ਆਖ਼ਿਰ ਸਕੂਲੀ ਵਾਹਨਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਤਰਜ਼ੀਹ ਕਦੋਂ ਬਣੇਗੀ?

ਆਖ਼ਿਰ ਸਕੂਲੀ ਵਾਹਨਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਤਰਜ਼ੀਹ ਕਦੋਂ ਬਣੇਗੀ?

Safety school vehicle | ਸਕੂਲ ਵੈਨ ਹਾਦਸੇ ਦੀ ਮੰਦਭਾਗੀ ਘਟਨਾ ਨੇ ਸੂਬੇ ‘ਚ ਦੌੜਦੇ ਸਕੂਲੀ ਵਾਹਨਾਂ ਦੀ ਸੁਰੱਖਿਆ ਬਾਰੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਇਹ ਮੰਦਭਾਗੀ ਘਟਨਾ ਵਾਪਰਨ ਉਪਰੰਤ ਬੇਸ਼ੱਕ ਸੂਬਾ ਪ੍ਰਸ਼ਾਸਨ ਨੇ ਆਪਣੀ ਕੁੰਭਕਰਨੀ ਨੀਂਦ ਦਾ ਤਿਆਗ ਕਰਦਿਆਂ ਸਕੂਲੀ ਵਾਹਨਾਂ ਦੀ ਵੱਡੇ ਪੱਧਰ ‘ਤੇ ਚੈਕਿੰਗ ਕੀਤੀ ਅਤੇ ਘਟਨਾ ਵਾਪਰਨ ਦੇ ਮਹਿਜ਼ ਦੋ ਦਿਨਾਂ ਦੌਰਾਨ 4504 ਵਾਹਨਾਂ ਦੀ ਚੈਕਿੰਗ ਕਰਕੇ ਮਿਆਰਾਂ ‘ਤੇ ਖਰੇ ਨਾ ਉੱਤਰਨ ਵਾਲੇ ਤਕਰੀਬਨ 1648 ਵਾਹਨਾਂ ਦੇ ਚਲਾਨ ਕੱਟੇ ਅਤੇ 253 ਵਾਹਨਾਂ ਨੂੰ ਕਬਜ਼ੇ ‘ਚ ਲਿਆ।

ਦੋ ਦਿਨਾਂ ਦੀ ਚੈਕਿੰਗ ਦਾ ਅੰਕੜਾ ਦੱਸਦਾ ਹੈ ਕਿ ਸੜਕਾਂ ‘ਤੇ ਦੌੜਦੇ ਸਕੂਲੀ ਵਾਹਨਾਂ ਵਿੱਚੋਂ ਤਕਰੀਬਨ ਪੰਜਾਹ ਫੀਸਦੀ ਵਾਹਨ ਸੁਰੱਖਿਆ ਮਿਆਰਾਂ ‘ਤੇ ਖਰੇ ਨਹੀਂ ਉੱਤਰਦੇ। ਪਰ ਪ੍ਰਸ਼ਾਸਨਿਕ ਢਿੱਲ ਕਾਰਨ ਇਹ ਅਸੁਰੱਖਿਅਤ ਵਾਹਨ ਮਾਸੂਮਾਂ ਦੀ ਜਾਨ ਦਾ ਖੌਅ ਬਣ ਕੇ ਸੜਕਾਂ ‘ਤੇ ਦੌੜਨ ਲਈ ਆਜ਼ਾਦ ਹਨ।

ਸੜਕ ‘ਤੇ ਦੌੜਦੇ ਵਾਹਨਾਂ ਵਿੱਚੋਂ ਸਭ ਤੋਂ ਸੁਰੱਖਿਅਤ ਵਾਹਨ ਸਕੂਲੀ ਵਾਹਨ ਹੋਣਾ ਚਾਹੀਦਾ ਹੈ। ਪਰ ਸਾਡੇ ਸਭ ਉਲਟ ਹੈ ਆਮ ਵਰਤੋਂ ਵਜੋਂ ਨਕਾਰੇ ਵਾਹਨ ਸਕੂਲੀ ਵਿਦਿਆਰਥੀਆਂ ਦੀ ਢੋਆ-ਢੁਆਈ ਲਈ ਲਾ ਦਿੱਤੇ ਜਾਂਦੇ ਹਨ। ਸਕੂਲੀ ਵਾਹਨਾਂ ਵਜੋਂ ਜੁਗਾੜੀ ਵਾਹਨਾਂ ਦਾ ਇਸਤੇਮਾਲ ਵੀ ਬਿਨਾਂ ਕਿਸੇ ਡਰ-ਭੈਅ ਦੇ ਕੀਤਾ ਜਾ ਰਿਹਾ ਹੈ। ਬਹੁਤ ਘੱਟ ਸਕੂਲੀ ਵਾਹਨਾਂ ‘ਚ ਕੰਡਕਟਰ ਨਿਯੁਕਤ ਕਰਕੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਹਨ ‘ਚ ਚੜ੍ਹਾਉਣ ਅਤੇ ਉਤਾਰਨ ਦੀ ਵਿਵਸਥਾ ਕੀਤੀ ਜਾਂਦੀ ਹੈ।

ਲੌਂਗੋਵਾਲ ਵਿਖੇ ਸਕੂਲੀ ਵਾਹਨ ਨਾਲ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਸੁਰੱਖਿਅਤ ਸਕੂਲੀ ਵਾਹਨ ਮਾਸੂਮਾਂ ਦੀਆਂ ਜਿੰਦਗੀਆਂ ‘ਤੇ ਭਾਰੂ ਪੈ ਚੁੱਕੇ ਹਨ। ਵਿਦਿਆਰਥੀਆਂ ਦੇ ਆਉਣ-ਜਾਣ ਲਈ ਵਾਹਨਾਂ ਦੀ ਸਹੂਲਤ ਜ਼ਿਆਦਾਤਰ ਨਿੱਜੀ ਸਕੂਲਾਂ ਵੱਲੋਂ ਹੀ ਦਿੱਤੀ ਜਾ ਰਹੀ ਹੈ। ਇਸ ਬਦਲੇ ਇਨ੍ਹਾਂ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਚੋਖਾ ਕਿਰਾਇਆ ਵੀ ਵਸੂਲਿਆ ਜਾਂਦਾ ਹੈ। ਇਸ ਦੇ ਬਾਵਜੂਦ ਇਨ੍ਹਾਂ ਵਾਹਨਾਂ ਦੀ ਸੁਰੱਖਿਆ ਅਕਸਰ ਹੀ ਰੱਬ ਆਸਰੇ ਵਿਖਾਈ ਦਿੰਦੀ ਹੈ। ਸਕੂਲਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਖਰਚੇ ਜਰੀਏ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਢੋਆ-ਢੁਆਈ ਕੀਤੀ ਜਾ ਸਕੇ।

ਬਹੁਗਿਣਤੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਆਵਾਜਾਈ ਲਈ ਵੇਲਾ ਵਿਹਾਅ ਚੁੱਕੇ ਤੇ ਕੰਡਮ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੌਂਗੋਵਾਲ ਵਿਖੇ ਵਾਪਰੀ ਘਟਨਾ ਦਾ ਕਾਰਨ ਵੀ ਵੈਨ ਦਾ ਬਹੁਤ ਜਿਆਦਾ ਪੁਰਾਣਾ ਹੋਣਾ ਬਣਿਆ ਹੈ।

ਨਿੱਜੀ ਇਸਤੇਮਾਲ ਲਈ ਨਵੇਂ ਤੋਂ ਨਵਾਂ ਵਾਹਨ ਰੱਖਣ ਵਾਲੇ ਮਾਪੇ ਵੀ ਅਕਸਰ ਹੀ ਅੱਖਾਂ ਮੀਚ ਕੇ ਆਪਣੇ ਲਾਡਲਿਆਂ ਨੂੰ ਇਹਨਾਂ ਮੌਤ ਦੇ ਵਾਹਨਾਂ ‘ਤੇ ਸਵਾਰ ਕਰ ਦਿੰਦੇ ਹਨ। ਸਕੂਲੀ ਵਾਹਨਾਂ ਦੀ ਬੇਲਗਾਮੀ ਦਾ ਆਲਮ ਤਾਂ ਇੱਥੋਂ ਤੱਕ ਵਿਆਪਕ ਹੈ ਕਿ ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਡਰ-ਭੈਅ ਦੇ ਇਹਨਾਂ ਨੂੰ ਘਰੇਲੂ ਗੈਸ ਵਾਲੇ ਸਿਲੰਡਰਾਂ ਨਾਲ ਚਲਾ ਕੇ ਮਾਸੂਮਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ।

ਸੜਕਾਂ ‘ਤੇ ਦੌੜਦੇ ਅਨੇਕਾਂ ਸਕੂਲੀ ਵਾਹਨਾਂ ਤੋਂ ਗਾਇਬ ਨੰਬਰ ਪਲੇਟਾਂ ਵੀ ਪਰਮਿਟ ਦੇ ਘਾਲੇਮਾਲੇ ਦੀ ਗਵਾਹੀ ਭਰਦੀਆਂ ਹਨ। ਨਿਯਮਾਂ ਮੁਤਾਬਿਕ ਹਰ ਸਕੂਲ ਵਾਹਨ ਦੀ ਗਤੀ ਨਿਯਮਾਂ ਮੁਤਾਬਿਕ ਹੋਣ ਤੋਂ ਇਲਾਵਾ ਹਰ ਸਕੂਲ ਵਾਹਨ ਕੋਲ ਲੋੜੀਂਦਾ ਪਰਮਿਟ, ਬੀਮਾ, ਪ੍ਰਦੂਸ਼ਣ ਮੁਕਤ ਅਤੇ ਹੋਰ ਜਰੂਰੀ ਸਰਟੀਫਿਕੇਟ ਹੋਣੇ ਜਰੂਰੀ ਹੁੰਦੇ ਹਨ। ਪਰ ਤੇਜ਼ ਰਫਤਾਰ ਨਾਲ ਦੌੜਦੇ ਸਕੂਲੀ ਵਾਹਨਾਂ ਦੇ ਕਹਿਰ ਤੋਂ ਭਲਾ ਕੌਣ ਵਾਕਫ ਨਹੀਂ! ਸਕੂਲੀ ਵਾਹਨਾਂ ਦੀ ਤੇਜ਼ ਰਫਤਾਰੀ ਅਕਸਰ ਹੀ ਹਾਦਸਿਆਂ ਦਾ ਸਬੱਬ ਬਣ ਕੇ ਮਾਸੂਮਾਂ ਦੀ ਜਾਨ ਜੋਖਮ ‘ਚ ਪਾ ਜਾਂਦੀ ਹੈ। ਗਲੀਆਂ ਵਿੱਚੋਂ ਗੁਜ਼ਰਦੇ ਤੇਜ਼ ਰਫਤਾਰ ਸਕੂਲੀ ਵਾਹਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਨਿਰਧਾਰਤ ਨਿਯਮਾਂ ਅਨੁਸਾਰ ਹਰ ਸਕੂਲ ਕੋਲ ਵਾਹਨਾਂ ਦੀ ਪਾਰਕਿੰਗ ਲਈ ਵਿਵਸਥਾ ਹੋਣੀ ਜਰੂਰੀ ਹੈ। ਹਰ ਸਕੂਲ ਵਾਹਨ ਨੂੰ ਪੀਲਾ ਰੰਗ ਕਰਕੇ ਇਸ ਉੱਪਰ ਸਕੂਲ ਦਾ ਨਾਂਅ ਅਤੇ ਸੰਪਰਕ ਨੰਬਰ ਲਿਖਣ ਤੋਂ ਇਲਾਵਾ ਮੋਟੇ ਅੱਖਰਾਂ ‘ਚ ‘ਸਕੂਲ ਬੱਸ’ ਲਿਖਿਆ ਹੋਣਾ ਲਾਜ਼ਮੀ ਹੈ। ਕਿਸੇ ਵੀ ਵਾਹਨ ਨੂੰ ਨਿਰਧਾਰਤ ਸੀਟਾਂ ਤੋਂ ਜਿਆਦਾ ਵਿਦਿਆਰਥੀ ਲਿਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।

ਪਰ ਸਾਡੀਆਂ ਸੜਕਾਂ ‘ਤੇ ਤੂੜੀ ਵਾਂਗ ਤੁੰਨੇ ਵਿਦਿਆਰਥੀ ਢੋਂਹਦੇ ਸਕੂਲੀ ਵਾਹਨ ਆਮ ਵੇਖੇ ਜਾ ਸਕਦੇ ਹਨ। ਹਰ ਵਾਹਨ ‘ਚ ਮੁੱਢਲੀ ਸਹਾਇਤਾ ਡੱਬਾ ਅਤੇ ਅੱਗ ਬੁਝਾਊ ਯੰਤਰ ਹੋਣਾ ਵੀ ਲਾਜ਼ਮੀ ਹੈ। ਹਰ ਵਾਹਨ ਦੇ ਡਰਾਈਵਰ ਕੋਲ ਘੱਟੋ-ਘੱਟ ਪੰਜ ਸਾਲ ਦਾ ਹੈਵੀ ਵਹੀਕਲ ਡਰਾਈਵਿੰਗ ਤਜ਼ਰਬਾ ਹੋਣਾ ਚਾਹੀਦਾ ਹੈ। ਹਰ ਵਾਹਨ ਦਾ ਡਰਾਈਵਰ ਅਤੇ ਕੰਡਕਟਰ ਨਿਰਧਾਰਤ ਵਰਦੀ ‘ਚ ਹੋਣ ਦੇ ਨਾਲ-ਨਾਲ ਜੇਬ ‘ਤੇ ਉਨ੍ਹਾਂ ਦਾ ਨਾਂਅ ਤੇ ਡਰਾਈਵਰ ਦਾ ਲਾਈਸੰਸ ਨੰਬਰ ਲਿਖਿਆ ਹੋਣਾ ਜਰੂਰੀ ਹੈ।

ਸੀਟਾਂ ਦੇ ਹੇਠਾਂ ਵਿਦਿਆਰਥੀਆਂ ਦੇ ਬੈਗ ਟਿਕਾਉਣ ਲਈ ਯੋਗ ਵਿਵਸਥਾ ਦਾ ਹੋਣਾ ਵੀ ਲਾਜ਼ਮੀ ਹੈ। ਆਮ ਦਰਵਾਜ਼ਿਆਂ ਤੋਂ ਇਲਾਵਾ ਹੰਗਾਮੀ ਦਰਵਾਜ਼ੇ ਜਰੂਰੀ ਹਨ।  ਸੂਬਾ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ 07.11.2013 ਨੂੰ ਜਾਰੀ ਪੱਤਰ ਅਨੁਸਾਰ ਸਕੂਲੀ ਵਾਹਨਾਂ ਦੀ ਸੁਰੱਖਿਆ ਬਣਾਈ ਰੱਖਣ ਲਈ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਹੇਠ ਜਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਇਸ ਕਮੇਟੀ ‘ਚ ਜਿਲਾ ਟਰਾਂਸਪੋਰਟ ਅਧਿਕਾਰੀ, ਜਿਲ੍ਹਾ ਸਿੱਖਿਆ ਅਧਿਕਾਰੀ, ਟਰੈਫਿਕ ਪੁਲਿਸ ਦਾ ਐਸ.ਪੀ. ਰੈਂਕ ਅਧਿਕਾਰੀ, ਮਿਊਂਸਪਲ ਕਮੇਟੀ ਦਾ ਈ.ਓ. ਤੇ ਪੰਜਾਬ ਰੋਡਵੇਜ਼ ਦੇ ਮਕੈਨੀਕਲ ਇੰਜੀਨੀਅਰ ਸ਼ਾਮਲ ਹੋਣਗੇ। ਸਕੂਲ ਵਾਹਨਾਂ ਦੀ ਸੁਰੱਖਿਆ ਸਬੰਧੀ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਮੇਟੀ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ।

ਹੁਣ ਵੇਖਣਾ ਹੋਵੇਗਾ ਕਿ ਦਰਦਨਾਕ ਹਾਦਸਿਆਂ ਦਾ ਕਾਰਨ ਬਣ ਰਹੇ ਸਕੂਲੀ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਅਤੇ ਗਠਿਤ ਕਮੇਟੀਆਂ ਕਿੰਨੀ ਕੁ ਗੰਭੀਰਤਾ ਨਾਲ ਕਾਰਜ਼ ਕਰਨਗੀਆਂ। ਜਾਂ ਫਿਰ ਹਰ ਵਾਰ ਦੀ ਤਰ੍ਹਾਂ ਥੋੜ੍ਹੀ ਜਿਹੀ ਹਰਕਤ ਤੋਂ ਬਾਅਦ ਸਭ ਕੁਝ ਭੁੱਲ-ਭੁਲਾ ਦਿੱਤਾ ਜਾਵੇਗਾ। ਸਕੂਲੀ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਜਰੂਰਤ ਹੈ। ਮਾਸੂਮਾਂ ਦੀ ਜਾਨ ਨਾਲ ਹੋ ਰਹੇ ਖਿਲਵਾੜ ਨੂੰ ਰੋਕਣਾ ਸਾਡਾ ਸਭ ਦਾ ਫਰਜ਼ ਹੈ।
ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।