱਖ ਭਾਰਤ ਵਿਚ ਹੀ ਰਹਿਣਾ ਮੁਨਾਸਿਬ ਸਮਝਿਆ ਹੁਣ ਇਹ ਤਾਂ ਵਾਰਿਸ ਪਠਾਨ ਵਰਗੇ ਖੂਹ ਦੇ ਡੱਡੂਆਂ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਜਦੋਂ ਜਿਨ੍ਹਾ ਦੇ ਸੱਦੇ ‘ਤੇ ਦੇਸ਼ ਦਾ ਮੁਸਲਮਾਨ ਇੱਕਜੁੱਟ ਨਹੀਂ ਹੋਇਆ ਤਾਂ ਇਨ੍ਹਾਂ ਕਥਿਤ ਬਰਸਾਤੀ ਡੱਡੂਆਂ ਦੇ ਕਿਸੇ ਸੱਦੇ ‘ਤੇ ਕਿਵੇਂ ਇੱਕ ਹੋ ਜਾਵੇਗਾ? ਅਤੇ ਉਹ ਵੀ ਇਸ ਜ਼ਹਿਰੀਲੀ ਸੋਚ ਦੇ ਪਿੱਛੇ ਜੋ ਇਹ ਕਹਿੰਦੀ ਹੋਵੇ ਕਿ ਅਸੀਂ 15 ਕਰੋੜ ਹੀ 100  ਕਰੋੜ ਲੋਕਾਂ ‘ਤੇ ਭਾਰੀ ਹਾਂ?

ਜਿਨ੍ਹਾ ਤੋਂ ਲੈ ਕੇ ਅੱਜ ਤੱਕ ਭਾਰਤੀ ਮੁਸਲਮਾਨਾਂ ਨੇ ਦੇਸ਼ ਦੇ ਕਿਸੇ ਵੀ ਮੁਸਲਿਮ ਆਗੂ ਪ੍ਰਤੀ ਆਪਣਾ ਸਮੂਹਿਕ ਸਮੱਰਥਨ ਨਹੀਂ ਪ੍ਰਗਟ ਕੀਤਾ ਭਾਰਤੀ ਮੁਸਲਮਾਨਾਂ ਦੀ ਧਰਮ-ਨਿਰਪੱਖਦਾ ਦਾ ਇਸ ਤੋਂ ਵੱਡਾ ਉਦਾਹਰਨ ਹੋਰ ਕੀ ਹੋ ਸਕਦਾ ਹੈ ਕਿ ਇਸ ਕੌਮ ਨੇ ਅੱਜ ਤੱਕ ਧਰਮ ਦੇ ਨਾਂਅ ‘ਤੇ ਕੋਈ ਮੁਸਲਮਾਨ ਆਗੂ ਚੁਣਨ ਦੀ ਬਜਾਇ ਕਦੇ ਗਾਂਧੀ ‘ਤੇ ਵਿਸ਼ਵਾਸ ਕੀਤਾ ਤਾਂ ਕਦੇ ਨਹਿਰੂ ‘ਤੇ, ਅੱਜ ਵੀ ਕਦੇ ਲਾਲੂ ਯਾਦਵ ਵੱਲ ਇਹ ਕੌਮ ਦੇਖਦੀ ਹੈ ਕਦੇ ਮੁਲਾਇਮ ਸਿੰਘ ਯਾਦਵ, ਨਿਤੀਸ਼ ਕੁਮਾਰ ਜਾਂ ਮਮਤਾ ਬੈਨਰਜੀ ਵਰਗੇ ਆਗੂਆਂ  ਵੱਲ ਅੱਜ ਵੀ ਮੁਸਲਮਾਨਾਂ ‘ਚ ਜਿੰਨਾ ਜਨਾਧਾਰ ਇਨ੍ਹਾਂ ਗੈਰ-ਮੁਸਲਿਮ ਆਗੂਆਂ ਦਾ ਹੈ

ਉਨਾ ਓਵੈਸੀ ਜਾਂ ਕਿਸੇ ਵੀ ਹੋਰ ਆਗੂ ਦਾ ਨਹੀਂ ਅਜਿਹੇ ‘ਚ ਭਾਰਤੀ ਮੁਸਲਮਾਨਾਂ ਨੇ ਕਿਸੇ ਨੂੰ ਵੀ ‘ਅਸੀਂ 15 ਕਰੋੜ’ ਦੀ ਭਾਸ਼ਾ ਬੋਲਣ ਦਾ ਅਧਿਕਾਰ ਨਾ ਕੱਲ੍ਹ ਦਿੱਤਾ ਸੀ ਨਾ ਹੀ ਅੱਜ ਦੇ ਸਕਦੇ ਹਨ ਯਕੀਨਨ ਭਾਰਤੀ ਸਮਾਜ ਦਾ ਸਮੁੱਚਾ ਸਵਰੂਪ ਨਾ ਤਾਂ ਕਿਸੇ ਵਾਰਿਸ ਪਠਾਨ ਜਾਂ ਅਸਦੂਦੀਨ ਓਵੈਸੀ ਜਾਂ ਉਸ ਦੀ ਕਿਸੇ ਜ਼ਹਿਰੀਲੀ ਸੋਚ ਨੂੰ ਸਵੀਕਾਰ ਕਰਦਾ ਹੈ, ਨਾ ਹੀ ਕਿਸੇ ਗਿਰੀਰਾਜ ਸਿੰਘ, ਯੋਗੀ, ਰਾਜਾ ਸਿੰਘ, ਤੋਗੜੀਆ, ਸਾਕਸ਼ੀ ਅਤੇ ਪਰੱਗਿਆ ਵਰਗਿਆਂ ਦੀ ਸੋਚ ਨੂੰ ਭਾਰਤ ਦੀ ਸੰਸਾਰਕ ਪਛਾਣ ਗਾਂਧੀ ਦੇ ਸੱਚ ਅਤੇ ਅਹਿੰਸਾ ਦਾ ਅਨੁਸਰਨ ਕਰਨ ਵਾਲੇ ਭਾਰਤ ਦੇ ਰੂਪ ‘ਚ ਬਣੀ ਹੋਈ ਅਤੇ ਹਮੇਸ਼ਾ ਬਣੀ ਰਹੇਗੀ

ਇਹ ਗਾਂਧੀ ਦਾ ਦੇਸ਼ ਹੈ ਗੋਡਸੇ ਦਾ ਨਹੀਂ ਭਾਰਤ ਕਿਸੇ ਇੱਕ ਭਾਈਚਾਰੇ ਨੂੰ ਕਿਸੇ ਵੀ ਦੁਜੇ ਭਾਈਚਾਰੇ ‘ਤੇ ‘ਭਾਰੀ ਪੈਣ’ ਦਾ ਨਹੀਂ ਸਗੋਂ ਇੱਕ-ਦੂਜੇ ਦਾ ਗਲੇ ਲਾਉਣ ਅਤੇ ਇੱਕ-ਦੂਜੇ ਪ੍ਰਤੀ ਸਦਭਾਵਨਾ ਪ੍ਰਗਟਾਉਣ ਦਾ ਸੁਨੇਹਾ ਦਿੰਦਾ ਹੈ ਵਾਰਿਸ ਪਠਾਨ ਨੇ ਜੋ ਕਿਹਾ ਉਹ ਯਕੀਨੀ ਤੌਰ ‘ਤੇ ਇਤਰਾਜ਼ਯੋਗ ਹੈ ਪਰੰਤੂ ਉਸ ਦੇ ਜਵਾਬ ‘ਚ ਜੋ ਭਾਸ਼ਾ ਬੋਲੀ ਜਾ ਰਹੀ ਹੈ, ਉਹ ਵੀ ਬੇਹੱਦ ਖ਼ਤਰਨਾਕ ਅਤੇ ਇਤਰਾਜ਼ਯੋਗ ਹੈ ਦਰਅਸਲ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਜੇਕਰ ਭਾਰਤ ਵਾਸੀਆਂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਜਾਂ ਦੋ ਭਾਈਚਾਰਿਆਂ ਵਿਚਕਾਰ ਨਫ਼ਰਤ ਫੈਲਾਉਣ ਦਾ ਸੰਦੇਸ਼ ਦਿੰਦਾ ਹੈ, ਉਹ ਆਪਣੇ ਹੀ ਭਾਈਚਾਰੇ ਦਾ ਦੁਸ਼ਮਣ ਹੈ

ਅਜਿਹੀਆਂ ਸਾਰੀਆਂ ਜ਼ਹਿਰੀਲੀਆਂ ਅਵਾਜਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਚਾਹੇ ਉਹ ਸੱਤਾ ਵਿਰੋਧੀ ਸੰਗਠਨ ‘ਚੋਂ ਉੱਠਣ ਵਾਲੀਆਂ ਅਵਾਜਾਂ ਹੋਣ ਜਾਂ ਸੱਤਾ ਦੀ ਸੁਰੱਖਿਆ ਪਾਉਣ ਵਾਲੇ ਆਗੂਆਂ ਦੀਆਂ ਅਜਿਹੀਆਂ ਅਵਾਜਾਂ ‘ਚ ਭੇਦਭਾਵ ਕੀਤਾ ਜਾਣਾ ਵੀ ਖਤਰਨਾਕ ਹੈ ਦੇਸ਼ ਦੇ ਧਰਮ-ਨਿਰਪੱਖ ਅਤੇ ਸੱਚੇ ਦੇਸ਼ ਭਗਤਾਂ ਨੂੰ ਸਾਰੀਆਂ ਕੱਟੜਪੰਥੀ ਅਤੇ ਰਾਸ਼ਟਰ ਵਿਰੋਧੀ ਸ਼ਕਤੀਆਂ ਨੂੰ ਰਾਸ਼ਟਰਹਿੱਤ ‘ਚ ਇਹ ਸੰਦੇਸ਼ ਦੇ ਦੇਣਾ ਚਾਹੀਦਾ ਹੈ ਕਿ ਨਾਨਕ, ਕਬੀਰ, ਰਹੀਮ, ਜਾਯਸੀ, ਅਸ਼ਫਾਕਉੱਲਾ ਖਾਨ, ਵੀਰ ਅਬਦੁਲ ਹਮੀਦ ਅਤੇ ਕਲਾਮ ਦਾ ਦੇਸ਼ ਭਾਰਤ ਕੱਲ੍ਹ ਵੀ ਧਰਮ-ਨਿਰਪੱਖ ਸੀ, ਅੱਜ ਵੀ ਧਰਮ-ਨਿਰਪੱਖ ਹੈ ਅਤੇ ਭਲਕੇ ਵੀ ਧਰਮ-ਨਿਰਪੱਖ ਹੀ ਰਹੇਗਾ
ਤਨਵੀਰ ਜਾਫ਼ਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।